ਨੂੰਹ ਦੇ ਕਹੇ ਬੋਲਾਂ ਕਾਰਨ ਉਹ ਸਾਰੀ ਰਾਤੀਂ ਸੌਂ ਨਹੀਂ ਸਕਿਆ । ਸਵੇਰੇ ਸੈਰ ਤੇ ਉਸ ਦੇ ਦੋਸਤ ਨੇ ਪੁੱਛ ਹੀ ਲਿਆ, ''ਕੀ ਗੱਲ ਵੇਦ ਪ੍ਰਕਾਸ਼ ਅੱਜ ਮੂਡ ਕੁਛ ਠੀਕ ਨਹੀਂ ਲੱਗ ਰਿਹਾ... ਲੱਗਦੈ ਘਰੇ ਜਰੂਰ ਫੇਰ ਕੁਝ ਕਿਹਾ ਹੋਊ।''
''ਕੀ ਦੱਸਾਂ ਭਾਈ ! ਜਦੋਂ ਆਪਣੇ ਜੰਮਣ ਵਾਲੇ ਹੀ ਬੈਗਾਨੇ ਬਣ ਜਾਣ ਤਾਂ ਦੂਸਰਾ ਕੌਣ ਚੌਪੜੀਆਂ ਦੇਊ... ਤੈਨੂੰ ਤਾਂ ਪਤਾ ਈ ਹੈ ਕਿ ਮਹਿਕਮੇ ਵਿੱਚ ਰਿਟਾਇਰਮੈਂਟ ਤੋਂ ਕੁਝ ਸਮੇਂ ਬਾਦ ਹੀ ਤੇਰੀ ਭਰਜਾਈ ਰੱਬ ਨੂੰ ਪਿਆਰੀ ਹੋ ਗਈ ਸੀ ... ਬੱਸ ਉਸ ਤੋਂ ਬਾਦ ਤਾਂ ਮੇਰਾ ਜਿਊਣਾ ਹੀ ਨਰਕ ਹੋ ਗਿਆ ਹੈ ...... ।''
''ਨਾ ... ਗੱਲ ਕੀ ਹੋਈ ਸੀ ।'' ... ਦੋਸਤ ਨੇ ਪੂਰੀ ਗੱਲ ਜਾਨਣ ਦੇ ਇਰਾਦੇ ਨਾਲ ਪੁੱਛਿਆ ।
''ਗੱਲ ਕੀ ਹੋਣੀ ਸੀ ...ਕੱਲ ਸ਼ਾਮ ਨੂੰ ਦੋਵੇਂ ਮੀਆਂ-ਬੀਵੀ ਸਿਨੇਮੇ ਜਾਣਾ ਚਾਹੁੰਦੇ ਸਨ ...ਏਸ ਕਰਕੇ ਸਾਜਰੇ ਹੀ ਰੋਟੀ ਬਣਾ ਧਰੀ ... ਬਹੂ ਮੈਨੂੰ ਕਹਿੰਦੀ ਕਿ ਪਾਪਾ ਜੀ ਰੋਟੀ ਖਾ ਲਓ... ।''
''ਫੇਰ ?
''ਮੈਂ ਕਿਹਾ ਬੇਟਾ ਮੈਨੂੰ ਅਜੇ ਭੁੱਖ ਨਹੀਂ ... ਬਾਦ ਵਿੱਚ ਆ ਕੇ ਦੇ ਦੇਣਾ ... ਮੇਰੇ ਇੰਨਾ ਕਹਿਣ ਦੀ ਦੇਰ ਸੀ ਕਿ ਬਹੂ ਦਾ ਗੁੱਸਾ ਸੱਤਵੇਂ ਆਸਮਾਨ ਤੇ ਚੜ੍ਹ ਗਿਆ । ...ਨਾਂ ਅਸੀਂ ਵੇਹਲੇ ਆ ... ਰਾਤ ਨੂੰ ਆ ਕੇ ਰੋਟੀ ਦੇਈਏ ... ਅਸੀਂ ਸੌਣਾ ਵੀ ਹੈ ... ਸਾਡੀ ਵੀ ਆਪਣੀ ਕੋਈ ਲਾਈਫ਼ ਏ ... ਨਾ ਆਪ ਠੀਕ ਤਰ੍ਹਾਂ ਜਿਉਂਦੇ ਨੇ ... ਨਾ ਦੂਸਰਿਆਂ ਨੂੰ ਜਿਊਣ ਦਿੰਦੇ ਨੇ ... ਪਤਾ ਨੀ ਹੋਰ ਕੀ ਕੁਝ ਕਿਹਾ .......'' ਬੋਲਦੇ-ਬੋਲਦੇ ਹੋਏ ਉਸ ਦਾ ਗੱਚ ਭਰ ਆਇਆ ।
''ਦੇਖ ਭਾਈ ਵੇਦ ਪ੍ਰਕਾਸ਼ ! ਕਰੀਂ ਤਾਂ ਤੂੰ ਆਪਣੀ ਮਰਜੀ .... ਮੇਰੀ ਪੁੱਛਦੈਂ ਤਾਂ ਇਹੀ ਰਾਇ ਏ .... ਤੇਰੇ ਕੋਲ ਪੈਸੇ ਟਕੇ ਦਾ ਕੋਈ ਘਾਟਾ ਹੈ ਨੀਂ ... ਪਰ ॥ਨਾਨੀ ਬਿਨਾਂ ਬੰਦੇ ਦੀ ਜਿੰਦਗੀ ਏਸ ਉਮਰ 'ਚ ਤਾਂ ਊਈਂ ਨਰਕ ਬਣ ਜਾਂਦੀ ਏ ... ਮੈਂ ਤਾਂ ਕਹਿਨਾ ਕਿਸੇ ਲੋੜਵੰਦ ਤੇ ਚੁੰਨੀ ਪਾ ਲੈ ... ।''
''ਤੇਰਾ ਦਿਮਾਗ ਤਾਂ ਨਹੀਂ ਖਰਾਬ ... ਮੈਂ ਏਸ ਉਮਰ 'ਚ... ਇਹੋ ਜਿਹਾ ਕੰਮ ਕਰਦਾ... ਲੋਕ ਕੀ ਕਹਿਣਗੇ .... ?''
''ਲੋਕਾਂ ਦੀ ਜਿਆਦਾ ਪ੍ਰਵਾਹ ਨਹੀਂ ਕਰੀਦੀ ... ਸਭ ਨੂੰ ਆਪੋ ਆਪਣੀ ਜਿੰਦਗੀ ਜਿਊਣ ਦਾ ਪੂਰਾ ਹੱਕ ਹੈ ... ਨਾਲੇ ਕਿਸੇ ਬਿਰਧ ਆਸ਼ਰਮ 'ਚ ਜਾ ਕੇ ਮਰਨ ਨਾਲ ਤਾਂ ਆਪਣੇ ਘਰ ਸੁਖੀ ਜੀਵਨ ਬਤੀਤ ਕਰਨਾ ਕਿਤੇ ਜਿਆਦਾ ਚੰਗਾ ਹੈ ।''
ਸੇਠ ਵੇਦ ਪ੍ਰਕਾਸ਼ ਆਪਣੇ ਦੋਸਤ ਦੀਆਂ ਗੱਲਾਂ ਨਾਲ ਸਹਿਮਤੀ ਜਿਹੀ ਪ੍ਰਗਟ ਕਰਦਾ ਹੋਇਆ ਆਪਣੇ 'ਨਵੇਂ ਘਰ' ਦੀ ਤਲਾਸ਼ 'ਚ ਜੁਟ ਗਿਆ ।
No comments:
Post a Comment