ਜਿਸ ਤਰ੍ਹਾਂ ਸਾਡੇ ਦੇਸ਼ ਵਿੱਚ ਬੱਚਿਆਂ ਨੂੰ; ਅਧਿਆਪਕਾਂ ਨੂੰ; ਅਪਾਹਜਾਂ ਨੂੰ, ਵਿਗਿਆਨ ਆਦਿ ਨੂੰ ਸਮਰਪਿਤ ਵਿਸ਼ੇਸ਼ ਦਿਨ ਮਨਾਏ ਜਾਂਦੇ ਹਨ, ਉਸ ਤਰ੍ਹਾਂ ਮਹਿਲਾ ਵਰਗ ਦੇ ਮਾਣ ਸਨਮਾਨ ਨੂੰ ਉੱਚਾ ਚੁੱਕਣ ਲਈ 8 ਮਾਰਚ ਨੂੰ ਮਹਿਲਾ ਦਿਵਸ ਮਨਾਇਆ ਜਾਂਦਾ ਹੈ| ਇਹ ਦਿਨ ਵਿਸ਼ਵ ਭਰ ਵਿੱਚ ਮਹਿਲਾਵਾਂ ਦੇ ਕੌਮਾਂਤਰੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ| ਇਸ ਦਿਨ ਸਾਰੇ ਸੰਸਾਰ ਦੀਆਂ ਔਰਤਾਂ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੀਆਂ ਹਨ|
1910 ਈ. ਵਿੱਚ ਜਰਮਨੀ ਦੇ ਇੱਕ ਸ਼ਹਿਰ ਵਿੱਚ ਔਰਤਾਂ ਦੀ ਹੋਈ ਭਾਰੀ ਕਾਨਫਰੰਸ ਦੌਰਾਨ ਇਹ ਦਿਹਾੜਾ ਹੋਂਦ ਵਿੱਚ ਆਇਆ| ਇਸ ਦਿਹਾੜੇ ਤੇ ਸਰਕਾਰਾਂ ਵੱਲੋਂ ਔਰਤਾਂ ਦੇ ਹੱਕ ਵਿੱਚ ਐਲਾਨ ਕੀਤੇ ਜਾਂਦੇ ਹਨ, ਪਰ ਹਕੀਕਤ ਵਿੱਚ ਕੁਝ ਖਾਸ ਇਸ ਵਰਗ ਲਈ ਨਹੀਂ ਕੀਤਾ ਜਾਂਦਾ| ਲੋੜ ਹੈ ਕਿ ਇਸ ਗੱਲ ਦਾ ਲੇਖਾ ਜੋਖਾ ਕੀਤਾ ਜਾਵੇ ਕਿ ਪਿਛਲੀਆਂ ਸਰਕਾਰਾਂ ਨੇ ਇਸ ਵਰਗ ਲਈ ਕੀ ਵਿਸ਼ੇਸ਼ ਐਲਾਨ ਕੀਤੇ ਹਨ| ਕਿੰਨੇ ਐਲਾਨਾਂ ਨੂੰ ਅਮਲੀ ਜਾਮਾਂ ਪਹਿਨਾਇਆ ਗਿਆ ਅਤੇ ਕਿੰਨੇ ਬਾਕੀ ਹਨ?
ਹੁਣ ਮਹਿਲਾਂ ਰਿਜ਼ਰਵੇਸ਼ਨ ਬਿੱਲ ਨੂੰ ਹੀ ਲੈ ਲਵੋ| ਸੰਸਦ ਤੋਂ ਬਾਹਰ ਤਾਂ ਹਰ ਇੱਕ ਨੇਤਾ ਔਰਤਾਂ ਨੂੰ ਬਰਾਬਰ ਅਧਿਕਾਰ ਦੇਣ ਤੇ ਰਿਜ਼ਰਵੇਸ਼ਨ ਸੰਸਦ ਤੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦੇਣ ਦੀ ਵਕਾਲਤ ਕਰਦੇ ਹਨ, ਪਰ ਜਦੋਂ ਸੰਸਦ ਵਿੱਚ ਬਿੱਲ ਪੇਸ਼ ਹੁੰਦਾ ਹੈ ਤਾਂ ਇੱਕ ਦੁਸਰੇ ਦੀਆਂ ਲੱਤਾਂ ਖਿੱਚਣ ਲੱਗ ਜਾਂਦੇ ਹਨ, ਫਿਰ ਬਾਹਰ ਆ ਕੇ ਇੱਕ ਦੂਸਰੇ ਨੂੰ ਦੋਸ਼ੀ ਠਹਿਰਾ ਕੇ ਆਪ ਸੱਚੇ ਬਣਨ ਦੀ ਕੋਸ਼ਿਸ਼ ਕਰਦੇ ਹਨ| ਆਖਿਰ ਇਸ ਤਰ੍ਹਾਂ ਕਦ ਤਕ ਹੁੰਦਾ ਰਹੇਗਾ?
ਅਕਸਰ ਕਿਹਾ ਜਾਂਦਾ ਹੈ ਕਿ ਬੀਤੇ ਸਮੇਂ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਜਾਂ ਗੁੱਤ ਪਿੱਛੇ ਮੱਤ ਵਾਲੀ ਸਮਝਿਆ ਜਾਂਦਾ ਰਿਹਾ ਹੈ, ਪਰ ਅੱਜ ਦੇ ਸਮਾਜ ਵਿੱਚ ਔਰਤਾਂ ਨੂੰ ਪੂਰਨ ਬਰਾਬਰੀ ਵਾਲਾ ਦਰਜਾ ਪ੍ਰਾਪਤ ਹੈ| ਕੀ ਇਹ ਸਚਮੁੱੱਚ ਸੱਚ ਹੈ? ਨਹੀਂ, ਔਰਤ ਵਰਗ ਅੱਜ ਵੀ ਜ਼ੁਲਮ ਅਤੇ ਗੈਰ ਬਰਾਬਰੀ ਦਾ ਪੂਰੀ ਤਰ੍ਹਾਂ ਸ਼ਿਕਾਰ ਹੈ| ਪ੍ਰਮਾਣ ਵਜੋਂ ਇਸ ਦੇ ਕੁਝ ਉੱਗੜਵੇਂ ਨਮੂਨੇ ਦੇਖੇ ਜਾ ਸਕਦੇ ਹਨ| ਬਿਹਾਰ ਵਰਗੇ ਸੂਬੇ ਦੇ ਕਟਿਹਾਰ ਜ਼ਿਲ੍ਹੇ ਵਿੱਚ ਨਵ-ਜੰਮ੍ਹੀਆਂ ਕੁੜੀਆਂ ਨੂੰ ਉਹਨਾਂ ਦੇ ਮਾਪਿਆਂ ਵੱਲੋਂ ਕਹਿਣ ਤੇ ਦਾਈਆਂ ਵੱਲੋਂ ਵੱਖ-ਵੱਖ ਘਿਨਾਉਣੇ ਢੰਗਾਂ ਨਾਲ ਮਾਰ ਦੇਣ ਦੇ ਹੌਲਨਾਕ ਵੇਰਵੇ ਅਖਬਾਰਾ ਰਸਾਲਿਆਂ ਨੇ ਸਾਹਮਣੇ ਲਿਆਂਦੇ ਹਨ| ਇਹ ਵੀ ਦੱਸਿਆ ਗਿਆ ਹੈ ਕਿ ਤਾਮਿਲਨਾਡੂ ਵਿੱਚ ਜਿਨ੍ਹਾਂ ਔਰਤਾਂ ਦੇ ਔਲਾਦ ਪੈਦਾ ਨਹੀਂ ਹੁੰਦੀ ਉਹਨਾਂ ਨੂੰ ਕਿੱਲਾਂ ਤੇ ਨੋਚਿਆ ਜਾਂਦਾ ਹੈ| ਤਾਮਿਲਨਾਡ ਦੇ
ਵੇਦ ਏਕਵਾਂ ਸਵਾਮੀ ਸੰਪਰਦਾਇ ਦੇ ਪੁਜਾਰੀ ਤੇਜ਼ਧਾਰ ਵਾਲੀਆਂ ਕਿੱਲਾਂ ਆਪਣੀਆਂ ਚੱਪਲਾਂ ਜਾਂ ਜੁੱਤੀਆਂ ਹੇਠਾਂ ਲਗਾ ਕੇ ਉਹਨਾਂ ਔਰਤਾਂ ਦੇ ਉੱਪਰੋਂ ਦੀ ਗੁਜਰਦੇ ਹਨ| ਜਿਨ੍ਹਾਂ ਦੀ ਕੁੱਖੋਂ ਔਲਾਦ ਪੈਦਾ ਨਹੀਂ ਹੁੰਦੀ| ਆਂਧਰਾ ਪ੍ਰਦੇਸ਼ ਦੇ ਏਲਾਰੂ ਪਿੰਡ ਬਾਰੇ ਵੀ ਲਿਖਿਆ ਹੈ ਜਿੱਥੇ ਔਰਤਾਂ ਦੀ ਖੁੱਲ੍ਹੀ ਨੀਲਾਮੀ ਲੱਗਦੀ ਹੈ| ਇਸ ਤੋਂ ਇਲਾਵਾ ਰਾਜਸਥਾਨ ਦੇ ਟੌਂਕ ਜ਼ਿਲ੍ਹੇ ਦੀ ਇਕ ਬਰਾਦਰੀ ਬਾਰੇ ਵੀ ਲਿਖਿਆ ਗਿਆ ਹੈ ਕਿ ਉਸ ਬਰਾਦਰੀ ਦੀਆਂ ਲੜਕੀਆਂ ਨੂੰ ਵਿਆਹ ਤੋਂ ਬਾਅਦ ਕੁੱਕਰੀ ਯਾਨੀ ਕਿ ਕੁਆਰਾਪਨ ਦਾ ਟੈਸਟ ਦੇਣਾ ਪੈਂਦਾ ਹੈ| ਕੁੱਕਰੀ ਟੈਸਟ ਵਿੱਚ ਪੂਰਾ ਨਾ ਉਤਰਨ ਵਾਲੀ ਕੁੜੀਆਂ ਤੋਂ ਅਗਨੀ ਪ੍ਰੀਖਿਆ ਲਈ ਜਾਂਦੀ ਹੈ| ਜਿਸ ਵਿਚ ਕਈ ਕੁੜੀਆਂ ਨੂੰ ਜ਼ਿੰਦਗੀ ਤੋਂ ਹੱਥ ਵੀ ਧੋਣੇ ਪੈਂਦੇ ਹਨ|
ਔਰਤਾਂ ਉੱਪਰ ਜ਼ੁਲਮਾਂ ਦੀ ਗੱਲ ਸਿਰਫ ਬਿਹਾਰ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਰਾਜਸਥਾਨ ਵਰਗੇ ਸੂਬਿਆਂ ਤੱਕ ਹੀ ਸੀਮਿਤ ਨਹੀਂ ਬਲਕਿ ਦਾਜ-ਦਹੇਜ ਦੇ ਜਾਇਦਾਦ ਲਈ ਪੰਜਾਬ ਵਰਗੇ ਸਿਰੇ ਦੇ ਵਿਕਸਤ ਸੂਬੇ ਵਿੱਚ ਵੀ ਰੋਜ਼ਾਨਾ ਬੇਗੁਨਾਹ ਲੜਕੀਆਂ ਅਤੇ ਔਰਤਾਂ ਨੂੰ ਕਿਵੇਂ ਕੋਹਿਆ ਜਾ ਰਿਹਾ ਹੈ| ਇਹ ਤੁਸੀਂ ਰੋਜ਼ਾਨਾ ਅਖਬਾਰਾਂ ਉੱਤੇ ਸਰਸਰੀ ਨਜਰ ਮਾਰ ਕੇ ਦੇਖ ਸਕਦੇ ਹੋ| ਕਿੰਨੀਆਂ ਹੀ ਲੜਕੀਆਂ ਨੂੰ ਦਹੇਜ਼ ਰੂਪੀ ਦੈਂਤ ਨਿਗਲ ਰਿਹਾ ਹੈ ਅਤੇ ਕਿੰਨੀਆਂ ਹੀ ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਹਨ| ਸਾਡੇ ਦੇਸ਼ ਵਿੱਚ ਤੰਦੂਰ ਕਾਂਡ, ਸ਼ਿਵਾਨੀ ਕਾਂਡ,
ਕੇਤੀਆ ਕਾਂਡ, ਜੈਸਿਕਾ ਲਾਲ ਹੱਤਿਆ ਕਾਂਡ, ਕਿਰਨਜੀਤ ਕੌਰ ਕਤਲ ਅਤੇ ਬਲਾਤਕਾਰ ਕਾਂਡ ਵਰਗੇ ਘਿਨਾਉਣੇ ਅਪਰਾਧ ਕਾਂਡ ਵਾਪਰ ਚੁੱਕੇ ਹਨ| ਵਿਆਹ ਤੋਂ ਬਾਅਦ ਸੰਤਾਨ ਨਾ ਹੋਣ ਤੇ ਵੀ ਸਿਰਫ ਔਰਤ ਨ ੂ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ| ਅੱਜ ਦੇ ਪੁਰਸ਼ ਪ੍ਰਧਾਨ ਸਮਾਜ ਵਿੱਚ ਪੁਰਸ਼ ਕਿਤੇ ਨਾ ਕਿਤੇ ਔਰਤ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ| ਕਿਸੇ ਵੀ ਚੀਜ਼ ਦੀ ਮਸ਼ਹੂਰੀ ਕਰਨੀ ਹੋਵੇ ਤਾਂ ਉਸ ਤੇ ਔਰਤ ਦੀ ਫੋਟੋ ਚਿਪਕਾ ਦਿੱਤੀ ਜਾਂਦੀ ਹੈ| ਚਾਹੇ ਉਸ ਚੀਜ਼ ਨਾਲ ਔਰਤ ਦਾ ਦੂਰ ਦਾ ਵੀ ਵਾਸਤਾ ਨਾ ਹੋਵੇ| ਸੁੰਦਰਤਾ ਮੁਕਾਬਲਿਆਂ, ਫੈਸ਼ਨ ਸ਼ੋਆਂ ਦੀ ਆੜ ਵਿੱਚ ਔਰਤ ਦਾ ਸ਼ੋਸ਼ਣ ਹੋ ਰਿਹਾ ਹੈ| ਅੱਜ ਦਾ ਵਿਗਿਆਨਕ ਯੁੱਗ ਵੀ ਔਰਤਾਂ ਲਈ ਵਰਦਾਨ ਦੀ ਥਾਂ ਸਰਾਪ ਹੀ ਬਣਦਾ ਜਾ ਰਿਹਾ ਹੈ| ਪੁਰਾਣੇ ਸਮੇਂ ਦੀ ਸਤੀ ਪ੍ਰਥਾ ਦੇ ਵਾਂਗ ਇਸ ਦਾ ਆਧੁਨਿਕ ਰੂਪ ਸਾਹਮਣੇ ਆ ਰਿਹਾ ਹੈ| ਅੱਜ ਦੇ ਯੁੱਗ ਵਿੱਚ ਲੜਕੀ ਜੰਮਣ ਤੋਂ ਪਹਿਲਾਂ ਹੀ ਢਿੱਡ ਵਿੱਚ ਕਤਲ ਕਰ ਦਿੱਤੀ ਜਾਂਦੀ ਹੈ| ਭਰੂਣ ਟੈਸਟਾਂ ਰਾਹੀਂ ਕੁੜੀਆਂ ਦੇ ਹੋ ਰਹੇ ਕਤਲਾਂ ਕਾਰਨ ਹੀ ਮਰਦਾਂ ਪਿੱਛੇ ਔਰਤਾਂ ਦੀ ਗਿਣਤੀ ਘੱਟ ਰਹੀ ਹੈ| ਅੰਕੜੇ ਦੱਸਦੇ ਹਨ ਕਿ ਪੰਜਾਬ ਵਿੱਚ 1000ਮਰਦਾਂ ਦੇ ਮੁਕਾਬਲੇ 823 ਔਰਤਾਂ ਹਨ ਜਦ ਕਿ 0-6 ਸਾਲ ਦੇ ਗਰੁੱਪ ਤੱਕ 723 ਗਿਣਤੀ ਆਉਂਦੀ ਹੈ ਜੋਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ| ਹੁਣ ਪੰਜਾਬ ਅਤੇ ਭਾਰਤ ਵਿੱਚ ਭਰੂਣ ਟੈਸਟ ਕਰਵਾਉਣ ਦਾ ਰੁਝਾਣ ਵਧਦਾ ਜਾ ਰਿਹਾ ਹੈ| ਪੇਂਡੂ ਲੋਕਾਂ ਤੱਕ ਵੀ ਇਸ ਦੀ ਪਹੁੰਚ ਹੋ ਗਈ ਹੈ| ਭਾਵੇਂ ਭਰੂਣ ਹੱਤਿਆ ਵਿਰੋਧੀ ਕਾਨੂੰਨ ਬਣ ਚੁੱਕਾ ਹੈ| ਪਰ ਇਹ ਘਿਣਾਉਣਾ ਪਾਪ ਕਰਨ ਵਾਲੇ ਸ਼ਖਸ਼ ਆਪਣੀਆਂ ਕਰਤੂਤਾਂ ਤੋਂ ਬਾਜ ਨਹੀਂ ਆਉਂਦੇ| ਪਾਤੜਾਂ ਨੇੜੇ ਫੜੇ ਇੱਕ ਨੀਮ ਹਕੀਮ ਦਾ ਕਿੱਸਾ ਤਾਂ ਸਾਰੇ ਹੀ ਜਾਣਦੇ ਹੋਣਗੇ| ਕਿ ਕਿਸ ਤਰ੍ਹਾਂ ਉਸਨੇ ਇਹ ਸਮਾਜ ਵਿਰੋਧੀ ਕੰਮ ਕਰਕੇ ਕੁੜੀਆਂ ਦੇ ਭਰੂਣਾਂ ਦਾ ਖੂਹ ਭਰ ਦਿੱਤਾ ਸੀ|
ਅੱਜ ਦੇ ਬਹੁਤੇ ਗੀਤਕਾਰ ਅਤੇ ਗਾਇਕ ਵੀ ਔਰਤ ਜਾਤੀ ਦੇ ਮਾਣ ਸਨਮਾਨ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ ਉਹਨਾਂ ਕੋਲ ਔਰਤਾਂ ਲਈ ਸਿਰਫ ਬੇਵਫਾ, ਧੋਖੇਬਾਜ, ਮਸ਼ੂਕ ਤੇ ਕੁਪੱਤੀ ਵਰਗੇ ਵਿਸ਼ੇਸ਼ਣ ਹੀ ਰਾਖਵੇਂ ਹਨ| ਉਹਨਾਂ ਨੂੰ ਔਰਤਾਂ ਦੇ ਗੁਣ ਅਤੇ ਖਾਸੀਅਤਾਂ ਨਜ਼ਰੀ ਨਹੀਂ ਆਉਂਦੀਆਂ, ਜਦੋਂ ਕਿ ਅੱਜ ਵੱਖ-ਵੱਖ ਖੇਤਰਾਂ ਵਿੱਚ ਔਰਤਾਂ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨ ਵਿੱਚ ਮਰਦਾਂ ਨਾਲੋਂ ਕਿਤੇ ਅੱਗੇ ਹਨ | ਪਿੱਛੇ ਜਿਹਹੇ ਹੋਈ ਕੌਮਾਂਤਰੀ ਖੇਡਾਂ ਵਿੱਚ ਸੌ ਕਰੋੜ ਲੋਕਾਂ ਦੀ ਕਰਨਮ ਮਲੇਸ਼ਵਰੀ ਨੇ ਲਾਜ ਰੱਖੀ| ਇਸ ਤੋਂ ਇਲਾਵਾ ਟੈਨਿਸ ਵਿੱਚ ਸਾਨੀਆ ਮਿਰਜ਼ਾ, ਕਲਪਨਾ ਚਾਵਲਾ, ਅੰਜੂ ਜਾਰਜ, ਕਿਰਨ ਬੇਦੀ ਅਤੇ ਇੰਦਰਾ ਗਾਂਧੀ, ਰਾਣੀ ਲਕਸ਼ਮੀ ਬਾਈ ਜਿਹੀਆਂ ਔਰਤਾਂ ਨੇ ਵੀ ਇਸ ਧਰਤੀ ਤੇ ਪੈਦਾ ਹੋ ਕੇ ਭਾਰਤ ਵਿੱਚ ਇਸਤਰੀ ਦਾ ਜੁਝਾਰੂ ਰੂਪ ਦਰਸਾਇਆ ਅਤੇ ਭਾਰਤ ਦਾ ਨਾਂਅ ਦੁਨੀਆਂ ਦੇ ਕੋਨੇ ਕੋਨੇ ਵਿੱਚ ਰੋਸ਼ਨ ਕੀਤਾ| ਇਹਨਾਂ ਵਿੱਚੋਂ ਕਲਪਨਾ ਚਾਵਲਾ ਨੇ ਤਾਂ ਪੁਲਾੜ ਵਿੱਚ ਵੀ ਭਾਰਤ ਦਾ ਝੰਡਾ ਲਹਿਰਾਉਣ ਦਾ ਮਾਣ ਹਾਸਲ ਕੀਤਾ|
ਤਕ ਫਿਰ ਔਰਤਾਂ ਨੂੰ ਮਰਦਾਂ ਦੇ ਬਰਾਬਰ ਮਾਨਤਾ ਕਿਉਂ ਨਹੀਂ? ਕਿਉਂ ਸਰਕਾਰ ਔਰਤਾਂ ਉੱਤੇ ਢਾਹੇ ਜਾਂਦੇ ਜ਼ੁਲਮਾਂ ਅਤੇ ਹੱਤਿਆਵਾਂ ਵਿਰੁੱਧ ਆਪਣੇ ਬਣਾਏ ਕਾਨੂੰਨਾ ਨੂੰ ਸਖਤੀ ਨਾਲ ਲਾਗੂ ਨਹੀਂ ਕਰਦੀ? ਕਿਉਂ ਔਰਤਾਂ ਨੂੰ ਅਜੇ ਵੀ ਜੀਵਨ ਦੇ ਵੱਖ ਵੱਖ ਖੇਤਰਾਂ ਵਿੱਚ ਜੁਲਮ ਅਤੇ ਵਿਤਕਰੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ| ਕੇਵਲ ਮਹਿਲਾ ਦਿਵਸ ਮਨਾਉਣ ਨਾਲ ਉਪਰੋਕਤ ਗੱਲਾਂ ਦਾ ਹੱਲ ਨਹੀਂ ਲੱਭਿਆ ਜਾ ਸਕਿਆ |
ਇਹਨਾਂ ਦਾ ਹੱਲ ਲੱਭਣ ਲਈ ਔਰਤਾਂ ਨੂੰ, ਮਹਿਲਾ ਜਥੇਬੰਦੀਆਂ ਤੇ ਸਮਾਜ
ਸੇਵੀ ਸੰਸਥਾਵਾਂ ਨੂੰ ਵੱਡੇ ਪੱਧਰ ਤੇ ਜਾਗ੍ਰਿਤ ਹੋਣਾ ਪਵੇਗਾ|
No comments:
Post a Comment