Saturday, May 14, 2011

ਕੀਮਤ

ਮੈਂ ਕਿਹਾ ਜੀ ! ਤੁਸੀਂ ਕਦੋਂ ਦੇ ਦਾਰੂ ਪੀਣ ਲੱਗੇ ਹੋ.....ਪਤਾ ਏ ਵੇਲਾ ਕੀ ਹੋਇਆ ਏ........ਰਾਤ ਦੇ ਬਾਰਾਂ ਵੱਜਣ ਆਲੇ ਨੇ ਆਪਣਾ ਸ਼ਾਮ ਅੱਜ ਪਹਿਲੀ ਵਾਰ ਫੈਕਟਰੀ ਗਿਆ ਏ......ਤੇ ਅਜੇ ਤੱਕ ਨੀਂ ਮੁੜਿਆ..........ਮੇਰਾ ਤਾਂ ਚਿੱਤ ਊਈਂ ਘਬਰਾਈ ਜਾਂਦੈ ਭਾਗਵੰਤੀ ਆਪਣੇ ਪਤੀ ਸੇਠ ਰਾਮ ਲਾਲ ਨੂੰ ਬੋਲੀ|

ਉਹ ਕਿਹੜਾ ਬੱਚਾ ਏ ਆ ਜਾਵੇਗਾ....ਐਵੇਂ ਕਿਉਂ ਘਬਰਾਉਂਦੀ ਐਂ......ਥੌੜਾ ਟੈਮ ਹੋਰ ਦੇਖ ਲੈ.....ਨਹੀਂ ਤਾਂ ਕੋਈ ਫੋਨ-ਫੂਨ ਕਰਕੇ ਪਤਾ ਕਰਦਾਂ| ਥੋੜੇ ਸਮੇਂ ਬਾਅਦ ਦਰਵਾਜੇ ਦੀ ਘੰਟੀ ਵੱਜਣ ਨਾਲ ਹੀ ਭਾਗਵੰਤੀ ਦੇ ਸਾਹ ਵਿੱਚ ਸਾਹ ਆਉਂਦਾ ਹੈ|

ਕਿਉਂ ਪੁੱਤ ਏਨਾ ਕੁਵੇਲਾ ਕਰ ਆਇਐਂ....ਅੱਜ ਕੱਲ ਤਾਂ ਟੈਮ ਬਹੁਤ ਮਾੜਾ ਐ...ਮੇਰੀ ਤਾਂ ਜਾਨ ਮੁੱਠੀ ਵਿੱਚ ਆਈ ਪਈ ਸੀ|....ਭਾਗਵੰਤੀ ਬੋਲੀ|

ਉਏ ਕੋਈ ਫੋਨ ਹੀ ਕਰ ਦਿੰਦਾ....ਤੇਰੀ ਮਾਂ ਚਿੰਤਾ ਕਰੀ ਜਾਂਦੀ ਸੀ...’ਚੱਲ ਦੱਸ ਕਿ ਫੈਕਟਰੀ ਕਿਹੋ ਜਿਹੀ ਲੱਗੀ’ ਰਾਮ ਲਾਲ ਨੇ ਆਪਣੇ ਪੁੱਤਰ ਤੋਂ ਪੁੱਛਿਆ| ’ਫੇਕਟਰੀ ਤਾਂ ਠੀਕ ਏ ਪਾਪਾ ਜੀ....ਪਰ ਮੈਨੂੰ ਇਹ ਤਾਂ ਦੱਸੋ ਕਿ ਫੈਕਟਰੀ ਵਿੱਚ ਸਿਰਫ ਬਾਹਰਲੇ ਹੀ ਮਜ਼ਦੂਰ ਕਿਉਂ ਰੱਖੇ ਹੋਏ ਨੇ.....ਜਦੋਂ ਕਿ ਆਪਣੇ ਪੰਜਾਬੀ ਲੋਕ ਤਾਂ ਵੇਹਲੇ ਫਿਰਦੇ ਨੇ|

ਉਹ ਪੁੱਤਰਾ ! ਤੇਰੀ ਸਮਝ ਨਹੀਂ ਆਉਣਗੀਆਂ ਇਹ ਗੱਲਾਂ....|

ਕਿਵੇਂ ਪਾਪਾ ਜੀ !.....

ਤੈਨੂੰ ਤਾਂ ਪਤਾ ਈ ਏ ਕਿ ਆਪਣੀ ਫੈਕਟਰੀ ਵਿੱਚ ਕਿਹੋ-ਜਿਹਾ ਕੰਮ ਏ.......ਮਾੜੀ ਮੋਟੀ ਲਾਪਰਵਾਹੀ ਨਾਲ ਬੰਦੇ ਦੀ ਮੌਤ ਹੋ ਜਾਂਦੀ ਹੈ....ਜੇਕਰ ਇਨ੍ਹਾਂ ਚੋਂ ਕੋਈ ਮਜ਼ਦੂਰ ਮਰ-ਖਪ ਜਾਵੇ ਤਾਂ ਇਹ ਦਸ-ਵੀਹ ਹਜ਼ਾਰ ਲੈ ਕੇ ਸਮਝੌਤਾ ਕਰ ਲੈਂਦੇ ਨੇ ਤੇ ਆਪਣੇ ਆਲੇ ਲੱਖਾਂ ’ਚ ਗੱਲਾਂ ਕਰਦੇ ਨੇ...|

ਸੇਠ ਰਾਮ ਲਾਲ ਨੇ ਖਚਰੀ ਜਿਹੀ ਹਾਸੀ ਹੱਸਦੇ ਹੋਏ ਦਾਰੂ ਦਾ ਇੱਕ ਹੋਰ ਪੈਗ ਆਪਣੇ ਅੰਦਰ ਸੁੱਟ ਲਿਆ|

ਲੇਖਕ--------ਜਗਦੀਸ਼ ਰਾਏ ਕੁਲਰੀਆਂ