Wednesday, March 13, 2013

ਕੁੰਡਲੀ

ਰਿਪੋਰਟ ਸੁਣ ਕੇ ਉਹ ਸੁੰਨ ਹੋ ਕੇ ਬੈਠ ਗਈ।ਇੱਕ-ਇੱਕ ਕਰਕੇ ਪਿਛਲੀਆਂ ਗੱਲਾਂ ਉਸਦੇ ਸਾਹਮਣੇ ਘੁੰਮਣ ਲੱਗੀਆਂ… ਅਜੇ ਕੀ ਉਮਰ ਹੈ ਉਸਦੀ ਮਸਾਂ ਸਾਲ ਕੁ ਹੋਇਆ ਐ ਵਿਆਹ ਨੂੰ .. ਉਪਰੋਂ ਏਡਾ ਵੱਡਾ ਪਹਾੜ ਟੁੱਟ ਪਵੇਗਾ ਇਹ ਉਸਨੇ ਸੁਪਨੇ ਵਿੱਚ ਵੀ ਨਹੀ ਸੋਚਿਆ ਸੀ.. ਅਸਲ 'ਚ ਵਿਆਹ ਹੀ ਉਸ ਲਈ ਨਰਕ ਬਣ ਗਿਆ.. ਪੂਰੇ ਸਾਲ 'ਚ ਕਦੇ ਹੱਸ ਕੇ ਨਹੀਂ ਦੇਖਿਆ, ਮਾਪਿਆਂ ਨੇ ਤਾਂ ਬੱਸ ਇੱਕ ਜ਼ਮੀਨ ਦੇਖ ਲਈ … ਅਖੇ ਮੁੰਡਾ ਕੱਲਾ ਕਾਰਾ ਐ… ਪਾਂਡੇ ਤੋਂ ਕੁੰਡਲੀ ਵੀ ਮਿਲਾ ਲਈ ਐ, ਧੀਏ ਐਸ਼ ਕਰੇਗੀ ਐਸ਼, … ਐਸ਼.. ਕਿਹੋ ਜਿਹੀ ਐਸ਼ –ਉਸਦਾ ਸਿਰ ਚਕਰਾਉਣ ਲੱਗ ਪੈਂਦਾ ਐ। ਕਰਮਾ ਉਸਦਾ ਘਰਵਾਲਾ, ਭਾਵੇਂ ਉਸਨੇ ਕਦੇ ਉਸ ਨਾਲ ਕੁੱਟਮਾਰ ਨੀਂ ਕੀਤੀ.. ਪਰ ਵਿਆਹ ਤੋਂ ਥੋੜੇ ਦਿਨਾਂ ਬਾਅਦ ਹੀ ਪਤਾ ਲੱਗ ਗਿਆ ਸੀ ਕਿ ਉਹ ਕੋਈ ਨਸ਼ਾ ਪੱਤਾ ਕਰਦਾ ਐ.. ਉਹ ਜਦੋਂ ਦੋਵੇਂ 'ਕੱਠੇ ਹੁੰਦੇ ਤਾਂ ਉਸ ਦੀਆਂ ਬਾਹਾਂ ਇੰਝ ਲਗਦੀਆਂ ਜਿਵੇਂ ਕਿਸੇ ਨੇ ਸੁਰਾਖ ਕੀਤੇ ਹੋਣ… ਨਿੱਕੇ ਨਿੱਕੇ ਨਿਸ਼ਾਨ.. ਟੀਕਿਆਂ ਨਾਲ ਜਿਵੇਂ ਸਾਰਾ ਸਰੀਰ ਬਿੰਨ ਰੱਖਿਆ ਸੀ.. ਬੁੱਢੇ ਮਾਂ-ਬਾਪ ਨੂੰ ਟਿੱਚ ਜਾਣਦਾ ਸੀ। ਪਿਛਲੇ ਮਹੀਨੇ ਕੁ ਤੋਂ ਤਾਂ ਉਸਦਾ ਸਰੀਰ ਸੁੱਕਣ ਲੱਗਿਆ.. ਬੁਖਾਰ ਨਾ ਉਤੱਰਿਆ ਕਰੇ…ਪਹਿਲਾ ਪਿੰਡੋਂ 'ਲਾਜ ਕਰਾਂਉਦੇ ਰਹੇ ਤੇ ਅੱਜ ਅੱਕ ਕੇ ਸ਼ਹਿਰ ਵੱਡੇ ਹਸਪਤਾਲ ਲੈ ਕੇ ਆਈ…ਆਉਣ ਨੂੰ ਕੇਹੜਾ ਤਿਆਰ ਸੀ..ਅਖੇ ਮੈਂ ਨੀਂ ਜਾਣਾ…ਮੈਨੂੰ ਨੀਂ ਕੁਛ ਹੁੰਦਾ,ਬੱਸ ਦੋ ਟੀਕੇ ਲਵਾ ਦਿਓ..ਮਸਾਂ ਮਿੰਨਤਾਂ ਤਰਲੇ ਪਾਂਉਦੀ ਵੈਰੀ ਨੂੰ ਹਸਪਤਾਲ ਲੈ ਕੇ ਅੱਪੜੀ।ਸਵੇਰ ਦੇ ਖੂਨ ਦੇ ਟੈਸਟ ਲਏ ਨੇ.. ਦੁਪਿਹਰ ਰਿਪੋਟ ਆਈ…ਕਹਿੰਦੇ ਬੀਬੀ ਤੇਰੇ ਵੀ ਟੈਸਟ ਕਰਨੇ ਪੈਣਗੇ..ਮੈਂ ਕਿਹਾ ਜੀ ਮੈਨੂੰ ਤਾਂ ਕੋਈ ਮਰਜ਼ ਨਹੀਂ..ਅਖੇ ਤੇਰੇ ਵੀ ਜਰੂਰੀ ਨੇ..ਕਹਿੰਦੇ ਬਾਦ 'ਚ ਕੱਠੀ ਰਿਪੋਟ ਦੱਸਾਂਗੇ… ਕਾਲਾ ਜਾ ਫੀਤਾ ਬਾਂਹ 'ਚ ਪਾ ਕੇ ਪੂਰੀ ਸਰਿੰਜ ਖੂਨ ਦੀ ਭਰ ਲੀ..ਸਾਰੀ ਉਮਰ ਮੈਂ ਟੀਕੇ ਤੋਂ ਡਰਦੀ ਰਹੀ ਪਰ ਅੱਜ ਇਸ ਚੰਦਰੇ ਕਾਰਨ ਮੂੰਹੋਂ ਊਂ ਤੱਕ ਨਾ ਨਿਕਲੀ। ਆਖਿਰ ਰਿਪੋਟਾਂ ਆ ਗਈਆ.. ਹਸਪਤਾਲ ਦੀ ਬੀਬੀ ਨੇ ਸਾਨੂੰ ਲੰਮਾ ਚੌੜਾ ਸਮਝਾ ਕੇ ਰੈੱਡ ਰਿਬਨ ਦੀ ਤਸਵੀਰ ਵਾਲੇ ਪੋਸਟਰ ਵੱਲ ਇਸ਼ਾਰਾ ਕੀਤਾ..ਤਾਂ ਥਾਏਂ ਬੈਠੀ ਦਾ ਸਰੀਰ ਮਿੱਟੀ ਬਣ ਗਿਆ..ਡਮਾਕ ਕੰਮ ਨਹੀਂ ਕਰ ਰਿਹਾ… ਕੀ ਕਰਾਂ.. ਹਾਏ ਵੇ ਮੇਰਿਆ ਰੱਬਾ ਤੂੰ ਕੇਹੜੇ ਕਰਮਾਂ ਦਾ ਬਦਲਾ ਲਿਐ ਮੈਥੋਂ… ਬਾਪੂ ਮੇਰੇ ਨੇ ਵਿਆਹ ਵੇਲੇ ਬਥੇਰੀਆਂ ਕੁੰਡਲੀਆਂ ਟੇਵੇ ਮਿਲਾਏ..ਪਰ ਕੀ ਫੈਦਾ ਮੇਰਿਆਂ ਬਾਬਲਾ।ਰਿਬਨ.. ਕੁੰਡਲੀ…ਟੀਕੇ.. ਇੱਜ਼ਤ ਵਰਗੇ ਸ਼ਬਦ ਲਗਾਤਾਰ ਦਿਮਾਗ 'ਚ ਘੁੰਮਦੇ ਨੇ…ਲਗਦੈ ਮੇਰਾ ਸਿਰ ਹੁਣੇ ਪਾਟ ਜਾਵੇਗਾ.. ਮੈਂ ਆਪਣੇ ਸਿਰ ਨੂੰ ਦੋਵਾਂ ਹੱਥਾਂ ਨਾਲ ਜ਼ੋਰ ਦੀ ਘੁੱਟਿਆ ਐ.. ਤੇ ਇਕਦਮ ਖਿਆਲ ਆਇਆਂ ਕਿ ਹੁਣ ਕੀ ਪਿਐ ਏਥੇ ..ਕਿਉਂ ਨਾ ਆਪਣੇ ਆਪ ਨੂੰ ਖਤਮ ਕਰ ਲਵਾਂ… ਸੁੰਨ ਜਿਹੀ ਹੋਈ ਆਪਣੇ ਆਪ ਨਾਲ ਗੱਲਾਂ ਕਰਦੀ ਹਾਂ। ਅਚਾਨਕ ਹਸਪਤਾਲ ਦੀ ਬੀਬੀ ਦੀਆਂ ਗੱਲਾਂ ਦਿਮਾਗ 'ਚ ਗੂੰਜਦੀਆਂ ਨੇ… 'ਬੀਬੀ ਘਬਰਾਉਣ ਦੀ ਲੋੜ ਨੀਂ.. ਤੁਸੀਂ ਲੰਮਾ ਸਮਾਂ ਜਿਉ ਸਕਦੇ ਹੋ..ਪਰ ਤਹਾਨੂੰ ਆਪਣੇ ਅੰਦਰ ਜਿਊਣ ਦੀ ਇੱਛਾ ਸ਼ਕਤੀ ਜਗਾਉਣੀ ਪਵੇਗੀ..ਹੌਸਲੇ ਨਾਲ ਵੱਡੀਆ ਵੱਡੀਆ ਲੜਾਈਆਂ ਜਿੱਤੀਆਂ ਜਾ ਸਕਦੀਆ ਨੇ।" ਮੈਂ ਆਪਣਾ ਪਹਿਲਾ ਖਿਆਲ ਤਿਆਗ ਕੇ ਆਪਣੇ ਪਤੀ ਨੂੰ ਘਰ ਲਿਜਾਉਣ ਵਾਸਤੇ ਉੱਠ ਪੈਂਦੀ ਹਾਂ।