Sunday, August 1, 2010

ਮੁਕਤੀ

            “ਪੁੱਤਰ! ਮੇਰੀ ਤਾਂ ਇਹੀ ਅਰਜ਼ ਐ ਕਿ ਮੇਰੇ ਮਰਨ ਤੋਂ ਬਾਦ ਮੇਰੇ ਫੁੱਲ ਗੰਗਾ ਜੀ ਪਾ ਕੇ ਆਈਂ…।” ਮਰਨ ਕਿਨਾਰੇ ਪਏ ਬਿਸ਼ਨੇ ਬੁੜ੍ਹੇ ਨੇ ਆਪਣੇ ਇਕਲੌਤੇ ਪੁੱਤਰ ਵਿਸਾਖਾ ਸਿੰਘ ਅੱਗੇ ਤਰਲਾ ਜਿਹਾ ਕੀਤਾ ਸੀ। ਘਰ ਦੀ ਗੁਰਬਤ ਦੇ ਕਾਰਨ ਇਲਾਜ ਕਰਾਉਣਾ ਹੀ ਔਖਾ ਸੀ। ਉੱਪਰੋਂ ਮਰਨੇ ਦੇ ਖਰਚੇ, ਫੁੱਲ ਪਾਉਣ ਆਦਿ ਦੀਆਂ ਰਸਮਾਂ ਤੇ ਹੋਣ ਵਾਲੇ ਸੰਭਾਵੀ ਖਰਚਿਆਂ ਬਾਰੇ ਕਿਆਸ ਕਰ ਕੇ, ਉਹ ਧੁਰ ਅੰਦਰ ਤੱਕ ਕੰਬ ਜਾਂਦਾ ਸੀ।
            “ਲਓ ਬੱਚਾ! ਪਾਂਚ ਰੁਪਏ ਹਾਥ ਮੇਂ ਲੇਕਰ ਸੂਰਜ ਦੇਵਤਾ ਕਾ ਧਿਆਨ ਕਰੋ।” ਫੁਟਬਾਲ ਵਰਗੇ ਢਿੱਡ ਵਾਲੇ ਪੰਡੇ ਦੇ ਬੋਲਾਂ ਨੇ ਉਸਦੀ ਸੁਰਤੀ ਨੂੰ ਵਾਪਸ ਮੋੜਿਆ।
           ਗੰਗਾ ਵਿਚ ਖੜੇ ਉਸਨੂੰ ਕਾਫੀ ਸਮਾਂ ਹੋ ਗਿਆ ਸੀ। ਪੰਡਾ ਕਦੇ ਕਿਸੇ ਦੇ ਨਾਂ ਤੇ, ਕਦੇ ਕਿਸੇ ਦੇ ਨਾਂ ਤੇ, ਉਸ ਤੋਂ ਪੰਜ-ਪੰਜ, ਦਸ-ਦਸ ਕਰ ਕੇ ਰੁਪਏ ਬਟੋਰ ਰਿਹਾ ਸੀ।
           “ਏਸੇ ਕਰੋ ਬੇਟਾ! ਦਸ ਰੁਪਏ ਦਾਏਂ ਹਾਥ ਮੇਂ ਲੇਕਰ ਅਪਨੇ ਪੂਰਵਜੋਂ ਕਾ ਧਿਆਨ ਕਰੋ…ਇਸ ਸੇ ਮਰਨੇ ਵਾਲੇ ਕੀ ਆਤਮਾ ਕੋ ਸ਼ਾਤੀ ਮਿਲਤੀ ਹੈ…।”
           ਹੁਣ ਉਸ ਤੋਂ ਰਿਹਾ ਨਾ ਗਿਆ, “ਪੰਡਤ ਜੀ, ਆਹ ਕੀ ਠੱਗੀ-ਠੋਰੀ ਫੜੀ ਐ…ਇਕ ਤਾਂ ਸਾਡਾ ਬੰਦਾ ਜਹਾਨ ਤੋਂ ਚਲਾ ਗਿਆ, ਉੱਤੋਂ ਤੁਸੀਂ ਮਰੇ ਦਾ ਮਾਸ ਖਾਣੋਂ ਨਹੀਂ ਹਟਦੇ। ਇਹ ਕਿਹੋ ਜਿਹੇ ਸੰਸਕਾਰ ਨੇ?”
          “ਅਰੇ ਮੂਰਖ! ਤੁਮ੍ਹੇਂ ਪਤਾ ਨਹੀਂ ਬ੍ਰਾਹਮਣੋਂ ਸੇ ਕੈਸੇ ਬਾਤ ਕੀ ਜਾਤੀ ਹੈ! ਜਾਓ, ਮੈਂ ਨਹੀਂ ਕਰਵਾਤਾ ਪੂਜਾ। ਡਾਲੋ, ਕੈਸੇ ਡਾਲੋਗੇ ਗੰਗਾ ਮੇਂ ਫੂਲ?…ਅਬ ਤੁਮ੍ਹਾਰੇ ਬਾਪ ਕੀ ਗਤੀ ਨਹੀਂ ਹੋਗੀ…ਉਸ ਕੀ ਆਤਮਾ ਭਟਕਤੀ ਫਿਰੇਗੀ…।” ਪੰਡੇ ਨੇ ਗੁੱਸੇ ਹੁੰਦਿਆਂ ਕਿਹਾ।
          “ਬਾਪੂ ਨੇ ਜਦੋਂ ਏਥੇ ਸਵਰਗ ਨਹੀਂ ਭੋਗਿਆ…ਸਾਰੀ ਉਮਰ ਦੁੱਖਾਂ ’ਚ ਗਾਲਤੀ… ਆਹ ਤੇਰੇ ਮੰਤਰ ਕਿਹੜੇ ਸਵਰਗਾਂ ’ਚ ਵਾੜ ਦੇਣਗੇ…ਲੋੜ ਨੀਂ ਮੈਨੂੰ ਥੋਡੇ ਇਨ੍ਹਾਂ ਮੰਤਰਾਂ ਦੀ…ਜੇ ਤੂੰ ਨਹੀਓਂ ਫੁੱਲ ਪਵਾਉਂਦਾ ਤਾਂ…” ਇੰਨਾ ਕਹਿੰਦਿਆਂ ਉਸ ਨੇ ਆਪਣੇ ਹੱਥਾਂ ਵਿਚ ਫੜੇ ਫੁੱਲਾਂ ਨੂੰ ਥੋੜਾ ਨੀਵਾਂ ਕਰ ਕੇ ਗੰਗਾ ਦੀਆਂ ਲਹਿਰਾਂ ਨਾਲ ਇਕਮਿਕ ਕਰਦਿਆਂ ਫੇਰ ਕਿਹਾ, “ਲੈ ਆਹ ਪਾਤੇ।”
          ਉਸਦਾ ਇਹ ਢੰਗ ਦੇਖ ਕੇ ਪੰਡੇ ਦਾ ਮੂੰਹ ਅੱਡਿਆ ਰਹਿ ਗਿਆ।
                                                                            -0-

Saturday, July 17, 2010

ਇਕ ਗਦਰ ਹੋਰ



ਉੱਚੀ ਹਵੇਲੀ ਵਾਲੇ ਸਰਦਾਰਾਂ ਦੀ ਕੁਡ਼ੀ ਦੇ ਇਕ ਗਰੀਬ ਮੁੰਡੇ ਨਾਲ ਭੱਜਣ ਦੀ ਗੱਲ ਪੂਰੇ ਪਿੰਡ ਵਿਚ ਜੰਗਲ ਦੀ ਅੱਗ ਵਾਂਗ ਫੈਲ ਚੁੱਕੀ ਸੀ।
ਕੁਡ਼ੀ ਦੇ ਇਸ ਕਦਮ ਨੇ ਸਰਦਾਰ ਦਿਲਾਵਰ ਸਿੰਘ ਨੂੰ ਕਿਧਰੇ ਮੂੰਹ ਦਿਖਾਉਣ ਜੋਗਾ ਨਹੀਂ ਸੀ ਛੱਡਿਆ। ਉਸਨੇ ਆਪਣੀ ਬੰਦੂਕ ਨੂੰ ਲੋਡ ਕੀਤਾ ਤੇ ਮੁੰਡੇ ਦੇ ਘਰ ਵੱਲ ਨੂੰ ਚੱਲ ਪਿਆ।
ਕਿੱਥੇ ਐ ਉਹ ਭੈਣ ਦਾ…ਬਚਨੀਏ, ਸਿੱਧੀ ਹੋ ਕੇ ਦੱਸ ਕਿ ਤੇਰਾ ਮੁੰਡਾ ਮੇਰੀ ਕੁਡ਼ੀ ਨੂੰ ਕਿੱਧਰ ਲੈ ਗਿਆ?…ਮੈਂ ਤਾਂ ਸਾਲੇ ਦੇ ਸੀਰਮੇ ਪੀ ਜੂੰ…ਇਕ ਵੇਰਾਂ ਮੇਰੇ ਸਾਮ੍ਹਣੇ ਆਜੇ…ਸਾਰੀਆਂ ਗੋਲੀਆਂ ਕੇਰਾਂ ਈ ਵਿਚ ਦੀ ਕੱਢ ਦੂੰ… ਇੱਕੋ ਸਾਹੇ ਸਰਦਾਰ ਮੁੰਡੇ ਦੀ ਮਾਂ ਨੂੰ ਕਾਫੀ ਕੁਝ ਕਹਿ ਗਿਆ।
ਮੈਨੂੰ ਕੀ ਪਤਾ… ਕਿੱਧਰ ਗਿਐ… ਉਹ…।
ਚੁੱਪ ਕਰ ਬਾਹਲੀ ਚਬਰ-ਚਬਰ ਨਾ ਕਰ…ਜੇ ਦੋ ਅੱਖਰ ਪਡ਼੍ਹ ਗਿਐ ਤਾਂ ਕੀ ਅਸਮਾਨ ਨੂੰ ਟਾਕੀਆਂ ਲਾਉਣੀਆਂ ਨੇ…ਆਪਣੀ ਜਾਤ ਨੀ ਦੇਖਦੇ…ਸਰਦਾਰ ਦੀ ਇੱਜ਼ਤ ਨੂੰ ਹੱਥ ਪਾਇਐ।
…ਜਾਣਦੀ ਐਂ…ਜਾਣਦੀ ਐਂ, ਵੱਡੇ ਸਰਦਾਰ ਦੀ ਇੱਜਤ ਨੂੰ…ਆਪਣੀ ਵਾਰੀ ਹੁਣ ਸੇਕ ਲਗਦੈ…ਜਦੋਂ ਮੈਂ ਗੋਹਾ-ਕੂਡ਼ਾ ਕਰਨ ਆਉਂਦੀ ਸੀ, ਉਦੋਂ ਕਿਵੇਂ ਚੋਰੀ-ਛਿਪੇ ਸਬਾਤ ’ਚ ਲੈ ਜਾਂਦਾ ਸੈਂ…ਮੈਂ ਪਤਾ ਨੀ ਉਦੋਂ ਕੀ ਸੋਚ ਕੇ ਚੁੱਪ ਕਰ ਜਾਂਦੀ ਸਾਂ…ਪਰ ਹੁਣ ਮੇਰੀ ਗੱਲ ਕੰਨ ਖੋਲ੍ਹ ਕੇ ਸੁਣ ਲੈ…ਮੇਰਾ ਪੁੱਤ ਅੱਜ ਈ ਕਚਹਿਰੀ ’ਚੋਂ ਵਿਆਹ ਕਰਾ ਕੇ ਮੁਡ਼ੂ…ਕਰ ਲੀਂ ਜੋ ਤੇਥੋਂ ਹੁੰਦੈ…ਮੈਂ ਵੀ ਦੇਖਦੀ ਐਂ ਜ਼ੋਰ, ਤੇਰਾ ਵੱਡੇ ਸਰਦਾਰ ਦਾ।
ਬਚਨੀ ਸ਼ੀਂਹਣੀ ਬਣੀ ਖਲੋਤੀ ਸੀ।
                                                  -0-