ਸਟੇਸ਼ਨ ਤੋਂ ਗੱਡੀ ਚੱਲਣ ਦੇ ਬਾਅਦ ਡੱਬੇ ਵਿੱਚ ਸਮਾਨ ਵੇਚਣ ਵਾਲਿਆਂ ਨੇ ਕਾਵਾਂ ਰੌਲੀ ਪਾਈ ਹੋਈ ਸੀ। ਤਾਕੀ ਵਿੱਚ ਕੁੱਝ ਮਨਚਲੇ ਨੌਜਵਾਨ ਖੜ੍ਹੇ ਗੱਪਾਂ ਮਾਰ ਰਹੇ ਸਨ। ਇੱਕ ਮੈਲੇ ਕੁਚੈਲੇ ਕੱਪੜੇ ਪਾਈ ਨੌਜਵਾਨ ਖੂਬਸੂਰਤ ਲੜਕੀ ਕਾਗ਼ਜ ਤੇ ਦਾਨ ਲਈ ਲਿਖੀ ਹੋਈ ਅਪੀਲ ਸਵਾਰੀਆਂ ਦੇ ਸਾਹਮਣੇ ਰੱਖ ਰਹੀ ਸੀ। ਸਵਾਰੀਆਂ ਵਿੱਚ ਘੁਸਰਮੁਸਰ ਜਿਹੀ ਸ਼ੁਰੂ ਹੋ ਗਈ।
"ਲੈ ਬਈ ਚੰਗੀ ਭਲੀ ਤਾਂ ਹੈ ਊਈਂ ਮੰਗਣ ਦੀ ਬੇਸ਼ਰਮੀ ਧਾਰੀ ਹੋਈ ਐ... ।" ਇੱਕ ਲਾਲਾ ਜੀ ਬੋਲੇ।
"ਲਾਲਾ ਜੀ ਮੰਗਣਾ ਕਿਹੜਾ ਸੌਖਾ ਕੰਮ ਐ.... ਆਪਦੀ ਜ਼ਮੀਰ ਮਾਰ ਕੇ ਫੇਰ ਹੱਥ ਅੱਡਣਾ ਪੈਂਦੈ.... ।" ਨਾਲ ਬੈਠੀ ਸਵਾਰੀ ਨੇ ਆਪਣੀ ਰਾਇ ਦਿੱਤੀ ।
"ਇਹ ਤਾਂ ਭਾਈ ਸਾਰੀਆਂ ਫ਼ਜੂਲ ਗੱਲਾਂ ਨੇ.... ਆਹ ਪੇਟ ਸਾਰੇ ਕਾਰੇ ਕਰਾਉਂਦੈ..." ਡੱਬੇ ਵਿੱਚ ਬੈਠਿਆ ਇੱਕ ਬਜ਼ੁਰਗ ਆਪਣੇ ਪੇਟ ਤੇ ਹੱਥ ਲਾਉਂਦਿਆਂ ਬੋਲਿਆ।
ਹੁਣ ਉਹ ਲੜਕੀ ਅਪੀਲ ਵਾਲੇ ਕਾਗਜ਼ ਚੁੱਕਦੇ ਸਮੇਂ ਪੈਸਿਆਂ ਲਈ ਹੱਥ ਅੱਡ ਰਹੀ ਸੀ। ਕੋਈ ਸਵਾਰੀ ਕੁੱਝ ਦੇ ਰਹੀ ਸੀ ਤੇ ਕੋਈ ਨਾਂਹ ਵਿੱਚ ਸਿਰ ਫੇਰ ਦਿੰਦੀ। ਲੜਕੀ ਨੇ ਜਦ ਭੀਖ਼ ਲਈ ਨੌਜਵਾਨ ਲੜਕਿਆਂ ਅੱਗੇ ਹੱਥ ਫੈਲਾਇਆ ਤਾਂ ਇੱਕ ਨੇ ਚਾਂਭਲਦਿਆਂ ਕਿਹਾ, "ਅਸੀਂ ਤਾਂ ਆਪ ਕੁੱਝ ਲੈਣ ਵਾਲੇ ਹੁੰਦੇ ਆਂ.... ਤੈਨੂੰ ਦੱਸ ਕੀ ਦੇਈਏ...?" ਕੁੱਝ ਸਵਾਰੀਆਂ ਦਾ ਧਿਆਨ ਵੀ ਉਨ੍ਹਾਂ ਵੱਲ ਹੋ ਗਿਆ।
ਗਰੀਬ ਲੜਕੀ ਨੇ ਆਪਣੇ ਹੱਥ ਵਿਚਲੇ ਇਕੱਠੇ ਕੀਤੇ ਰੁਪਏ ਉਨ੍ਹਾਂ ਅੱਗੇ ਢੇਰੀ ਕਰਦਿਆਂ ਕਿਹਾ, "ਚਲੋ ਰੱਬ ਸਾਨੂੰ ਵੀ ਦੇਣ ਵਾਲੇ ਬਣਾਏ...."
ਮੁੰਡੀਰ ਚੋਂ ਇੱਕ ਨੇ ਹੱਤਕ ਸਮਝਦਿਆਂ ਕਿਹਾ," ਆਹ ਵੀ ਲੈ ਵੈ ਤੇ ਹੇਠਾਂ ਵਾਲੇ ਪੈਸੇ ਵੀ ਚੁੱਕ ਲੈ ਜਾ..." ਤੇ ਸੌ ਦਾ ਨੋਟ ਫੜ੍ਹਾਉਣਾ ਚਾਹਿਆ।
"ਫੜ੍ਹ ਲੈ ਫੜ੍ਹ ਲੈ ਸੌ ਦਾ ਨੋਟ ਐ .... ਸੌ ਰੁਪਏ 'ਚ ਤਾਂ ਤੁਸੀਂ .....।" ਨਾਲ ਖੜ੍ਹੇ ਦੂਜੇ ਮੁੰਡੇ ਨੇ ਚਾਂਭਲਦਿਆਂ ਆਖਿਆ।
"ਅਸੀਂ ਗਰੀਬ ਜ਼ਰੂਰ ਆਂ... ਪਰ ਇਜ਼ੱਤ ਵਾਲੇ ਆਂ... ਜੇ ਮੈਂ ਇਹੋ ਜਿਹੇ ਕੰਮ ਕਰਦੀ ਹੁੰਦੀ ਤਾਂ ਪੈਸੇ-ਪੈਸੇ ਲਈ ਐਂ ਹੱਥ ਨਾ ਅੱਡਣੇ ਪੈਂਦੇ... ।" ਤੜਾਕ ਕਰਦਾ ਥੱਪੜ ਮੁੰਡੇ ਦੇ ਮੂੰਹ ਤੇ ਮਾਰਦਿਆਂ ਅੱਗੇ ਖਿਸਕ ਗਈ ।
ਡੱਬੇ ਵਿੱਚ ਸੱਨਾਟਾ ਛਾ ਗਿਆ।
****
No comments:
Post a Comment