Thursday, March 15, 2012

ਬਾਲ ਮਾਨਸਿਕਤਾ ਤੇ ਅੰਧ ਵਿਸ਼ਵਾਸੀ ਸੀਰੀਅਲਾਂ ਦਾ ਪ੍ਰਭਾਵ

ਬਾਲ ਮਨ ਇੱਕ ਕੋਰੇ ਕਾਗਜ ਦੀ ਤਰਾਂ ਹੁੰਦਾ ਹੈ| ਬੱਚੇ ਆਪਣੇ ਘਰ-ਪਰਿਵਾਰ, ਸਕੂਲ, ਆਧਿਆਪਕਾਂ, ਆਲੇ-ਦੁਆਲੇ, ਦੋਸਤਾਂ-ਮਿੱਤਰਾਂ ਅਤੇ ਮੀਡੀਏ (ਟੈਲੀਵਿਜਨ) ਆਦਿ ਤੋਂ ਕਾਫੀ ਕੁੱਝ ਗ੍ਰਹਿਣ ਕਰਦੇ ਹਨ| ਬਾਲ ਉਮਰ ਵਿੱਚ ਜਿਹੋ ਜਿਹਾ ਪ੍ਰਭਾਵ, ਅਸਰ ਉਹ ਕਬੂਲਦੇ ਹਨ, ਲੰਮੇ ਸਮੇਂ ਤੱਕ ਉਸ ਵਾਰੇ ਉਹੋ ਜਿਹੀ ਹੀ ਧਾਰਨਾ ਉਨ੍ਹਾਂ ਦੇ ਅੰਦਰ ਬਣੀ ਰਹਿੰਦੀ ਹੈ| ਬੱਚੇ ਦੇ ਦਿਮਾਗ ਦਾ ਬਹੁਤ ਜਿਆਦਾ ਹਿੱਸਾ ਛੋਟੀ ਉਮਰ ਵਿੱਚ ਹੀ ਵਿਕਾਸ ਕਰਦਾ ਹੈ ਅਤੇ ਉਸ ਅੰਦਰ ਇੱਕ ਕੰਪਿਊਟਰ ਵਾਂਗ 'ਗਿਆਨ ਭੰਡਾਰ' ਕਰਨ ਦੀ ਸ਼ਕਤੀ ਹੁੰਦੀ ਹੈ| ਛੋਟੀ ਉਮਰ ਵਿੱਚ ਬਾਲਾਂ ਨੂੰ ਪਈਆਂ ਗਲਤ ਆਦਤਾਂ ਸਾਰੀ ਉਮਰ ਨਾਲ ਚਲਦੀਆਂ ਹਨ ਇਸ ਲਈ ਛੋਟੀ ਉਮਰ ਦੇ ਬਾਲਾਂ ਉੱਪਰ 'ਵੱਡਾ ਧਿਆਨ' ਕੇਂਦਰਿਤ ਕਰਨ ਦੀ ਲੋੜ ਹੈ, ਇਸ ਤੋ ਇਲਾਵਾ ਸਿਹਤ ਤੇ ਉਸ ਦੀ ਮਾਨਸਿਕਤਾ ਲਈ ਵੀ ਸ਼ੁਰੂ ਤੋਂ ਹੀ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ| ਨਿੱਕੀ - 2 ਗੱਲ ਤੇ ਬੱਚੇ ਨੂੰ ਝਿੜਕਣਾ ਜਾਂ ਉਸ ਦੀ ਇੱਛਾ ਦੇ ਵਿਰੁੱਧ ਜੋਰ ਜਬਰਦਸਤੀ ਨਾਲ ਕਿਸੇ ਕੰਮ ਪ੍ਰਤੀ ਫੋਰਸ ਕਰਨਾ ਵੀ ਉਨ੍ਹਾਂ ਦੇ ਮਾਨਸਿਕ, ਸਰੀਰਕ ਵਿਕਾਸ ਉੱਪਰ ਅਸਰ ਪਾ ਸਕਦਾ ਹੈ|
ਅਜੋਕੇ ਸਮੇਂ ਵਿੱਚ ਮੀਡੀਏ ਦਾ ਬਹੁਤ ਪ੍ਰਭਾਵ ਹੈ| ਸਮਾਜਿਕ ਪ੍ਰਾਣੀ ਜੋ ਕੁੱਝ ਅਖਵਾਰਾਂ, ਟੈਲੀਵਿਜਨਾਂ ਰਾਹੀ ਦੇਖਦੇ ਹਨ, ਉਸ ਉੱਪਰ ਹੀ ਅਮਲ ਕਰਨ ਦੀ ਕੋਸ਼ਿਸ ਵੀ ਕਰਦੇ ਹਨ| ਇੰਨ੍ਹਾਂ ਦਾ ਸਭ ਤੋਂ ਵੱਧ ਪ੍ਰਭਾਵ ਬੱਚੇ ਉੱਪਰ ਪੈਂਦਾ ਹੈ, ਕਿਉਂਕਿ ਇੱਕ ਤਾਂ ਬੱਚੇ ਟੀ ਵੀ ਜਿਆਦਾ ਦੇਖਦੇ ਹਨ, ਦੂਸਰਾ ਉਹ ਨਾ ਸਮਝ ਵੀ ਹੁੰਦੇ ਹਨ| ਬੱਚਾ ਇੱਕ ਮਿੱਟੀ ਸਮਾਨ ਹੁੰਦਾ ਹੈ, ਜਿਸ ਤਰ੍ਹਾਂ ਇੱਕ ਘੁਮਿਆਰ ਚੱਕ ਨਾਲ ਇੱਕ ਮਿੱਟੀ ਦੇ ਅੱਲਗ-ਅੱਲਗ ਤਰ੍ਹਾਂ ਦੇ ਭਾਂਡੇ ਬਣਾਉਂਦਾ ਹੈ, ਉਸੇ ਤਰ੍ਹਾਂ ਬੱਚੇ ਨੂੰ ਜਿਸ ਪਾਸੇ ਵੱਲ ਮੋੜੀਏ ਮੁੜ ਸਕਦਾ ਹੈ|
ਵੱਖ ਵੱਖ ਟੀ.ਵੀ. ਚੈਨਲਾਂ ਤੇ ਦਿਖਾਏ ਜਾਂਦੇ ਗੈਬੀ ਸ਼ਕਤੀ ਵਾਲੇ ਸੀਰੀਅਲਾਂ ਦਾ ਬੱਚਿਆਂ ਦੇ ਮਨਾਂ ਤੇ ਬੜਾ ਡੂੰਘਾ ਪ੍ਰਭਾਵ ਪੈਂਦਾ ਹੈ| ਸ਼ਕਤੀਮਾਨ, ਚੰਦਰਕਾਂਤਾ, ਜੂਨੀਅਰ ਜੀ, ਸ਼ਾਕਾ ਲਾਕਾ ਬੂਮ-ਬੂਮ, ਅਲਫਲੈਲਾ ਵਰਗੇ ਸੀਰੀਅਲਾਂ ਵਿੱਚ ਦਿਖਾਈਆਂ ਜਾਦੀਆਂ ਗੈਬੀ ਸ਼ਕਤੀਆਂ ਕਾਰਨ ਬੱਚਿਆਂ ਦੇ ਮਨਾਂ ਮੰਦਰ ਇਹ ਧਾਰਨਾ ਬਣ ਜਾਂਦੀ ਹੈ ਕਿ ਭੂਤ-ਪ੍ਰੇਤ ਨਾਂ ਦੀ ਵੀ ਕੋਈ ਸ਼ੈਅ ਹੁੰਦੀ ਹੈ ਅਤੇ ਇਹ ਸ਼ਕਤੀਆਂ ਵੀ ਕਿਸੇ ਨਾ ਕਿਸੇ ਪਾਸ ਜਰੂਰ ਹੁੰਦੀਆਂ ਹਨ| ਚੈਨਲਾਂ ਤੇ ਦਿਖਾਏ ਜਾਂਦੇ ਧਾਰਮਿਕ ਸੀਰੀਅਲ ਵੀ ਬੱਚਿਆਂ ਵਿੱਚ ਅੰਧ ਵਿਸ਼ਵਾਸ ਤੇ ਕਰਮਕਾਂਡਾ ਦੇ ਜਾਲ ਪੈਦਾ ਕਰਦੇ ਹਨ| ਭਾਵੇਂ ਇੰਨ੍ਹਾਂ ਸੀਰੀਅਲਾਂ ਦੇ ਸ਼ੁਰੂ ਵਿੱਚ ਇਹ ਕਿਹਾ ਜਾਂਦਾ ਹੈ ਕਿ ਇਹ ਸਭ ਕੁੱਝ ਕਾਲਪਨਿਕ ਹੈ, ਪਰ ਬੱਚਿਆਂ ਨੂੰ ਭਲਾ ਇਸ ਦੀ ਕੀ ਸਮਝ? ਉਹ ਤਾਂ ਜੋ ਸਕਰੀਨ ਤੇ ਦੇਖਦੇ ਹਨ ਉਸ ਨੂੰ ਹੀ ਸੱਚ ਮੰਨਦੇ ਹਨ| ਸ਼ਕਤੀਮਾਨ ਵਰਗੇ ਸੀਰੀਅਲਾਂ ਨੂੰ ਦੇਖ ਕੇ ਬੱਚਿਆਂ ਵੱਲੋਂ ਛੱਤ ਤੋਂ ਛਾਲ ਮਾਰ ਕੇ ਮਰਨ ਦੀਆਂ ਖਬਰਾਂ ਮੀਡੀਏ ਵਿੱਚ ਸੁਰਖੀਆਂ ਬਣਦੀਆਂ ਰਹੀਆਂ ਹਨ|
ਭਾਵੇਂ ਸਕੂਲਾਂ ਵਿੱਚ ਬੱਚਿਆਂ ਦੇ ਮਨ ਵਿੱਚੋਂ ਇਹ ਭੈਅ, ਧਾਰਨਾ ਕੱਢਣ ਦੇ ਯਤਨ ਕੀਤੇ ਜਾਂਦੇ ਹਨ ਕਿ ਗੈਬੀ ਸ਼ਕਤੀ ਨਾਂ ਦੀ ਕੋਈ ਚੀਜ਼ ਨਹੀ ਹੁੰਦੀ ਪ੍ਰੰਤੂ ਜਦੋਂ ਅਜਿਹੇ ਸੀਰੀਅਲਾਂ ਦੇ ਪ੍ਰਭਾਵ ਵਿੱਚ ਬੱਚੇ ਆਉਂਦੇ ਹਨ ਤਾਂ ਸਮਝਾਈ ਹੋਈ ਗੱਲ ਨਾਲੋਂ ਅੱਖੀ ਦੇਖੀ ਗੱਲ ਜਿਆਦਾ ਅਸਰ ਕਰਦੀ ਹੈ|
ਲੋੜ ਇਸ ਗੱਲ ਦੀ ਹੈ ਕਿ ਅਜਿਹੇ ਸੀਰੀਅਲਾਂ ਤੇ ਜਿੱਥੇ ਮੁੰਕਮਲ ਪਾਬੰਦੀ ਲੱਗੇ ਉੱਥੇ ਮਾਪੇ, ਆਧਿਆਪਕ ਵੀ ਬੱਚਿਆਂ ਨੂੰ ਅਜਿਹੇ ਸੀਰੀਅਲ ਨਾ ਦੇਖਣ ਲਈ ਪ੍ਰੇਰਿਤ ਕਰਨ| ਬੱਚਿਆਂ ਦੀ ਸਿਹਤ, ਮਾਨਸਿਕਤਾ ਉੱ ਪਰ ਸ਼ੁਰੂ ਵਿੱਚ ਧਿਆਨ ਦਿੱਤਾ ਜਾਵੇ| ਸੱਵਸਥ ਬਾਲ ਹੀ ਵੱਡੇ ਹੋ ਕੇ ਨਰੋਏ ਸਮਾਜ ਦੀ ਸਿਰਜਣਾ ਵਿੱਚ ਉਸਾਰੂ ਭੂਮਿਕਾ ਨਿਭਾ ਸਕਦੇ ਹਨ|

ਔਰਤ ਨੂੰ ਵੱਡੇ ਪੱਧਰ ਤੇ ਜਾਗ੍ਰਿਤ ਤੇ ਜਥੇਬੰਦ ਹੋਣਾ ਹੋਵੇਗਾ

ਜਿਸ ਤਰ੍ਹਾਂ ਸਾਡੇ ਦੇਸ਼ ਵਿੱਚ ਬੱਚਿਆਂ ਨੂੰ; ਅਧਿਆਪਕਾਂ ਨੂੰ; ਅਪਾਹਜਾਂ ਨੂੰ, ਵਿਗਿਆਨ ਆਦਿ ਨੂੰ ਸਮਰਪਿਤ ਵਿਸ਼ੇਸ਼ ਦਿਨ ਮਨਾਏ ਜਾਂਦੇ ਹਨ, ਉਸ ਤਰ੍ਹਾਂ ਮਹਿਲਾ ਵਰਗ ਦੇ ਮਾਣ ਸਨਮਾਨ ਨੂੰ ਉੱਚਾ ਚੁੱਕਣ ਲਈ 8 ਮਾਰਚ ਨੂੰ ਮਹਿਲਾ ਦਿਵਸ ਮਨਾਇਆ ਜਾਂਦਾ ਹੈ| ਇਹ ਦਿਨ ਵਿਸ਼ਵ ਭਰ ਵਿੱਚ ਮਹਿਲਾਵਾਂ ਦੇ ਕੌਮਾਂਤਰੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ| ਇਸ ਦਿਨ ਸਾਰੇ ਸੰਸਾਰ ਦੀਆਂ ਔਰਤਾਂ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੀਆਂ ਹਨ|
1910 ਈ. ਵਿੱਚ ਜਰਮਨੀ ਦੇ ਇੱਕ ਸ਼ਹਿਰ ਵਿੱਚ ਔਰਤਾਂ ਦੀ ਹੋਈ ਭਾਰੀ ਕਾਨਫਰੰਸ ਦੌਰਾਨ ਇਹ ਦਿਹਾੜਾ ਹੋਂਦ ਵਿੱਚ ਆਇਆ| ਇਸ ਦਿਹਾੜੇ ਤੇ ਸਰਕਾਰਾਂ ਵੱਲੋਂ ਔਰਤਾਂ ਦੇ ਹੱਕ ਵਿੱਚ ਐਲਾਨ ਕੀਤੇ ਜਾਂਦੇ ਹਨ, ਪਰ ਹਕੀਕਤ ਵਿੱਚ ਕੁਝ ਖਾਸ ਇਸ ਵਰਗ ਲਈ ਨਹੀਂ ਕੀਤਾ ਜਾਂਦਾ| ਲੋੜ ਹੈ ਕਿ ਇਸ ਗੱਲ ਦਾ ਲੇਖਾ ਜੋਖਾ ਕੀਤਾ ਜਾਵੇ ਕਿ ਪਿਛਲੀਆਂ ਸਰਕਾਰਾਂ ਨੇ ਇਸ ਵਰਗ ਲਈ ਕੀ ਵਿਸ਼ੇਸ਼ ਐਲਾਨ ਕੀਤੇ ਹਨ| ਕਿੰਨੇ ਐਲਾਨਾਂ ਨੂੰ ਅਮਲੀ ਜਾਮਾਂ ਪਹਿਨਾਇਆ ਗਿਆ ਅਤੇ ਕਿੰਨੇ ਬਾਕੀ ਹਨ?
ਹੁਣ ਮਹਿਲਾਂ ਰਿਜ਼ਰਵੇਸ਼ਨ ਬਿੱਲ ਨੂੰ ਹੀ ਲੈ ਲਵੋ| ਸੰਸਦ ਤੋਂ ਬਾਹਰ ਤਾਂ ਹਰ ਇੱਕ ਨੇਤਾ ਔਰਤਾਂ ਨੂੰ ਬਰਾਬਰ ਅਧਿਕਾਰ ਦੇਣ ਤੇ ਰਿਜ਼ਰਵੇਸ਼ਨ ਸੰਸਦ ਤੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦੇਣ ਦੀ ਵਕਾਲਤ ਕਰਦੇ ਹਨ, ਪਰ ਜਦੋਂ ਸੰਸਦ ਵਿੱਚ ਬਿੱਲ ਪੇਸ਼ ਹੁੰਦਾ ਹੈ ਤਾਂ ਇੱਕ ਦੁਸਰੇ ਦੀਆਂ ਲੱਤਾਂ ਖਿੱਚਣ ਲੱਗ ਜਾਂਦੇ ਹਨ, ਫਿਰ ਬਾਹਰ ਆ ਕੇ ਇੱਕ ਦੂਸਰੇ ਨੂੰ ਦੋਸ਼ੀ ਠਹਿਰਾ ਕੇ ਆਪ ਸੱਚੇ ਬਣਨ ਦੀ ਕੋਸ਼ਿਸ਼ ਕਰਦੇ ਹਨ| ਆਖਿਰ ਇਸ ਤਰ੍ਹਾਂ ਕਦ ਤਕ ਹੁੰਦਾ ਰਹੇਗਾ?
ਅਕਸਰ ਕਿਹਾ ਜਾਂਦਾ ਹੈ ਕਿ ਬੀਤੇ ਸਮੇਂ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਜਾਂ ਗੁੱਤ ਪਿੱਛੇ ਮੱਤ ਵਾਲੀ ਸਮਝਿਆ ਜਾਂਦਾ ਰਿਹਾ ਹੈ, ਪਰ ਅੱਜ ਦੇ ਸਮਾਜ ਵਿੱਚ ਔਰਤਾਂ ਨੂੰ ਪੂਰਨ ਬਰਾਬਰੀ ਵਾਲਾ ਦਰਜਾ ਪ੍ਰਾਪਤ ਹੈ| ਕੀ ਇਹ ਸਚਮੁੱੱਚ ਸੱਚ ਹੈ? ਨਹੀਂ, ਔਰਤ ਵਰਗ ਅੱਜ ਵੀ ਜ਼ੁਲਮ ਅਤੇ ਗੈਰ ਬਰਾਬਰੀ ਦਾ ਪੂਰੀ ਤਰ੍ਹਾਂ ਸ਼ਿਕਾਰ ਹੈ| ਪ੍ਰਮਾਣ ਵਜੋਂ ਇਸ ਦੇ ਕੁਝ ਉੱਗੜਵੇਂ ਨਮੂਨੇ ਦੇਖੇ ਜਾ ਸਕਦੇ ਹਨ| ਬਿਹਾਰ ਵਰਗੇ ਸੂਬੇ ਦੇ ਕਟਿਹਾਰ ਜ਼ਿਲ੍ਹੇ ਵਿੱਚ ਨਵ-ਜੰਮ੍ਹੀਆਂ ਕੁੜੀਆਂ ਨੂੰ ਉਹਨਾਂ ਦੇ ਮਾਪਿਆਂ ਵੱਲੋਂ ਕਹਿਣ ਤੇ ਦਾਈਆਂ ਵੱਲੋਂ ਵੱਖ-ਵੱਖ ਘਿਨਾਉਣੇ ਢੰਗਾਂ ਨਾਲ ਮਾਰ ਦੇਣ ਦੇ ਹੌਲਨਾਕ ਵੇਰਵੇ ਅਖਬਾਰਾ ਰਸਾਲਿਆਂ ਨੇ ਸਾਹਮਣੇ ਲਿਆਂਦੇ ਹਨ| ਇਹ ਵੀ ਦੱਸਿਆ ਗਿਆ ਹੈ ਕਿ ਤਾਮਿਲਨਾਡੂ ਵਿੱਚ ਜਿਨ੍ਹਾਂ ਔਰਤਾਂ ਦੇ ਔਲਾਦ ਪੈਦਾ ਨਹੀਂ ਹੁੰਦੀ ਉਹਨਾਂ ਨੂੰ ਕਿੱਲਾਂ ਤੇ ਨੋਚਿਆ ਜਾਂਦਾ ਹੈ| ਤਾਮਿਲਨਾਡ ਦੇ
ਵੇਦ ਏਕਵਾਂ ਸਵਾਮੀ ਸੰਪਰਦਾਇ ਦੇ ਪੁਜਾਰੀ ਤੇਜ਼ਧਾਰ ਵਾਲੀਆਂ ਕਿੱਲਾਂ ਆਪਣੀਆਂ ਚੱਪਲਾਂ ਜਾਂ ਜੁੱਤੀਆਂ ਹੇਠਾਂ ਲਗਾ ਕੇ ਉਹਨਾਂ ਔਰਤਾਂ ਦੇ ਉੱਪਰੋਂ ਦੀ ਗੁਜਰਦੇ ਹਨ| ਜਿਨ੍ਹਾਂ ਦੀ ਕੁੱਖੋਂ ਔਲਾਦ ਪੈਦਾ ਨਹੀਂ ਹੁੰਦੀ| ਆਂਧਰਾ ਪ੍ਰਦੇਸ਼ ਦੇ ਏਲਾਰੂ ਪਿੰਡ ਬਾਰੇ ਵੀ ਲਿਖਿਆ ਹੈ ਜਿੱਥੇ ਔਰਤਾਂ ਦੀ ਖੁੱਲ੍ਹੀ ਨੀਲਾਮੀ ਲੱਗਦੀ ਹੈ| ਇਸ ਤੋਂ ਇਲਾਵਾ ਰਾਜਸਥਾਨ ਦੇ ਟੌਂਕ ਜ਼ਿਲ੍ਹੇ ਦੀ ਇਕ ਬਰਾਦਰੀ ਬਾਰੇ ਵੀ ਲਿਖਿਆ ਗਿਆ ਹੈ ਕਿ ਉਸ ਬਰਾਦਰੀ ਦੀਆਂ ਲੜਕੀਆਂ ਨੂੰ ਵਿਆਹ ਤੋਂ ਬਾਅਦ ਕੁੱਕਰੀ ਯਾਨੀ ਕਿ ਕੁਆਰਾਪਨ ਦਾ ਟੈਸਟ ਦੇਣਾ ਪੈਂਦਾ ਹੈ| ਕੁੱਕਰੀ ਟੈਸਟ ਵਿੱਚ ਪੂਰਾ ਨਾ ਉਤਰਨ ਵਾਲੀ ਕੁੜੀਆਂ ਤੋਂ ਅਗਨੀ ਪ੍ਰੀਖਿਆ ਲਈ ਜਾਂਦੀ ਹੈ| ਜਿਸ ਵਿਚ ਕਈ ਕੁੜੀਆਂ ਨੂੰ ਜ਼ਿੰਦਗੀ ਤੋਂ ਹੱਥ ਵੀ ਧੋਣੇ ਪੈਂਦੇ ਹਨ|
ਔਰਤਾਂ ਉੱਪਰ ਜ਼ੁਲਮਾਂ ਦੀ ਗੱਲ ਸਿਰਫ ਬਿਹਾਰ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਰਾਜਸਥਾਨ ਵਰਗੇ ਸੂਬਿਆਂ ਤੱਕ ਹੀ ਸੀਮਿਤ ਨਹੀਂ ਬਲਕਿ ਦਾਜ-ਦਹੇਜ ਦੇ ਜਾਇਦਾਦ ਲਈ ਪੰਜਾਬ ਵਰਗੇ ਸਿਰੇ ਦੇ ਵਿਕਸਤ ਸੂਬੇ ਵਿੱਚ ਵੀ ਰੋਜ਼ਾਨਾ ਬੇਗੁਨਾਹ ਲੜਕੀਆਂ ਅਤੇ ਔਰਤਾਂ ਨੂੰ ਕਿਵੇਂ ਕੋਹਿਆ ਜਾ ਰਿਹਾ ਹੈ| ਇਹ ਤੁਸੀਂ ਰੋਜ਼ਾਨਾ ਅਖਬਾਰਾਂ ਉੱਤੇ ਸਰਸਰੀ ਨਜਰ ਮਾਰ ਕੇ ਦੇਖ ਸਕਦੇ ਹੋ| ਕਿੰਨੀਆਂ ਹੀ ਲੜਕੀਆਂ ਨੂੰ ਦਹੇਜ਼ ਰੂਪੀ ਦੈਂਤ ਨਿਗਲ ਰਿਹਾ ਹੈ ਅਤੇ ਕਿੰਨੀਆਂ ਹੀ ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਹਨ| ਸਾਡੇ ਦੇਸ਼ ਵਿੱਚ ਤੰਦੂਰ ਕਾਂਡ, ਸ਼ਿਵਾਨੀ ਕਾਂਡ,
ਕੇਤੀਆ ਕਾਂਡ, ਜੈਸਿਕਾ ਲਾਲ ਹੱਤਿਆ ਕਾਂਡ, ਕਿਰਨਜੀਤ ਕੌਰ ਕਤਲ ਅਤੇ ਬਲਾਤਕਾਰ ਕਾਂਡ ਵਰਗੇ ਘਿਨਾਉਣੇ ਅਪਰਾਧ ਕਾਂਡ ਵਾਪਰ ਚੁੱਕੇ ਹਨ| ਵਿਆਹ ਤੋਂ ਬਾਅਦ ਸੰਤਾਨ ਨਾ ਹੋਣ ਤੇ ਵੀ ਸਿਰਫ ਔਰਤ ਨ ੂ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ| ਅੱਜ ਦੇ ਪੁਰਸ਼ ਪ੍ਰਧਾਨ ਸਮਾਜ ਵਿੱਚ ਪੁਰਸ਼ ਕਿਤੇ ਨਾ ਕਿਤੇ ਔਰਤ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ| ਕਿਸੇ ਵੀ ਚੀਜ਼ ਦੀ ਮਸ਼ਹੂਰੀ ਕਰਨੀ ਹੋਵੇ ਤਾਂ ਉਸ ਤੇ ਔਰਤ ਦੀ ਫੋਟੋ ਚਿਪਕਾ ਦਿੱਤੀ ਜਾਂਦੀ ਹੈ| ਚਾਹੇ ਉਸ ਚੀਜ਼ ਨਾਲ ਔਰਤ ਦਾ ਦੂਰ ਦਾ ਵੀ ਵਾਸਤਾ ਨਾ ਹੋਵੇ| ਸੁੰਦਰਤਾ ਮੁਕਾਬਲਿਆਂ, ਫੈਸ਼ਨ ਸ਼ੋਆਂ ਦੀ ਆੜ ਵਿੱਚ ਔਰਤ ਦਾ ਸ਼ੋਸ਼ਣ ਹੋ ਰਿਹਾ ਹੈ| ਅੱਜ ਦਾ ਵਿਗਿਆਨਕ ਯੁੱਗ ਵੀ ਔਰਤਾਂ ਲਈ ਵਰਦਾਨ ਦੀ ਥਾਂ ਸਰਾਪ ਹੀ ਬਣਦਾ ਜਾ ਰਿਹਾ ਹੈ| ਪੁਰਾਣੇ ਸਮੇਂ ਦੀ ਸਤੀ ਪ੍ਰਥਾ ਦੇ ਵਾਂਗ ਇਸ ਦਾ ਆਧੁਨਿਕ ਰੂਪ ਸਾਹਮਣੇ ਆ ਰਿਹਾ ਹੈ| ਅੱਜ ਦੇ ਯੁੱਗ ਵਿੱਚ ਲੜਕੀ ਜੰਮਣ ਤੋਂ ਪਹਿਲਾਂ ਹੀ ਢਿੱਡ ਵਿੱਚ ਕਤਲ ਕਰ ਦਿੱਤੀ ਜਾਂਦੀ ਹੈ| ਭਰੂਣ ਟੈਸਟਾਂ ਰਾਹੀਂ ਕੁੜੀਆਂ ਦੇ ਹੋ ਰਹੇ ਕਤਲਾਂ ਕਾਰਨ ਹੀ ਮਰਦਾਂ ਪਿੱਛੇ ਔਰਤਾਂ ਦੀ ਗਿਣਤੀ ਘੱਟ ਰਹੀ ਹੈ| ਅੰਕੜੇ ਦੱਸਦੇ ਹਨ ਕਿ ਪੰਜਾਬ ਵਿੱਚ 1000ਮਰਦਾਂ ਦੇ ਮੁਕਾਬਲੇ 823 ਔਰਤਾਂ ਹਨ ਜਦ ਕਿ 0-6 ਸਾਲ ਦੇ ਗਰੁੱਪ ਤੱਕ 723 ਗਿਣਤੀ ਆਉਂਦੀ ਹੈ ਜੋਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ| ਹੁਣ ਪੰਜਾਬ ਅਤੇ ਭਾਰਤ ਵਿੱਚ ਭਰੂਣ ਟੈਸਟ ਕਰਵਾਉਣ ਦਾ ਰੁਝਾਣ ਵਧਦਾ ਜਾ ਰਿਹਾ ਹੈ| ਪੇਂਡੂ ਲੋਕਾਂ ਤੱਕ ਵੀ ਇਸ ਦੀ ਪਹੁੰਚ ਹੋ ਗਈ ਹੈ| ਭਾਵੇਂ ਭਰੂਣ ਹੱਤਿਆ ਵਿਰੋਧੀ ਕਾਨੂੰਨ ਬਣ ਚੁੱਕਾ ਹੈ| ਪਰ ਇਹ ਘਿਣਾਉਣਾ ਪਾਪ ਕਰਨ ਵਾਲੇ ਸ਼ਖਸ਼ ਆਪਣੀਆਂ ਕਰਤੂਤਾਂ ਤੋਂ ਬਾਜ ਨਹੀਂ ਆਉਂਦੇ| ਪਾਤੜਾਂ ਨੇੜੇ ਫੜੇ ਇੱਕ ਨੀਮ ਹਕੀਮ ਦਾ ਕਿੱਸਾ ਤਾਂ ਸਾਰੇ ਹੀ ਜਾਣਦੇ ਹੋਣਗੇ| ਕਿ ਕਿਸ ਤਰ੍ਹਾਂ ਉਸਨੇ ਇਹ ਸਮਾਜ ਵਿਰੋਧੀ ਕੰਮ ਕਰਕੇ ਕੁੜੀਆਂ ਦੇ ਭਰੂਣਾਂ ਦਾ ਖੂਹ ਭਰ ਦਿੱਤਾ ਸੀ|
ਅੱਜ ਦੇ ਬਹੁਤੇ ਗੀਤਕਾਰ ਅਤੇ ਗਾਇਕ ਵੀ ਔਰਤ ਜਾਤੀ ਦੇ ਮਾਣ ਸਨਮਾਨ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ ਉਹਨਾਂ ਕੋਲ ਔਰਤਾਂ ਲਈ ਸਿਰਫ ਬੇਵਫਾ, ਧੋਖੇਬਾਜ, ਮਸ਼ੂਕ ਤੇ ਕੁਪੱਤੀ ਵਰਗੇ ਵਿਸ਼ੇਸ਼ਣ ਹੀ ਰਾਖਵੇਂ ਹਨ| ਉਹਨਾਂ ਨੂੰ ਔਰਤਾਂ ਦੇ ਗੁਣ ਅਤੇ ਖਾਸੀਅਤਾਂ ਨਜ਼ਰੀ ਨਹੀਂ ਆਉਂਦੀਆਂ, ਜਦੋਂ ਕਿ ਅੱਜ ਵੱਖ-ਵੱਖ ਖੇਤਰਾਂ ਵਿੱਚ ਔਰਤਾਂ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨ ਵਿੱਚ ਮਰਦਾਂ ਨਾਲੋਂ ਕਿਤੇ ਅੱਗੇ ਹਨ | ਪਿੱਛੇ ਜਿਹਹੇ ਹੋਈ ਕੌਮਾਂਤਰੀ ਖੇਡਾਂ ਵਿੱਚ ਸੌ ਕਰੋੜ ਲੋਕਾਂ ਦੀ ਕਰਨਮ ਮਲੇਸ਼ਵਰੀ ਨੇ ਲਾਜ ਰੱਖੀ| ਇਸ ਤੋਂ ਇਲਾਵਾ ਟੈਨਿਸ ਵਿੱਚ ਸਾਨੀਆ ਮਿਰਜ਼ਾ, ਕਲਪਨਾ ਚਾਵਲਾ, ਅੰਜੂ ਜਾਰਜ, ਕਿਰਨ ਬੇਦੀ ਅਤੇ ਇੰਦਰਾ ਗਾਂਧੀ, ਰਾਣੀ ਲਕਸ਼ਮੀ ਬਾਈ ਜਿਹੀਆਂ ਔਰਤਾਂ ਨੇ ਵੀ ਇਸ ਧਰਤੀ ਤੇ ਪੈਦਾ ਹੋ ਕੇ ਭਾਰਤ ਵਿੱਚ ਇਸਤਰੀ ਦਾ ਜੁਝਾਰੂ ਰੂਪ ਦਰਸਾਇਆ ਅਤੇ ਭਾਰਤ ਦਾ ਨਾਂਅ ਦੁਨੀਆਂ ਦੇ ਕੋਨੇ ਕੋਨੇ ਵਿੱਚ ਰੋਸ਼ਨ ਕੀਤਾ| ਇਹਨਾਂ ਵਿੱਚੋਂ ਕਲਪਨਾ ਚਾਵਲਾ ਨੇ ਤਾਂ ਪੁਲਾੜ ਵਿੱਚ ਵੀ ਭਾਰਤ ਦਾ ਝੰਡਾ ਲਹਿਰਾਉਣ ਦਾ ਮਾਣ ਹਾਸਲ ਕੀਤਾ|
ਤਕ ਫਿਰ ਔਰਤਾਂ ਨੂੰ ਮਰਦਾਂ ਦੇ ਬਰਾਬਰ ਮਾਨਤਾ ਕਿਉਂ ਨਹੀਂ? ਕਿਉਂ ਸਰਕਾਰ ਔਰਤਾਂ ਉੱਤੇ ਢਾਹੇ ਜਾਂਦੇ ਜ਼ੁਲਮਾਂ ਅਤੇ ਹੱਤਿਆਵਾਂ ਵਿਰੁੱਧ ਆਪਣੇ ਬਣਾਏ ਕਾਨੂੰਨਾ ਨੂੰ ਸਖਤੀ ਨਾਲ ਲਾਗੂ ਨਹੀਂ ਕਰਦੀ? ਕਿਉਂ ਔਰਤਾਂ ਨੂੰ ਅਜੇ ਵੀ ਜੀਵਨ ਦੇ ਵੱਖ ਵੱਖ ਖੇਤਰਾਂ ਵਿੱਚ ਜੁਲਮ ਅਤੇ ਵਿਤਕਰੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ| ਕੇਵਲ ਮਹਿਲਾ ਦਿਵਸ ਮਨਾਉਣ ਨਾਲ ਉਪਰੋਕਤ ਗੱਲਾਂ ਦਾ ਹੱਲ ਨਹੀਂ ਲੱਭਿਆ ਜਾ ਸਕਿਆ |
ਇਹਨਾਂ ਦਾ ਹੱਲ ਲੱਭਣ ਲਈ ਔਰਤਾਂ ਨੂੰ, ਮਹਿਲਾ ਜਥੇਬੰਦੀਆਂ ਤੇ ਸਮਾਜ
ਸੇਵੀ ਸੰਸਥਾਵਾਂ ਨੂੰ ਵੱਡੇ ਪੱਧਰ ਤੇ ਜਾਗ੍ਰਿਤ ਹੋਣਾ ਪਵੇਗਾ|

ਕੋਈ ਹਰਿਆ ਬੂਟ ਰਹਿਓ ਰੀ

''ਭਾਈ ਬਿੱਲੇ ਸੇਠ ਕੀ ਦੁਕਾਨ ਇਹੀ ਐ......''ਦੁਕਾਨ ਦੇ ਚੌਂਤਰੇ ਮੂਹਰੇ ਬਣੀਆਂ ਪੌੜੀਆਂ ਨੂੰ ਚੜ੍ਹਦਾ ਹੋਇਆ ਵਿਸਾਖਾ ਸਿੰਘ ਬੋਲਿਆ ।
''........ਹਾਂ ਇਹੀ ਹੈ......ਦੱਸੋ ਕੀ ਕੰਮ ਐ.....'' ਬਿੱਲੇ ਨੇ ਮੋੜਵਾਂ ਸਵਾਲ ਕੀਤਾ ।
''ਭਾਈ ਮੈਨੂੰ ਬਚਿੱਤਰ ਸਿਹੁੰ ਪੰਚੈਤ ਮੈਂਬਰ ਨੇ ਭੇਜਿਐ.....ਬੈਂਕ 'ਚ ਕੰਮ ਐ......ਇੱਕ ਕੇਸ ਐ ਲੋਨ ਦਾ......ਮੈਨੇਜਰ ਸਹੁਰਾ ਰਾਹ ਨੀ ਦਿੰਦਾ......ਮੈਂਬਰ ਨੇ ਤੇਰੀ ਦੱਸ ਪਾਈ ਐ......ਕਹਿੰਦਾ ਸੀ ਬਿੱਲਾ ਆਪੇ ਕਰਾਦੂ......ਹੁਣ ਤਾਂ ਭਾਈ ਤੇਰੇ ਵੱਸ ਐ........ਚਾਹ ਪਾਣੀ ਵੀ ਕਰਦਾਂਗੇ.....ਜਿਮੇਂ ਤੂੰ ਕਹੇਂਗਾ......'' ਇੱਕੋ ਸਾਹੇ ਵਿਸਾਖਾ ਸਿੰਘ ਕਾਫ਼ੀ ਕੁਝ ਕਹਿ ਗਿਆ ।
''ਕੋਈ ਨਾ....ਤੂੰ ਭੋਰਾ ਫ਼ਿਕਰ ਨਾ ਕਰ.......ਚਲਦੇ ਆਂ ਆਪਾ ਬੈਂਕ 'ਚ......ਊਂ ਤਾਂ ਮੈਂ ਇੱਕ ਕੇਸ ਦਾ ਦੋ ਹ॥ਾਰ ਲੈਨਾ ਆਂ......ਪਰ ਤੂੰ ਮੈਂਬਰ ਦਾ ਨਾ ਲੈਤਾ.......ਤੈਥੋਂ ਘੱਟ ਲੈ ਲੂੰ..... ਮੈਨੂੰ ਬੈਂਕ ਆਲਿਆਂ ਨੂੰ ਵੀ ਦੇਣੇ ਪੈਂਦੇ ਨੇ.....ਵਗਾਰਾਂ ਅੱਡ ਝੱਲਣੀਆਂ ਪੈਂਦੀਆਂ ਨੇ......ਪੱਲੇ ਤਾਂ ਸੌ ਦੋ ਸੌ ਹੀ ਪੈਂਦੈ.....ਖਚਰੀ ਜਿਹੀ ਹਾਸੀ ਹੱਸਦਾ ਹੋਇਆ ਉਹ ਬੋਲਿਆ ।
ਕੋਈ ਨਾ....ਜਿਵੇਂ ਤੂੰ ਕਹੇਂ......! ਥੁੱਕ ਨੂੰ ਅੰਦਰ ਲੰਘਾਉਂਦਿਆਂ ਉਸਨੇ ਸਹਿਮਤੀ ਦੇ ਦਿੱਤੀ ਸੀ ।
''ਉਹ ਆ ਵੀ ਬਿੱਲਾ ਸੇਠ....ਕਾਫੀ ਦਿਨਾਂ ਬਾਦ ਚੱਕਰ ਲੱਗਿਐ, ਕੀ ਗੱਲ......ਬੈਂਕ ਦੇ ਕਲਰਕ ਨੇ ਉਸਨੂੰ ਅੰਦਰ ਦਾਖਲ ਹੁੰਦਿਆਂ ਹੀ ਸਵਾਲ ਦਾਗ ਦਿੱਤਾ ਸੀ ।
''ਕੀ ਦੱਸਾਂ ਬਾਊ ਜੀ....ਕੋਈ 'ਸਾਮੀ ਹੀ ਨਹੀਂ ਆਈ ਸੀ.....ਫੇਰ ਕਾਹਦਾ ਆਉਣਾ ਹੋਇਆ....ਔਹ ਜਿਹੜਾ ਦਫਤਰ ਦੇ ਬਾਹਰ ਖੜੈ....ਲਾਗਲੇ ਪਿੰਡ ਦਾ ਵਿਸਾਖਾ ਸਿੰਘ ਐ........ਉਹਦਾ ਕੋਈ ਕੇਸ-ਕੂਸ ਜਾ ਪਿਐ.....ਤੁਹਾਡੇ ਕੋਲ......ਕਰ ਦਿਓ.....ਜਿਵੇਂ ਕਹੋਗੇ....ਕਰਲਾਂਗੇ....ਬੰਦਾ ਆਪਣਾ ਈ ਆ...'' ਉਸਨੇ ਅੱਖ ਦੱਬਦਿਆਂ ਕਿਹਾ ।
''ਨਾ ਬਈ ਨਾ......ਹੁਣ ਐਂ ਨੀ ਹੋਣਾ.......ਉਸਦੇ ਕਈ ਕਾਗਜ ਘੱਟ ਨੇ......ਆਹ ਜਿਹੜਾ ਨਵਾਂ ਮੈਨੇਜਰ ਆਇਐ....ਅਸੂਲਾਂ ਦਾ ਬੜਾ ਪੱਕਾ ਏ......ਪਹਿਲਾਂ ਗੱਲ ਹੋਰ ਸੀ.....ਹੁਣ ਨੀ ਚਲਦਾ ਇਹ ਸਭ ਕੁਝ......ਐ ਨੀ ਮੰਨਦਾ ਇਹ...ਸਾਲਾ ਨਾ ਆਪ ਖਾਦੈਂ....ਨਾ ਕਿਸੇ ਨੂੰ ਖਾਣ ਦਿੰਦੈ....ਭੈਣ ਦਾ ਦੀਨਾ.......ਬਹੁਤਾ ਸਟਾਫ਼ ਤਾਂ ਦੁਖੀ ਐ ਏਹਤੋਂ......ਮੈਂ ਨੀ ਰਿਸਕ ਲੈਂਦਾ....ਏਹਦੇ ਮੂੰਹ ਲੱਗਣ ਦਾ.........।'' ਕਲਰਕ ਨੇ ਹੌਲੀ ਦੇਣੇ ਮੂੰਹ ਉਸਦੇ ਕੰਨ ਕੋਲ ਕਰਦਿਆਂ ਗੱਲ ਮੁਕਾਈ ।
ਕਲਰਕ ਦੀਆਂ ਗੱਲਾਂ ਸੁਣ ਕੇ ਬਿੱਲੇ ਸੇਠ ਨੂੰ ਆਪਣਾ ਤੋਰੀ ਫੁਲਕਾ ਬੰਦ ਹੁੰਦਾ ਨ॥ਰ ਆ ਰਿਹਾ ਸੀ ।

ਯਾਦਗਾਰ

ਇੰਗਲੈਂਡ ਵਿੱਚ ਮੀਤੇ ਦਾ ਕੰਮ ਕਸ਼ਮਕਸ਼ ਤੋਂ ਬਾਅਦ ਚੰਗਾ ਚੱਲ ਨਿਕਲਿਆ ਸੀ ਤੇ ਉਸਨੂੰ ਆਪਣੀ ਮਿੱਟੀ ਦਾ ਮੋਹ ਜਾਗਿਆ । ਅੱਜ ਕਈ ਵਰ੍ਹਿਆਂ ਮਗਰੋਂ ਇੰਗਲੈਂਡ ਤੋਂ ਮੀਤਾ ਆਪਣੇ ਵਤਨ ਕੁੱਝ ਮਹੀਨਿਆਂ ਲਈ ਪਰਤਿਆ। ਵਤਨ ਆ ਕੇ ਮੀਤੇ ਦੇ ਮਨ ਵਿੱਚ ਪੁਰਾਣੀਆਂ ਯਾਦਾਂ ਤਾ॥ਾ ਹੋ ਗਈਆਂ ਕਿ ਕਿਵੇਂ ਉਸਦੀ ਵਿਧਵਾ ਮਾਂ ਨੇ ਆਪਣਾ ਸਭ ਕੁਝ ਵੇਚ ਵੱਟ ਕੇ ਉਸਨੂੰ ਵਿਦੇਸ਼ ਭੇਜਿਆ ਸੀ ਤੇ ਪਿੱਛੋਂ ਉਸ ਦੀ ਵਿਚਾਰੀ ਮਾਂ ਤੰਗ ਤੁਰਸ਼ੀ ਦਾ ਜੀਵਨ ਬਿਤਾਉਂਦੀ ਹੋਈ ਚੱਲ ਵਸੀ ਸੀ ਤੇ ਮੀਤਾ ਆਪਣੀ ਮਾਂ ਦੇ ਸੰਸਕਾਰ ਮੌਕੇ ਵੀ ਪਿੰਡ ਨਹੀਂ ਪਹੁੰਚ ਸਕਿਆ ਸੀ।
ਪਿੰਡ ਆ ਕੇ ਉਸਨੂੰ ਆਪਣੀ ਮਾਂ ਬਹੁਤ ਯਾਦ ਆ ਰਹੀ ਸੀ । ਉਸਨੇ ਆਪਣੀ ਮਾਂ ਦੀ ਯਾਦ ਨੂੰ ਤਾਜਾ ਰੱਖਣ ਲਈ ਪਿੰਡ ਵਿੱਚ ਇੱਕ ਯਾਦਗਾਰ ਬਣਾਉਣ ਵਾਸਤੇ ਸੋਚਿਆ । ਕਿਸੇ ਨੇ ਸਕੂਲ, ਕਿਸੇ ਡਿਸਪੈਂਸਰੀ, ਕਿਸੇ ਨੇ ਮੰਦਰ-ਗੁਰਦੁਆਰਾ ਅਤੇ ਕਿਸੇ ਨੇ ਧਰਮਸ਼ਾਲਾ ਬਣਾਉਣ ਦੀ ਸਲਾਹ ਦਿੱਤੀ। ਮੀਤਾ ਕੋਈ ਫੈਸਲਾ ਨਹੀਂ ਕਰ ਸਕਿਆ । ਸੋਚਾਂ ਵਿੱਚ ਡੁੱਬਿਆ ਹੋਇਆ ਮੀਤਾ ਆਪਣੇ ਇੱਕ ਬੁੱਧੀਜੀਵੀ ਮਿੱਤਰ ਕੋਲ ਇਸ ਬਾਰੇ ਸਲਾਹ ਲੈਣ ਗਿਆ ਤਾਂ ਉਸ ਦਾ ਦੋਸਤ ਬੋਲਿਆ ਕਿ 'ਮੀਤੇ ਯਾਰ ਤੇਰੀ ਇਹ ਗੱਲ ਮੈਨੂੰ ਬੜੀ ਚੰਗੀ ਲੱਗੀ ਕਿ ਤੂੰ ਆਪਣੀ ਮਾਂ ਦੀ ਯਾਦ ਵਿੱਚ ਕੁਝ ਬਣਾਉਣ ਦਾ ਫੈਸਲਾ ਕੀਤਾ ਏ, ਅੱਜ ਦੇ ॥ਮਾਨੇ 'ਚ ਨਹੀਂ ਕੌਣ ਅਜਿਹੀਆਂ ਗੱਲਾਂ ਸੋਚਦਾ ਏ, ਮੇਰੀ ਤਾਂ ਇਸ ਵਾਸਤੇ ਇਹੀ ਰਾਇ ਐ ਕਿ ਤੇਰੇ ਜਾਣ ਪਿੱਛੋਂ ਚਾਚੀ ਇੱਥੇ ਤੰਗ ਤੁਰਸ਼ੀ ਦਾ ਜੀਵਨ ਬਿਤਾਉਂਦੀ ਹੋਈ.... ਚੱਲ ਵਸੀ...... ਤਿਲ ਤਿਲ ਪਾਈ ਪਾਈ ਕਰਦੀ ਚੱਲ ਵਸੀ । ਮੈਂ ਚਾਹੁੰਦਾ ਹਾਂ ਕਿ ਤੂੰ ਅਜਿਹਾ ਇੱਕ ਆਸ਼ਰਮ ਬਣਾਵੇਂ ਜਿਸ ਵਿੱਚ ਅਜਿਹੇ ਬਿਰਧ ਲੋਕ ਆਪਣਾ ਜੀਵਨ ਬਤੀਤ ਕਰ ਸਕਣ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ.......ਤੇ ਆਸ਼ਰਮ ਬੁਢਾਪੇ ਵਿੱਚ ਉਹਨਾਂ ਦੀ ਡੰਗੋਰੀ ਬਣ ਸਕੇ।' ਮੀਤੇ ਨੂੰ ਆਪਣੇ ਦੋਸਤ ਦੀ ਸਲਾਹ ਪਸੰਦ ਆ ਗਈ ਤੇ ਉਹ ਇੱਕ ਵਧੀਆ ਆਸ਼ਰਮ ਬਣਵਾ ਕੇ ਉਸ ਦੇ ਗੇਟ ਉੱਪਰ ਆਪਣੀ ਮਾਂ ਦਾ ਨਾਂ ਲਿਖਵਾ ਕੇ ਇਸ ਆਸ ਨਾਲ ਵਾਪਿਸ ਇੰਗਲੈਂਡ ਜਾ ਰਿਹਾ ਸੀ ਕਿ ਅੱਗੇ ਤੋਂ ਕੋਈ ਵੀ ਬਿਰਧ ਵਿਅਕਤੀ ਬੇਵਾਰਸਾ ਨਹੀਂ ਮਰੇਗਾ ।

ਜਮੀਰ ਦਾ ਹਲਫ਼ੀਆ ਬਿਆਨ

ਦੇਬੂ ਪਾਸੇ ਤੇ ਪਾਸਾ ਪਲਟ ਰਿਹਾ ਸੀ ਪਰ ਨੀਂਂਦ ਤਾਂ ਉਸ ਤੋਂ ਕੋਹਾਂ ਦੂਰ ਸੀ । ਅੱਜ ਦਿਨ ਦੇ ਦ੍ਰਿਸ਼ ਵਾਰ-ਵਾਰ ਉਸ ਦੀਆਂ ਅੱਖਾਂ ਸਾਹਮਣੇ ਆ ਰਹੇ ਸਨ .... ਉਹ ਸੋਚ ਰਿਹਾ ਸੀ ਕਿ ਉਸ ਨੂੰ ਅਜਿਹੇ ਪ੍ਰੋਗਰਾਮ ਵਿੱਚ ਜਾਣਾ ਹੀ ਨਹੀਂ ਚਾਹੀਦਾ ਸੀ ਪਰ ਹਾਲਾਤ ਹੱਥੋਂ ਮਜਬੂਰ ਸੀ । ਉਸ ਨੂੰ ਯਾਦ ਆ ਰਿਹਾ ਸੀ ਕਿ ਕਿਵੇਂ ਉਸ ਦੇ ਪਿਉ ਨੇ ਫੌਜ ਵਿੱਚੋਂ ਇਨਾਮ ਜਿੱਤ ਕੇ ਪਿੰਡ ਦਾ ਨਾਂ ਰੋਸ਼ਨ ਕੀਤਾ ਸੀ ... ਤੇ ਉਹ ਕਿੰਨੇ ਸੌਖੇ ਸਨ ...... ਪਰ ਪਿਉ ਦੀ ਮੌਤ ਤੋਂ ਬਾਦ ਟੱਬਰ ਦੀ ਕਬੀਲਦਾਰੀ ਨੇ ਉਸ ਨੂੰ ਦੱਬ ਲਿਆ ਸੀ .... ਤੇ ਹੁਣ ਸਾਰਾ ਦਿਨ ਦਿਹਾੜੀ-ਦੱਪਾ ਕਰਕੇ ਵੀ ਆਥਣ ਦੀ ਰੋਟੀ ਦਾ ਜੁਗਾੜ ਮਸਾਂ ਹੁੰਦਾ ਸੀ ... ਬਾਪੂ ਦੀ ਪੈਨਸ਼ਨ ਤੇ ਤਮਗੇ ਜਿੰਨ੍ਹਾਂ ਬਾਰੇ ਉਹ ਹੁੱਬ ਕੇ ਸਾਥੀਆਂ ਨੂੰ ਕਹਾਣੀ ਸੁਣਾਇਆ ਕਰਦਾ ਸੀ .... ਘਰ ਦੀ ਕਬੀਲਦਾਰੀ ਅੱਗੇ ਸਭ ਛੋਟੇ ਹੋ ਗਏ ਸਨ....।'' ਇਨ੍ਹਾਂ ਗੱਲਾਂ ਨੂੰ ਸੋਚਦੇ ਹੋਏ ਉਸਨੇ ਪਾਸਾ ਪਰਤਿਆ ਤੇ ਅੱਜ ਦੇ ਦਿਨ ਦਾ ਦ੍ਰਿਸ਼ ਉਸ ਦੇ ਸਾਹਮਣੇ ਸਾਕਾਰ ਹੋ ਗਿਆ ।
''ਆਹ ਬਈ ! ਜਿਹੜੇ ਗਰੀਬ-ਗੁਰਬਿਆਂ ਦੇ ਪਰਿਵਾਰ ਨੇ ਸਟੇਜ ਦੇ ਇੱਧਰਲੇ ਪਾਸੇ ਆ ਕੇ ਲਾਈਨ 'ਚ ਖੜੇ ਹੋ ਜਾਓ .... ਨਾਂ ਬੋਲਣ ਤੇ ਪੰਜ-ਪੰਜ ਸੌ ਰੁਪੈ ਫੜੀ ਜਾਇਓ ।'' ਪਿੰਡ ਦੇ ਨਵੇਂ ਬਣੇ ਕਲੱਬ ਵੱਲੋਂ ਰੱਖੇ ਸਮਾਗਮ ਦੌਰਾਨ ਸਟੇਜ ਸਕੱਤਰ ਬੋਲ ਰਿਹਾ ਸੀ । ਉਹ ਨਾਲ-ਨਾਲ ਮਾਈਕ ਤੇ ਇਹ ਵੀ ਬੋਲ ਰਿਹਾ ਸੀ ''ਇਹ ਗਰੀਬ, ਮੋਹਤਾਜ ਪਰਿਵਾਰ ਨੇ ......ਕਲੱਬ ਇਹਨਾਂ ਦੀ ਸਹਾਇਤਾ ਕਰ ਰਿਹਾ ਹੈ .... ਵਗੈਰਾ-ਵਗੈਰਾ । ਉਸ ਦੇ ਬੋਲਾਂ ਤੋਂ ਇੰਝ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਉਸਨੂੰ ਇਨ੍ਹਾਂ ਪਰਿਵਾਰਾਂ ਨਾਲ ਉੱਕਾ ਹੀ ਹਮਦਰਦੀ ਨਾ ਹੋਵੇ .... ਤੇ ਸਗੋਂ ਉਹ ਹਮਦਰਦੀ ਦੇ ਨਾਂ ਤੇ ਫੋਕੀ ਸ਼ੋਹਰਤ ਪ੍ਰਾਪਤ ਕਰਨ ਲਈ ਪਾਖੰਡ ਰਚ ਰਿਹਾ ਹੋਵੇ ।
ਜਦੋਂ ਦੇਬੂ ਦਾ ਨਾਂ ਪੁਕਾਰਿਆ ਗਿਆ ਤਾਂ ਉਸ ਨੂੰ ਸੁਣਿਆ ਹੀ ਨਹੀਂ । ਨਾਲ ਦੇ ਸਾਥੀ ਨੇ ਹਲੂਣੇ ਨਾਲ ਉਸ ਦੀ ਬਿਰਤੀ ਟੁੱਟੀ ਤੇ ਉਹ ਘੇਸਲ ਜਿਹੀ ਵੱਟਦਾ ਹੋਇਆ ਸਟੇਜ ਤੇ ਚੜ੍ਹ ਗਿਆ । ਸਟੇਜ ਤੇ ਚੜ੍ਹ ਕੇ ਪਤਾ ਨਹੀਂ ਉਸ ਨੂੰ ਕੀ ਹੋਇਆ .... ਉਸ ਨੇ ਸਟੇਜ ਸਕੱਤਰ ਤੋਂ ਮਾਇਕ ਖੋਹ ਲਿਆ ਤੇ ਉੱਚੀ-ਉੱਚੀ ਬੋਲਣ ਲੱਗਿਆ, ''ਤੁਸੀਂ ਅਜਿਹੇ ਪ੍ਰੋਗਰਾਮ ਕਰਕੇ ਸਾਡੇ ਨਾਲ ਹਮਦਰਦੀ ਜਤਾ ਰਹੇ ਹੋ .... ਜਾਂ ਸਾਡੀ ਗਰੀਬੀ ਦਾ ਮਜਾਕ ਉਡਾ ਰਹੇ ਹੋ ।'' ..... ਇੰਨੀ ਗੱਲ ਕਹਿ ਕੇ ਉਹ ਥੱਲੇ ਉੱਤਰ ਆਇਆ ।
ਸਟੇਜ ਸਕੱਤਰ ਡੌਰ-ਭੋਰ ਜਿਹਾ ਖੜਿਆ ਇਸ ਸਵਾਲ ਦੇ ਉੱਤਰ ਨੂੰ ਸੋਚ ਰਿਹਾ ਸੀ

Converted

ਆਪੋ ਆਪਣਾ ਘਰ

ਨੂੰਹ ਦੇ ਕਹੇ ਬੋਲਾਂ ਕਾਰਨ ਉਹ ਸਾਰੀ ਰਾਤੀਂ ਸੌਂ ਨਹੀਂ ਸਕਿਆ । ਸਵੇਰੇ ਸੈਰ ਤੇ ਉਸ ਦੇ ਦੋਸਤ ਨੇ ਪੁੱਛ ਹੀ ਲਿਆ, ''ਕੀ ਗੱਲ ਵੇਦ ਪ੍ਰਕਾਸ਼ ਅੱਜ ਮੂਡ ਕੁਛ ਠੀਕ ਨਹੀਂ ਲੱਗ ਰਿਹਾ... ਲੱਗਦੈ ਘਰੇ ਜਰੂਰ ਫੇਰ ਕੁਝ ਕਿਹਾ ਹੋਊ।''
''ਕੀ ਦੱਸਾਂ ਭਾਈ ! ਜਦੋਂ ਆਪਣੇ ਜੰਮਣ ਵਾਲੇ ਹੀ ਬੈਗਾਨੇ ਬਣ ਜਾਣ ਤਾਂ ਦੂਸਰਾ ਕੌਣ ਚੌਪੜੀਆਂ ਦੇਊ... ਤੈਨੂੰ ਤਾਂ ਪਤਾ ਈ ਹੈ ਕਿ ਮਹਿਕਮੇ ਵਿੱਚ ਰਿਟਾਇਰਮੈਂਟ ਤੋਂ ਕੁਝ ਸਮੇਂ ਬਾਦ ਹੀ ਤੇਰੀ ਭਰਜਾਈ ਰੱਬ ਨੂੰ ਪਿਆਰੀ ਹੋ ਗਈ ਸੀ ... ਬੱਸ ਉਸ ਤੋਂ ਬਾਦ ਤਾਂ ਮੇਰਾ ਜਿਊਣਾ ਹੀ ਨਰਕ ਹੋ ਗਿਆ ਹੈ ...... ।''
''ਨਾ ... ਗੱਲ ਕੀ ਹੋਈ ਸੀ ।'' ... ਦੋਸਤ ਨੇ ਪੂਰੀ ਗੱਲ ਜਾਨਣ ਦੇ ਇਰਾਦੇ ਨਾਲ ਪੁੱਛਿਆ ।
''ਗੱਲ ਕੀ ਹੋਣੀ ਸੀ ...ਕੱਲ ਸ਼ਾਮ ਨੂੰ ਦੋਵੇਂ ਮੀਆਂ-ਬੀਵੀ ਸਿਨੇਮੇ ਜਾਣਾ ਚਾਹੁੰਦੇ ਸਨ ...ਏਸ ਕਰਕੇ ਸਾਜਰੇ ਹੀ ਰੋਟੀ ਬਣਾ ਧਰੀ ... ਬਹੂ ਮੈਨੂੰ ਕਹਿੰਦੀ ਕਿ ਪਾਪਾ ਜੀ ਰੋਟੀ ਖਾ ਲਓ... ।''
''ਫੇਰ ?
''ਮੈਂ ਕਿਹਾ ਬੇਟਾ ਮੈਨੂੰ ਅਜੇ ਭੁੱਖ ਨਹੀਂ ... ਬਾਦ ਵਿੱਚ ਆ ਕੇ ਦੇ ਦੇਣਾ ... ਮੇਰੇ ਇੰਨਾ ਕਹਿਣ ਦੀ ਦੇਰ ਸੀ ਕਿ ਬਹੂ ਦਾ ਗੁੱਸਾ ਸੱਤਵੇਂ ਆਸਮਾਨ ਤੇ ਚੜ੍ਹ ਗਿਆ । ...ਨਾਂ ਅਸੀਂ ਵੇਹਲੇ ਆ ... ਰਾਤ ਨੂੰ ਆ ਕੇ ਰੋਟੀ ਦੇਈਏ ... ਅਸੀਂ ਸੌਣਾ ਵੀ ਹੈ ... ਸਾਡੀ ਵੀ ਆਪਣੀ ਕੋਈ ਲਾਈਫ਼ ਏ ... ਨਾ ਆਪ ਠੀਕ ਤਰ੍ਹਾਂ ਜਿਉਂਦੇ ਨੇ ... ਨਾ ਦੂਸਰਿਆਂ ਨੂੰ ਜਿਊਣ ਦਿੰਦੇ ਨੇ ... ਪਤਾ ਨੀ ਹੋਰ ਕੀ ਕੁਝ ਕਿਹਾ .......'' ਬੋਲਦੇ-ਬੋਲਦੇ ਹੋਏ ਉਸ ਦਾ ਗੱਚ ਭਰ ਆਇਆ ।
''ਦੇਖ ਭਾਈ ਵੇਦ ਪ੍ਰਕਾਸ਼ ! ਕਰੀਂ ਤਾਂ ਤੂੰ ਆਪਣੀ ਮਰਜੀ .... ਮੇਰੀ ਪੁੱਛਦੈਂ ਤਾਂ ਇਹੀ ਰਾਇ ਏ .... ਤੇਰੇ ਕੋਲ ਪੈਸੇ ਟਕੇ ਦਾ ਕੋਈ ਘਾਟਾ ਹੈ ਨੀਂ ... ਪਰ ॥ਨਾਨੀ ਬਿਨਾਂ ਬੰਦੇ ਦੀ ਜਿੰਦਗੀ ਏਸ ਉਮਰ 'ਚ ਤਾਂ ਊਈਂ ਨਰਕ ਬਣ ਜਾਂਦੀ ਏ ... ਮੈਂ ਤਾਂ ਕਹਿਨਾ ਕਿਸੇ ਲੋੜਵੰਦ ਤੇ ਚੁੰਨੀ ਪਾ ਲੈ ... ।''
''ਤੇਰਾ ਦਿਮਾਗ ਤਾਂ ਨਹੀਂ ਖਰਾਬ ... ਮੈਂ ਏਸ ਉਮਰ 'ਚ... ਇਹੋ ਜਿਹਾ ਕੰਮ ਕਰਦਾ... ਲੋਕ ਕੀ ਕਹਿਣਗੇ .... ?''
''ਲੋਕਾਂ ਦੀ ਜਿਆਦਾ ਪ੍ਰਵਾਹ ਨਹੀਂ ਕਰੀਦੀ ... ਸਭ ਨੂੰ ਆਪੋ ਆਪਣੀ ਜਿੰਦਗੀ ਜਿਊਣ ਦਾ ਪੂਰਾ ਹੱਕ ਹੈ ... ਨਾਲੇ ਕਿਸੇ ਬਿਰਧ ਆਸ਼ਰਮ 'ਚ ਜਾ ਕੇ ਮਰਨ ਨਾਲ ਤਾਂ ਆਪਣੇ ਘਰ ਸੁਖੀ ਜੀਵਨ ਬਤੀਤ ਕਰਨਾ ਕਿਤੇ ਜਿਆਦਾ ਚੰਗਾ ਹੈ ।''
ਸੇਠ ਵੇਦ ਪ੍ਰਕਾਸ਼ ਆਪਣੇ ਦੋਸਤ ਦੀਆਂ ਗੱਲਾਂ ਨਾਲ ਸਹਿਮਤੀ ਜਿਹੀ ਪ੍ਰਗਟ ਕਰਦਾ ਹੋਇਆ ਆਪਣੇ 'ਨਵੇਂ ਘਰ' ਦੀ ਤਲਾਸ਼ 'ਚ ਜੁਟ ਗਿਆ ।

Wednesday, March 14, 2012

ਫੈਸਲਾ

"ਦੇਖੋ ਜੀ ਆਪਣੀ ਸਾਂਝੀ ਗੱਲ ਸੀ ਕਿ ਬੱਚੇ ਲਈ ਜਲਦਬਾਜ਼ੀ ਨਹੀਂ ਕਰਾਂਗੇ, ਮੈਂ ਥੋਨੂੰ ਕਈ ਵਾਰ ਕਿਹਾ ਸੀ ਕਿ ਪ੍ਰਹੇਜ ਵਰਤਿਆ ਕਰੋ, ਪਰ ਤੁਸੀਂ ਮੇਰੀ ਇੱਕ ਨਾ ਮੰਨੀ..... ਅਖੇ ਸਵਾਦ 'ਚ ਫਰਕ ਪੈਂਦੇ... ਮੈਂ ਤਾਂ ਉਦੋਂ ਕਿਹਾ ਸੀ ਕਿ ਗੋਲੀ ਲਿਆ ਦਿਓ, ਪਰ ਆਪਣੀ ਮਾਂ ਦੇ ਮਗਰ ਲੱਗਕੇ ਤੁਸੀਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ....... ਦੇਖ ਲਿਆ ਹੁਣ ਜਿਹਦਾ ਡਰ ਸੀ........." ਭਰੀ ਪੀਤੀ ਸਿਮਰਨ ਇੱਕੋ ਸਾਹੇ ਸਭ ਕੁੱਝ ਕਹਿ ਗਈ|
"ਏਹਦੇ ਚ ਏਡਾ ਵੱਡਾ ਫਸਾਦ ਖੜਾ ਕਰਨ ਵਾਲੀ ਕੇਹੜੀ ਗੱਲ ਐ...... ਆਪਣਾ ਪਹਿਲਾ ਬੱਚਾ ਹੈ, ਮੁੰਡਾ ਨਾ ਸਹੀ, ਕੁੜੀ ਹੀ ਸਹੀ, ਆਪਾਂ ਨੂੰ ਸਭ ਬਰੋਬਰ ਨੇ...." ਜਸਦੇਵ ਨੇ ਆਪਣੀ ਗੱਲ ਰੱਖੀ|
"ਜਾਣਦੀ ਆਂ ਜਾਣਦੀ ਆਂ ਵੱਡੇ ਫਿਲਾਸਫਰ ਨੂੰ... ਇੱਕੋ ਜਿਹੇ ਨੇ ਪਰ ਚੋਰੀ ਛੁਪੇ ਹਜ਼ਾਰਾ ਰੁਪਈਆਂ ਡਾਕਟਰਨੀ ਕੋਲ ਫੂਕ ਕੇ, ਮੇਰੇ ਗਲ ਗੂਠਾ ਦੇ ਕੇ ਪਤਾ ਕਿਓ ਕਰਾਇਆ .... ਸਿਮਰਨ ਕੋਈ ਗੱਲ ਢੱਕੀ ਨਹੀਂ ਰਹਿਣ ਦੇਣਾ ਚਾਹੁੰਦੀ ਸੀ|
"ਉਹ ... ਉਹਤਾਂ ..... ਤੈਨੂੰ ਕੀ ਪਤਾ ਨੀ....... ਮਾਂ ਖਹਿੜੇ ਪੈ ਗਈ ਸੀ|"
"ਨਾ ਹੁਣ ਕੀ ਕਹਿੰਦੀ ਐ .... ਤੇਰੀ ਬੇਬੇ|"
"ਬੇਬੇ ਨੇ ਤਾ ਕਿਹਾ ਕਿ ਭਾਈ ਆਪਣੀ ਮਰਜ਼ੀ ਕਰੋ .... ਬਹੂ ਤੋਂ ਪੁੱਛ ਜਿਵੇਂ ਕਹਿੰਦੀ ਐ...." ਜਸਦੇਵ ਨੇ ਅੰਦਰਲੀ ਗੱਲ ਦੱਸੀ|
ਸੱਚੀ............?
ਹਾਂ.........|
"ਮੈਨੂੰ ਤਾਂ ਨਹੀਂ ਲਗਦਾ ........... ਸਿਮਰਨ ਨੇ ਤੌਖਲਾ ਪ੍ਰਗਟ ਕੀਤਾ|
ਹਾਂ, ਇਹ ਬਿਲਕੁਲ ਸੱਚ ਐ".. ਜਸਦੇਵ ਨੇ ਜ਼ੋਰ ਦੇ ਕੇ ਕਿਹਾ|
ਤਾਂ ਚਲੋ ਠੀਕ ਐ.......... ਮਾਂ ਜੀ ਨੇ ਬੜੀ ਵਧੀਆ ਗੱਲ ਕੀਤੀ ਐ..........ਮੈਂ ਤਾਂ ਊਈਂ ਡਰ ਦੇ ਮਾਰੇ ਅਵਾ-ਤਵਾ ਬੋਲੀ ਜਾਂਦੀ ਸਾਂ...... ਅੱਜ ਕੱਲ ਕੁੜੀਆਂ ਕੇਹੜਾ ਕਿਸੇ ਗੱਲੋਂ ਘੱਟ ਨੇ ........ਆਪਾਂ ਆਪਣੀ ਆਉਣ ਵਾਲੀ ਲਾਡਲੀ ਦੀ ਚੰਗੀ ਪਰਵਿਰਸ਼ ਕਰਾਂਗੇ......." ਇਹ ਕਹਿੰਦੇ ਹੋਏ ਸਿਮਰਨ ਆਪਣਾ ਸਿਰ ਜਸਦੇਵ ਦੇ ਮੋਢਿਆਂ ਤੇ ਰੱਖ ਕੇ ਭਵਿੱਖ ਦੇ ਸੁਪਨਿਆਂ 'ਚ ਗਵਾਚ ਗਈ|

ਵੈੱਲਕਮ

ਕਾਗਜ਼ ਤੇ ਲਿਖੇ ਇੱਕ ਵਾਕ ਨੂੰ ਪੜ੍ਹ ਕੇ ਹੀ ਉਸਦੇ ਹੋਸ਼ ਉੱਡ ਗਏ| ਪਿਛਲੇ ਹਫਤੇ ਹੀ ਉਹ ਆਪਣੇ ਦੋਸਤ ਸ਼ਾਮ ਨੂੰ ਨਾਲ ਲੈ ਕੇ ਮੰਸੂਰੀ ਦੀ ਸੈਰ ਕਰਕੇ ਆਇਆ ਸੀ| ਇੱਕ ਇੱਕ ਕਰਕੇ ਸਾਰੀਆਂ ਗੱਲਾਂ ਉਸਦੇ ਚੇਤੇ ਆਉਣ ਲੱਗੀਆਂ|
"ਸੋਹਣੀ ਕੁੜੀ ਦਿਖੀ ਨਹੀਂ .... ਸਾਲਿਆ ਤੇਰੀ ਲਾਰ ਪਹਿਲਾਂ ਟਪਕ ਜਾਂਦੀ ਐ...."
ਮੰਸੂਰੀ ਦੀਆਂ ਹਸੀਨ ਵਾਦੀਆਂ ਵਿੱਚ ਸੈਰ ਕਰਦੇ ਹੋਏ ਸ਼ਾਮ ਨੇ ਉਸਨੂੰ ਕਿਹਾ ਸੀ|
'ਯਾਰ! ਏਹਦੇ 'ਚ ਲਾਰ ਟਪਕਣ ਵਾਲੀ ਕਿਹੜੀ ਗੱਲ ਐ.... ਸੋਹਣੀ ਚੀਜ਼ ਦੀ ਤਾਰੀਫ ਤਾਂ ਕਰਨੀ ਹੀ ਬਣਦੀ ਐ... ਨਾਲੇ ਆਪਾਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਜੇ ਬਾਹਰ ਘੁੰਮਣ ਜਾਣਾ ਐ ਤਾਂ ਯਾਰ ਉੱਥੇ ਫੁੱਲ ਐਨਜੁਆਏ ਕਰਨਗੇ...|" ਉਸਨੇ ਸ਼ਾਮ ਨੂੰ ਮੋੜਵਾਂ ਉੱਤਰ ਦਿੰਦੇ ਹੋਏ ਕਿਹਾ|
ਉਹ ਤਾਂ ਤੇਰੀ ਗੱਲ ਠੀਕ ਆਂ... ਮੈਂ ਕਿਹੜਾ ਤੈਨੂੰ ਮਨ੍ਹਾਂ ਕਰਦਾ ... ਰਾਤ ਨੂੰ ਚੱਲਾਂਗੇ, ਉੱਥੇ ਜਿੱਥੇ ਸਭ ਕੁੱਝ ਆਪਣੀ ਇੱਛਾ ਦਾ ਮਿਲਦੈ... ਸ਼ਾਮ ਨੇ ਵੀ ਉਸਦੀ ਸੁਰ ਵਿੱਚ ਸੁਰ ਮਿਲਾਈ|
ਨਹੀ ਯਾਰ ਉੱਥੇ ਨਹੀਂ ਮੈਂ ਤਾਂ ਆਪਣੀ ਉਸੇ ਨਵੀਂ ਦੋਸਤ ਕੋਲ ਜਾਊ ..ਜਿਹੜੀ ਕੱਲ੍ਹ ਮਿਲੀ ਸੀ ਅਤੇ ਨਾਲ ਹੀ ਆਪਣੇ ਘਰ ਰਾਤ ਦੇ ਖਾਣੇ ਦੀ ਦਾਵਤ ਦਿੱਤੀ ਸੀ.. ਬੜੀ ਚੀਜ਼ ਐ ਉਹ...|"
'ਮੈਨੂੰ ਤਾਂ ਬਿਲਕੁੱਲ ਨਹੀ ਜਚੀ ਉਹ .... ਥੋੜੇ ਸਮੇਂ ਵਿੱਚ ਹੀ ਤੇਰੇ ਨਾਲ ਐਨਾ ਖੁੱਲਗੀ ਕਿ ਤੈਨੂੰ ਖਾਣੇ ਦੀਆਂ ਦਾਵਤਾਂ ਦੇਣ ਲੱਗ ਪਹੀ... ਦੇਖਕੇ ਚੱਲ..... ਇੱਥੇ ਆਪਣੇ ਘਰ ਤੋਂ ਦੂਰ ਆਕ ੇ ਆਪਣਾ ਕੀ ਵੱਟੀਦਾ ਐ...! ਸ਼ਾਮ ਨੇ ਤੌਲਖਾ ਪ੍ਰਗਟ ਕੀਤਾ ਸੀ|
"ਤੂੰ ਸਾਰੀ ਉਮਰ ਡਰਪੋਕ ਹੀ ਰਹੇਗਾ .... ਜੇ ਇੱਥੇ ਆ ਕੇ ਐਸ਼ ਨਾ ਕੀਤੀ ਤਾਂ ਆਏ ਕੀ ਧੱਕੇ ਖਾਣ ਸੀ....|" ਉਸਨੇ ਸਿਗਰਟ ਦਾ ਲੰਮਾ ਕਸ਼ ਖਿੱਚਦੇ ਹੋਏ ਆਪਣਾ ਫੈਸਲਾ ਸੁਣਾਇਆ|
ਸ਼ਾਮ ਤੋਂ ਬਿਨਾਂ ਹੀ ਉਹ ਆਪਣੇ ਅੰਦਰਲੇ ਜਵਾਲਾਮੁਖੀ ਨੂੰ ਸ਼ਾਂਤ ਕਰ ਆਇਆ ਸੀ|
"ਵੈੱਲਕਮ ਟੂ ਐੱਚ.ਆਈ.ਵੀ. ਵਰਲਡ ...." ਡਾਕ ਵਿੱਚ ਆਏ ਖਤ ਨੂੰ ਦੁਬਾਰਾ ਪੜਦੇ ਹੋਏ, ਇਹ ਨਹੀਂ ਹੋ ਸਕਦਾ... ਨਹੀਂ ਹੋ ਸਕਦਾ" ਕਹਿੰਦਿਆਂ -2 ਉਹ ਬੇਹੋਸ਼ ਹੋ ਕੇ ਡਿੱਗ ਪਿਆ|

Tuesday, March 13, 2012

ਮੁਕਤੀ

ਪੁੱਤਰ! ਮੇਰੀ ਤਾਂ ਇਹੀ ਅਰਜ਼ ਐ ਕਿ ਮੇਰੇ ਮਰਨ ਤੋਂ ਬਾਦ ਮੇਰੇ ਫੁੱਲ ਗੰਗਾ ਜੀ ਪਾ ਕੇ ਆਈਂ…।” ਮਰਨ ਕਿਨਾਰੇ ਪਏ ਬਿਸ਼ਨੇ ਬੁੜ੍ਹੇ ਨੇ ਆਪਣੇ ਇਕਲੌਤੇ ਪੁੱਤਰ ਵਿਸਾਖਾ ਸਿੰਘ ਅੱਗੇ ਤਰਲਾ ਜਿਹਾ ਕੀਤਾ ਸੀ। ਘਰ ਦੀ ਗੁਰਬਤ ਦੇ ਕਾਰਨ ਇਲਾਜ ਕਰਾਉਣਾ ਹੀ ਔਖਾ ਸੀ। ਉੱਪਰੋਂ ਮਰਨੇ ਦੇ ਖਰਚੇ, ਫੁੱਲ ਪਾਉਣ ਆਦਿ ਦੀਆਂ ਰਸਮਾਂ ਤੇ ਹੋਣ ਵਾਲੇ ਸੰਭਾਵੀ ਖਰਚਿਆਂ ਬਾਰੇ ਕਿਆਸ ਕਰ ਕੇ, ਉਹ ਧੁਰ ਅੰਦਰ ਤੱਕ ਕੰਬ ਜਾਂਦਾ ਸੀ।
“ਲਓ ਬੱਚਾ! ਪਾਂਚ ਰੁਪਏ ਹਾਥ ਮੇਂ ਲੇਕਰ ਸੂਰਜ ਦੇਵਤਾ ਕਾ ਧਿਆਨ ਕਰੋ।” ਫੁਟਬਾਲ ਵਰਗੇ ਢਿੱਡ ਵਾਲੇ ਪੰਡੇ ਦੇ ਬੋਲਾਂ ਨੇ ਉਸਦੀ ਸੁਰਤੀ ਨੂੰ ਵਾਪਸ ਮੋੜਿਆ।
ਗੰਗਾ ਵਿਚ ਖੜੇ ਉਸਨੂੰ ਕਾਫੀ ਸਮਾਂ ਹੋ ਗਿਆ ਸੀ। ਪੰਡਾ ਕਦੇ ਕਿਸੇ ਦੇ ਨਾਂ ਤੇ, ਕਦੇ ਕਿਸੇ ਦੇ ਨਾਂ ਤੇ, ਉਸ ਤੋਂ ਪੰਜ-ਪੰਜ, ਦਸ-ਦਸ ਕਰ ਕੇ ਰੁਪਏ ਬਟੋਰ ਰਿਹਾ ਸੀ।
“ਏਸੇ ਕਰੋ ਬੇਟਾ! ਦਸ ਰੁਪਏ ਦਾਏਂ ਹਾਥ ਮੇਂ ਲੇਕਰ ਅਪਨੇ ਪੂਰਵਜੋਂ ਕਾ ਧਿਆਨ ਕਰੋ…ਇਸ ਸੇ ਮਰਨੇ ਵਾਲੇ ਕੀ ਆਤਮਾ ਕੋ ਸ਼ਾਤੀ ਮਿਲਤੀ ਹੈ…।”
ਹੁਣ ਉਸ ਤੋਂ ਰਿਹਾ ਨਾ ਗਿਆ, “ਪੰਡਤ ਜੀ, ਆਹ ਕੀ ਠੱਗੀ-ਠੋਰੀ ਫੜੀ ਐ…ਇਕ ਤਾਂ ਸਾਡਾ ਬੰਦਾ ਜਹਾਨ ਤੋਂ ਚਲਾ ਗਿਆ, ਉੱਤੋਂ ਤੁਸੀਂ ਮਰੇ ਦਾ ਮਾਸ ਖਾਣੋਂ ਨਹੀਂ ਹਟਦੇ। ਇਹ ਕਿਹੋ ਜਿਹੇ ਸੰਸਕਾਰ ਨੇ?”
“ਅਰੇ ਮੂਰਖ! ਤੁਮ੍ਹੇਂ ਪਤਾ ਨਹੀਂ ਬ੍ਰਾਹਮਣੋਂ ਸੇ ਕੈਸੇ ਬਾਤ ਕੀ ਜਾਤੀ ਹੈ! ਜਾਓ, ਮੈਂ ਨਹੀਂ ਕਰਵਾਤਾ ਪੂਜਾ। ਡਾਲੋ, ਕੈਸੇ ਡਾਲੋਗੇ ਗੰਗਾ ਮੇਂ ਫੂਲ?…ਅਬ ਤੁਮ੍ਹਾਰੇ ਬਾਪ ਕੀ ਗਤੀ ਨਹੀਂ ਹੋਗੀ…ਉਸ ਕੀ ਆਤਮਾ ਭਟਕਤੀ ਫਿਰੇਗੀ…।” ਪੰਡੇ ਨੇ ਗੁੱਸੇ ਹੁੰਦਿਆਂ ਕਿਹਾ।
“ਬਾਪੂ ਨੇ ਜਦੋਂ ਏਥੇ ਸਵਰਗ ਨਹੀਂ ਭੋਗਿਆ…ਸਾਰੀ ਉਮਰ ਦੁੱਖਾਂ ’ਚ ਗਾਲਤੀ… ਆਹ ਤੇਰੇ ਮੰਤਰ ਕਿਹੜੇ ਸਵਰਗਾਂ ’ਚ ਵਾੜ ਦੇਣਗੇ…ਲੋੜ ਨੀਂ ਮੈਨੂੰ ਥੋਡੇ ਇਨ੍ਹਾਂ ਮੰਤਰਾਂ ਦੀ…ਜੇ ਤੂੰ ਨਹੀਓਂ ਫੁੱਲ ਪਵਾਉਂਦਾ ਤਾਂ…” ਇੰਨਾ ਕਹਿੰਦਿਆਂ ਉਸ ਨੇ ਆਪਣੇ ਹੱਥਾਂ ਵਿਚ ਫੜੇ ਫੁੱਲਾਂ ਨੂੰ ਥੋੜਾ ਨੀਵਾਂ ਕਰ ਕੇ ਗੰਗਾ ਦੀਆਂ ਲਹਿਰਾਂ ਨਾਲ ਇਕਮਿਕ ਕਰਦਿਆਂ ਫੇਰ ਕਿਹਾ, “ਲੈ ਆਹ ਪਾਤੇ।”
ਉਸਦਾ ਇਹ ਢੰਗ ਦੇਖ ਕੇ ਪੰਡੇ ਦਾ ਮੂੰਹ ਅੱਡਿਆ ਰਹਿ ਗਿਆ।

ਇਕ ਗਦਰ ਹੋਰ

ਉੱਚੀ ਹਵੇਲੀ ਵਾਲੇ ਸਰਦਾਰਾਂ ਦੀ ਕੁਡ਼ੀ ਦੇ ਇਕ ਗਰੀਬ ਮੁੰਡੇ ਨਾਲ ਭੱਜਣ ਦੀ ਗੱਲ ਪੂਰੇ ਪਿੰਡ ਵਿਚ ਜੰਗਲ ਦੀ ਅੱਗ ਵਾਂਗ ਫੈਲ ਚੁੱਕੀ ਸੀ।

ਕੁਡ਼ੀ ਦੇ ਇਸ ਕਦਮ ਨੇ ਸਰਦਾਰ ਦਿਲਾਵਰ ਸਿੰਘ ਨੂੰ ਕਿਧਰੇ ਮੂੰਹ ਦਿਖਾਉਣ ਜੋਗਾ ਨਹੀਂ ਸੀ ਛੱਡਿਆ। ਉਸਨੇ ਆਪਣੀ ਬੰਦੂਕ ਨੂੰ ਲੋਡ ਕੀਤਾ ਤੇ ਮੁੰਡੇ ਦੇ ਘਰ ਵੱਲ ਨੂੰ ਚੱਲ ਪਿਆ।

“ਕਿੱਥੇ ਐ ਉਹ ਭੈਣ ਦਾ…ਬਚਨੀਏ, ਸਿੱਧੀ ਹੋ ਕੇ ਦੱਸ ਕਿ ਤੇਰਾ ਮੁੰਡਾ ਮੇਰੀ ਕੁਡ਼ੀ ਨੂੰ ਕਿੱਧਰ ਲੈ ਗਿਆ?…ਮੈਂ ਤਾਂ ਸਾਲੇ ਦੇ ਸੀਰਮੇ ਪੀ ਜੂੰ…ਇਕ ਵੇਰਾਂ ਮੇਰੇ ਸਾਮ੍ਹਣੇ ਆਜੇ…ਸਾਰੀਆਂ ਗੋਲੀਆਂ ਕੇਰਾਂ ਈ ਵਿਚ ਦੀ ਕੱਢ ਦੂੰ…” ਇੱਕੋ ਸਾਹੇ ਸਰਦਾਰ ਮੁੰਡੇ ਦੀ ਮਾਂ ਨੂੰ ਕਾਫੀ ਕੁਝ ਕਹਿ ਗਿਆ।

“ਮੈਨੂੰ ਕੀ ਪਤਾ… ਕਿੱਧਰ ਗਿਐ… ਉਹ…।”

“ਚੁੱਪ ਕਰ ਬਾਹਲੀ ਚਬਰ-ਚਬਰ ਨਾ ਕਰ…ਜੇ ਦੋ ਅੱਖਰ ਪਡ਼੍ਹ ਗਿਐ ਤਾਂ ਕੀ ਅਸਮਾਨ ਨੂੰ ਟਾਕੀਆਂ ਲਾਉਣੀਆਂ ਨੇ…ਆਪਣੀ ਜਾਤ ਨੀ ਦੇਖਦੇ…ਸਰਦਾਰ ਦੀ ਇੱਜ਼ਤ ਨੂੰ ਹੱਥ ਪਾਇਐ।”

“…ਜਾਣਦੀ ਐਂ…ਜਾਣਦੀ ਐਂ, ਵੱਡੇ ਸਰਦਾਰ ਦੀ ਇੱਜਤ ਨੂੰ…ਆਪਣੀ ਵਾਰੀ ਹੁਣ ਸੇਕ ਲਗਦੈ…ਜਦੋਂ ਮੈਂ ਗੋਹਾ-ਕੂਡ਼ਾ ਕਰਨ ਆਉਂਦੀ ਸੀ, ਉਦੋਂ ਕਿਵੇਂ ਚੋਰੀ-ਛਿਪੇ ਸਬਾਤ ’ਚ ਲੈ ਜਾਂਦਾ ਸੈਂ…ਮੈਂ ਪਤਾ ਨੀ ਉਦੋਂ ਕੀ ਸੋਚ ਕੇ ਚੁੱਪ ਕਰ ਜਾਂਦੀ ਸਾਂ…ਪਰ ਹੁਣ ਮੇਰੀ ਗੱਲ ਕੰਨ ਖੋਲ੍ਹ ਕੇ ਸੁਣ ਲੈ…ਮੇਰਾ ਪੁੱਤ ਅੱਜ ਈ ਕਚਹਿਰੀ ’ਚੋਂ ਵਿਆਹ ਕਰਾ ਕੇ ਮੁਡ਼ੂ…ਕਰ ਲੀਂ ਜੋ ਤੇਥੋਂ ਹੁੰਦੈ…ਮੈਂ ਵੀ ਦੇਖਦੀ ਐਂ ਜ਼ੋਰ
ਤੇਰਾ ਵੱਡੇ ਸਰਦਾਰ ਦਾ।”

ਬਚਨੀ ਸ਼ੀਂਹਣੀ ਬਣੀ ਖਲੋਤੀ ਸੀ।

Monday, March 12, 2012

ਗੁਰਮੰਤਰ

ਸੇਵਾ ਸਿੰਘ ਅੱਜ ਡੇਰੇ ਵਾਲੇ ਸੰਤਾਂ ਨੂੰ ਮਿਲ ਕੇ, ਸਰੂਰ ਵਿੱਚ ਆ ਦੋ ਹਾੜੇ ਵੱਧ ਹੀ ਲਾ ਗਿਆ ਸੀ।
“ਨਾ ਪੀਏ ਬਿਨਾਂ ਤੇਰੀ ਜਾਨ ਨਿਕਲਦੀ ਐ?…ਘਰ ਵਿੱਚ ਪਹਿਲਾਂ ਹੀ ਭੰਗ ਭੁੱਜਦੀ ਐ…ਨਾਲੇ ਸੰਤਾਂ ਨੇ ਕਿਹਾ ਸੀ ਕਿ ਦਾਰੂ ਘਰ ਵਿੱਚ ਵੜਨ ਨਹੀਂ ਦੇਣੀ…ਪਰ ਤੈਨੂੰ ਭੋਰਾ ਸ਼ਰਮ ਨੀ…ਸਾਰੇ ਘਰ ਦਾ ਫੂਸ ਉਡਾ ਕੇ ਛੱਡੇਂਗਾ…ਪਤਾ ਨੀ ਜੈ ਖਾਣੇ ਵਿਚੋਲੇ ਨੇ ਕਿਹੜੇ ਜਨਮ ਦਾ ਬਦਲਾ ਲਿਐ…ਤੇਰੇ ਨਸ਼ੇੜੀ ਦੇ ਗਲ ਲਾ ਕੇ।” ਲਾਭੋ ਦਾਰੂ ਪੀ ਕੇ ਆਏ ਆਪਣੇ ਘਰਵਾਲੇ ਨਾਲ ਝਗੜ ਰਹੀ ਸੀ।
“ਕਿਉਂ ਸਾਰਾ ਦਿਨ ਲੜਦੀ ਰਹਿੰਦੀ ਐਂ…ਤੇਰਾ ਤਾਂ ਡਮਾਕ ਖਰਾਬ ਐ…ਨਾਲੇ ਬਾਬਿਆਂ ਨੂੰ ਨੀ ਪਤਾ ਕਿ ਇਹ ਕਿਹੜਾ ਰਤਨ ਐ…ਉਹ ਆਪ ਸਾਰਾ ਕੁਛ ਕਰਦੇ ਨੇ…ਵਲੈਤੀ ਪੀਂਦੇ ਆ…ਲੋਕਾਂ ਨੂੰ ਉਪਦੇਸ਼ ਦਿੰਦੇ ਆ…ਇਹ ਤਾਂ ਹੁਣ ਮਰਦੇ ਦਮ ਤੱਕ ਜੱਟ ਦੇ ਨਾਲ ਈ ਜਾਊ…”ਸੇਵਾ ਸਿੰਘ ਨੇ ਲੜਖੜਾਉਂਦੇ ਹੋਏ ਜਵਾਬ ਦਿੱਤਾ।
“ਡਮਾਕ ਮੇਰਾ ਨੀ, ਤੇਰਾ ਖਰਾਬ ਐ…ਮੱਤ ਮਾਰੀ ਗਈ ਐ ਤੇਰੀ…ਐਵੇਂ ਸੰਤਾ ਨੂੰ ਮੰਦਾ-ਚੰਗਾ ਨੀ ਬੋਲੀਦਾ।”
ਡੇਰੇ ਵਿੱਚ ਬੈਠੀ ਲਾਭੋ ਦਾ ਰਾਤ ਦੇ ਕਾਟੋ-ਕਲੇਸ਼ ਨੂੰ ਚੇਤੇ ਕਰਦੇ ਹੋਏ ਮਨ ਭਰ ਆਇਆ। ਉਸਨੇ ਵਾਰੀ ਆਉਣ ਤੇ ਸੰਤਾਂ ਨੂੰ ਮੱਥਾ ਟੇਕਿਆ ਤੇ ਹੱਥ ਜੋੜ ਕੇ ਆਪਣੀ ਵਿਥਿਆ ਸੁਣਾਉਂਦੇ ਹੋਏ ਕਿਹਾ, “ਬਾਬਾ ਜੀ…ਮੈਂ ਤੁਹਾਡੇ ਦੱਸੇ ਸਾਰੇ ਉਪਾਅ ਕੀਤੇ, ਪਰ ਮਿੰਦੀ ਦਾ ਬਾਪੂ ਦਾਰੂ ਪੀਣੋਂ ਨੀ ਹਟਿਆ…ਸਗੋਂ ਹੁਣ ਤਾਂ ਉਹ ਰੋਜ਼ ਦਾਰੂ ਪੀ ਕੇ ਆਉਣ ਲੱਗ ਪਿਐ…ਬਾਬਾ ਜੀ, ਕਰੋ ਕੋਈ ਮੇਹਰ…।”
“ਭਾਈ ਬੀਬਾ, ਅਸੀਂ ਸਾਰਾ ਕੁਛ ਅੰਤਰਧਿਆਨ ਹੋ ਕੇ ਦੇਖ ਲਿਆ ਹੈ…ਤੂੰ ਐਵੇਂ ਨਾ ਘਬਰਾ…ਮੈਂ ਦੇਖ ਰਿਹਾ ਹਾਂ…ਤੁਹਾਡੇ ਚੰਗੇ ਦਿਨ ਆਉਣ ਵਾਲੇ ਨੇ…ਦਾਰੂ-ਦੁਰੂ ਦੀ ਕੋਈ ਚਿੰਤਾ ਨਾ ਕਰ…ਜਦੋਂ ਤੂੰ ਪਹਿਲਾਂ ਆਈ ਸੀ ਉਦੋਂ ਤੁਹਾਡੇ ਘਰ ਧੂਣੇ ’ਚ ਦਾਰੂ ਬੋਲਦੀ ਸੀ, ਹੁਣ ਨਹੀਂ…ਐਵੇਂ ਨਾ ਆਪਣੇ ਘਰਵਾਲੇ ਨੂੰ ਟੋਕਿਆ ਕਰ, ਆਪੇ ਕਰਤਾਰ ਭਲੀ ਕਰੂ…।”
ਸੰਤਾਂ ਦੇ ਪ੍ਰਵਚਨ ਸੁਣ ਕੇ ਲਾਭੋ ਸੁੰਨ ਜਿਹੀ ਹੋ ਕੇ ਬੈਠ ਗਈ।