Thursday, March 15, 2012

ਬਾਲ ਮਾਨਸਿਕਤਾ ਤੇ ਅੰਧ ਵਿਸ਼ਵਾਸੀ ਸੀਰੀਅਲਾਂ ਦਾ ਪ੍ਰਭਾਵ

ਬਾਲ ਮਨ ਇੱਕ ਕੋਰੇ ਕਾਗਜ ਦੀ ਤਰਾਂ ਹੁੰਦਾ ਹੈ| ਬੱਚੇ ਆਪਣੇ ਘਰ-ਪਰਿਵਾਰ, ਸਕੂਲ, ਆਧਿਆਪਕਾਂ, ਆਲੇ-ਦੁਆਲੇ, ਦੋਸਤਾਂ-ਮਿੱਤਰਾਂ ਅਤੇ ਮੀਡੀਏ (ਟੈਲੀਵਿਜਨ) ਆਦਿ ਤੋਂ ਕਾਫੀ ਕੁੱਝ ਗ੍ਰਹਿਣ ਕਰਦੇ ਹਨ| ਬਾਲ ਉਮਰ ਵਿੱਚ ਜਿਹੋ ਜਿਹਾ ਪ੍ਰਭਾਵ, ਅਸਰ ਉਹ ਕਬੂਲਦੇ ਹਨ, ਲੰਮੇ ਸਮੇਂ ਤੱਕ ਉਸ ਵਾਰੇ ਉਹੋ ਜਿਹੀ ਹੀ ਧਾਰਨਾ ਉਨ੍ਹਾਂ ਦੇ ਅੰਦਰ ਬਣੀ ਰਹਿੰਦੀ ਹੈ| ਬੱਚੇ ਦੇ ਦਿਮਾਗ ਦਾ ਬਹੁਤ ਜਿਆਦਾ ਹਿੱਸਾ ਛੋਟੀ ਉਮਰ ਵਿੱਚ ਹੀ ਵਿਕਾਸ ਕਰਦਾ ਹੈ ਅਤੇ ਉਸ ਅੰਦਰ ਇੱਕ ਕੰਪਿਊਟਰ ਵਾਂਗ 'ਗਿਆਨ ਭੰਡਾਰ' ਕਰਨ ਦੀ ਸ਼ਕਤੀ ਹੁੰਦੀ ਹੈ| ਛੋਟੀ ਉਮਰ ਵਿੱਚ ਬਾਲਾਂ ਨੂੰ ਪਈਆਂ ਗਲਤ ਆਦਤਾਂ ਸਾਰੀ ਉਮਰ ਨਾਲ ਚਲਦੀਆਂ ਹਨ ਇਸ ਲਈ ਛੋਟੀ ਉਮਰ ਦੇ ਬਾਲਾਂ ਉੱਪਰ 'ਵੱਡਾ ਧਿਆਨ' ਕੇਂਦਰਿਤ ਕਰਨ ਦੀ ਲੋੜ ਹੈ, ਇਸ ਤੋ ਇਲਾਵਾ ਸਿਹਤ ਤੇ ਉਸ ਦੀ ਮਾਨਸਿਕਤਾ ਲਈ ਵੀ ਸ਼ੁਰੂ ਤੋਂ ਹੀ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ| ਨਿੱਕੀ - 2 ਗੱਲ ਤੇ ਬੱਚੇ ਨੂੰ ਝਿੜਕਣਾ ਜਾਂ ਉਸ ਦੀ ਇੱਛਾ ਦੇ ਵਿਰੁੱਧ ਜੋਰ ਜਬਰਦਸਤੀ ਨਾਲ ਕਿਸੇ ਕੰਮ ਪ੍ਰਤੀ ਫੋਰਸ ਕਰਨਾ ਵੀ ਉਨ੍ਹਾਂ ਦੇ ਮਾਨਸਿਕ, ਸਰੀਰਕ ਵਿਕਾਸ ਉੱਪਰ ਅਸਰ ਪਾ ਸਕਦਾ ਹੈ|
ਅਜੋਕੇ ਸਮੇਂ ਵਿੱਚ ਮੀਡੀਏ ਦਾ ਬਹੁਤ ਪ੍ਰਭਾਵ ਹੈ| ਸਮਾਜਿਕ ਪ੍ਰਾਣੀ ਜੋ ਕੁੱਝ ਅਖਵਾਰਾਂ, ਟੈਲੀਵਿਜਨਾਂ ਰਾਹੀ ਦੇਖਦੇ ਹਨ, ਉਸ ਉੱਪਰ ਹੀ ਅਮਲ ਕਰਨ ਦੀ ਕੋਸ਼ਿਸ ਵੀ ਕਰਦੇ ਹਨ| ਇੰਨ੍ਹਾਂ ਦਾ ਸਭ ਤੋਂ ਵੱਧ ਪ੍ਰਭਾਵ ਬੱਚੇ ਉੱਪਰ ਪੈਂਦਾ ਹੈ, ਕਿਉਂਕਿ ਇੱਕ ਤਾਂ ਬੱਚੇ ਟੀ ਵੀ ਜਿਆਦਾ ਦੇਖਦੇ ਹਨ, ਦੂਸਰਾ ਉਹ ਨਾ ਸਮਝ ਵੀ ਹੁੰਦੇ ਹਨ| ਬੱਚਾ ਇੱਕ ਮਿੱਟੀ ਸਮਾਨ ਹੁੰਦਾ ਹੈ, ਜਿਸ ਤਰ੍ਹਾਂ ਇੱਕ ਘੁਮਿਆਰ ਚੱਕ ਨਾਲ ਇੱਕ ਮਿੱਟੀ ਦੇ ਅੱਲਗ-ਅੱਲਗ ਤਰ੍ਹਾਂ ਦੇ ਭਾਂਡੇ ਬਣਾਉਂਦਾ ਹੈ, ਉਸੇ ਤਰ੍ਹਾਂ ਬੱਚੇ ਨੂੰ ਜਿਸ ਪਾਸੇ ਵੱਲ ਮੋੜੀਏ ਮੁੜ ਸਕਦਾ ਹੈ|
ਵੱਖ ਵੱਖ ਟੀ.ਵੀ. ਚੈਨਲਾਂ ਤੇ ਦਿਖਾਏ ਜਾਂਦੇ ਗੈਬੀ ਸ਼ਕਤੀ ਵਾਲੇ ਸੀਰੀਅਲਾਂ ਦਾ ਬੱਚਿਆਂ ਦੇ ਮਨਾਂ ਤੇ ਬੜਾ ਡੂੰਘਾ ਪ੍ਰਭਾਵ ਪੈਂਦਾ ਹੈ| ਸ਼ਕਤੀਮਾਨ, ਚੰਦਰਕਾਂਤਾ, ਜੂਨੀਅਰ ਜੀ, ਸ਼ਾਕਾ ਲਾਕਾ ਬੂਮ-ਬੂਮ, ਅਲਫਲੈਲਾ ਵਰਗੇ ਸੀਰੀਅਲਾਂ ਵਿੱਚ ਦਿਖਾਈਆਂ ਜਾਦੀਆਂ ਗੈਬੀ ਸ਼ਕਤੀਆਂ ਕਾਰਨ ਬੱਚਿਆਂ ਦੇ ਮਨਾਂ ਮੰਦਰ ਇਹ ਧਾਰਨਾ ਬਣ ਜਾਂਦੀ ਹੈ ਕਿ ਭੂਤ-ਪ੍ਰੇਤ ਨਾਂ ਦੀ ਵੀ ਕੋਈ ਸ਼ੈਅ ਹੁੰਦੀ ਹੈ ਅਤੇ ਇਹ ਸ਼ਕਤੀਆਂ ਵੀ ਕਿਸੇ ਨਾ ਕਿਸੇ ਪਾਸ ਜਰੂਰ ਹੁੰਦੀਆਂ ਹਨ| ਚੈਨਲਾਂ ਤੇ ਦਿਖਾਏ ਜਾਂਦੇ ਧਾਰਮਿਕ ਸੀਰੀਅਲ ਵੀ ਬੱਚਿਆਂ ਵਿੱਚ ਅੰਧ ਵਿਸ਼ਵਾਸ ਤੇ ਕਰਮਕਾਂਡਾ ਦੇ ਜਾਲ ਪੈਦਾ ਕਰਦੇ ਹਨ| ਭਾਵੇਂ ਇੰਨ੍ਹਾਂ ਸੀਰੀਅਲਾਂ ਦੇ ਸ਼ੁਰੂ ਵਿੱਚ ਇਹ ਕਿਹਾ ਜਾਂਦਾ ਹੈ ਕਿ ਇਹ ਸਭ ਕੁੱਝ ਕਾਲਪਨਿਕ ਹੈ, ਪਰ ਬੱਚਿਆਂ ਨੂੰ ਭਲਾ ਇਸ ਦੀ ਕੀ ਸਮਝ? ਉਹ ਤਾਂ ਜੋ ਸਕਰੀਨ ਤੇ ਦੇਖਦੇ ਹਨ ਉਸ ਨੂੰ ਹੀ ਸੱਚ ਮੰਨਦੇ ਹਨ| ਸ਼ਕਤੀਮਾਨ ਵਰਗੇ ਸੀਰੀਅਲਾਂ ਨੂੰ ਦੇਖ ਕੇ ਬੱਚਿਆਂ ਵੱਲੋਂ ਛੱਤ ਤੋਂ ਛਾਲ ਮਾਰ ਕੇ ਮਰਨ ਦੀਆਂ ਖਬਰਾਂ ਮੀਡੀਏ ਵਿੱਚ ਸੁਰਖੀਆਂ ਬਣਦੀਆਂ ਰਹੀਆਂ ਹਨ|
ਭਾਵੇਂ ਸਕੂਲਾਂ ਵਿੱਚ ਬੱਚਿਆਂ ਦੇ ਮਨ ਵਿੱਚੋਂ ਇਹ ਭੈਅ, ਧਾਰਨਾ ਕੱਢਣ ਦੇ ਯਤਨ ਕੀਤੇ ਜਾਂਦੇ ਹਨ ਕਿ ਗੈਬੀ ਸ਼ਕਤੀ ਨਾਂ ਦੀ ਕੋਈ ਚੀਜ਼ ਨਹੀ ਹੁੰਦੀ ਪ੍ਰੰਤੂ ਜਦੋਂ ਅਜਿਹੇ ਸੀਰੀਅਲਾਂ ਦੇ ਪ੍ਰਭਾਵ ਵਿੱਚ ਬੱਚੇ ਆਉਂਦੇ ਹਨ ਤਾਂ ਸਮਝਾਈ ਹੋਈ ਗੱਲ ਨਾਲੋਂ ਅੱਖੀ ਦੇਖੀ ਗੱਲ ਜਿਆਦਾ ਅਸਰ ਕਰਦੀ ਹੈ|
ਲੋੜ ਇਸ ਗੱਲ ਦੀ ਹੈ ਕਿ ਅਜਿਹੇ ਸੀਰੀਅਲਾਂ ਤੇ ਜਿੱਥੇ ਮੁੰਕਮਲ ਪਾਬੰਦੀ ਲੱਗੇ ਉੱਥੇ ਮਾਪੇ, ਆਧਿਆਪਕ ਵੀ ਬੱਚਿਆਂ ਨੂੰ ਅਜਿਹੇ ਸੀਰੀਅਲ ਨਾ ਦੇਖਣ ਲਈ ਪ੍ਰੇਰਿਤ ਕਰਨ| ਬੱਚਿਆਂ ਦੀ ਸਿਹਤ, ਮਾਨਸਿਕਤਾ ਉੱ ਪਰ ਸ਼ੁਰੂ ਵਿੱਚ ਧਿਆਨ ਦਿੱਤਾ ਜਾਵੇ| ਸੱਵਸਥ ਬਾਲ ਹੀ ਵੱਡੇ ਹੋ ਕੇ ਨਰੋਏ ਸਮਾਜ ਦੀ ਸਿਰਜਣਾ ਵਿੱਚ ਉਸਾਰੂ ਭੂਮਿਕਾ ਨਿਭਾ ਸਕਦੇ ਹਨ|

No comments:

Post a Comment