Sunday, January 9, 2011

ਦਰਪਣ

           ਰਾਹੁਲ ਫਸਟ ਕਲਾਸ ਵਿੱਚ ਹੈ ਅਤੇ ਛੋਟਾ ਐੱਲ.ਕੇ.ਜੀ. ਵਿਚ। ਦੋਵੇਂ ਬੜੇ ਨਟਖਟ, ਸ਼ਰਾਰਤੀ ਅਤੇ ਚੁਸਤ ਵਾਰਤਾਲਾਪੀ ਹਨ।
           ਜੇਕਰ ਬਾਜ਼ਾਰੋ ਕੋਈ ਚੀਜ਼ ਲਿਆ ਕੇ ਇਨ੍ਹਾਂ ਵਿੱਚੋਂ ਇੱਕ ਨੂੰ ਫੜਾ ਦਿਓ ਤਾਂ ਇਹ ਦੂਸਰੇ ਲਈ ਝੱਟ ਮੰਗਣਗੇ -- “ਵੀਰੇ ਦੀ ਵੀ ਦਿਓ...... ਵੀਰੇ ਦੀ ਵੀ ਦਿਓ....." ਕਹਿ ਕੇ ਖਹਿੜੇ ਹੀ ਪੈ ਜਾਂਦੇ ਹਨ I
          ਅੱਜ ਐਤਵਾਰ ਦਾ ਦਿਨ ਹੈ ਮੈਂ ਆਪਣੇ ਰਾਇਟਿੰਗ ਟੇਬਲ ’ਤੇ ਬੈਠਾ ਲਿਖ ਰਿਹਾ ਹਾਂ I ਦੋਵੇਂ ਮੇਰੇ ਕੋਲ ਆ ਕੇ ਖੇਡਣ ਲੱਗ ਜਾਂਦੇ ਹਨ I ਮੈਂ ਲਿਖ ਵੀ ਰਿਹਾ ਹਾਂ ਤੇ ਵਿੱਚ-ਵਿੱਚ ਇਨ੍ਹਾਂ ਵੱਲ ਦੇਖ ਵੀ ਲੈਂਦਾ ਹਾਂ ਅਚਾਨਕ ਦੋਵੇਂ ਲੜ ਪੈਂਦੇ ਹਨ I
          ਵੱਡਾ ਰਾਹੁਲ ਛੋਟੇ ਦੇ ਮਾਰ ਕੇ ਕਹਿੰਦਾ ਹੈ, "ਸਾਲੇ ਕੁੱਤਿਆ ਤੂੰ ਮੇਰਾ ਖਿਡੌਣਾ ਕਿਉਂ ਤੋੜਤਾ....."ਮੈਨੂੰ ਬੜਾ ਅਚੰਭਾ ਲੱਗਿਆ।
          ਗਿੱਠ ਦਾ ਤਾਂ ਹੈ.....ਏਨੀ ਵੱਡੀ ਗਾਲ੍ਹ! ਮੈਂ ਖੜ੍ਹਾ ਹੋ ਕੇ ਉਸ ਦੇ ਇੱਕ ਥੱਪੜ ਜਟ ਦਿੱਤਾ, "ਥੋਨੂੰ ਸਕੂਲ ਵਿੱਚ ਏਹੀ ਗੰਦੀਆਂ ਗਾਲ੍ਹਾਂ ਸਿਖਾਉਂਦੇ ਨੇ....?".
          " ਉਹ ਰੋਣ ਲੱਗ ਪਿਆ........ਰੌਂਦਾ ਰੌਂਦਾ ਕਹਿ ਰਿਹਾ ਹੈ, “ਮੈਂ ਪਾਪਾ.....ਮੈਂ ਪਾਪਾ........ ਦੱਸੋ ਕੀ ਕੀਤਾ ਐ........ ਤੁਸੀਂ ਵੀ ਤਾਂ ਸਾਰਾ ਦਿਨ ਮੰਮੀ ਨੂੰ ਐਵੇਂ ਈਂ ਬੋਲਦੇ ਰਹਿਨੇ ਓ.... " ਤੇ ਬੇਟੇ ਦੀ ਗੱਲ ਦਾ ਮੈਨੂੰ ਕੋਈ ਜਵਾਬ ਨਹੀਂ ਔੜ ਰਿਹਾ I
                                                                       -0-

No comments:

Post a Comment