ਤਪਦਿਕ (Tuberculosis) (ਟੀ.ਬੀ.) ਦੀ ਬਿਮਾਰੀ ਬਾਰੇ ਅਜੇ ਵੀ ਸਾਡੇ ਸਮਾਜ ਵਿਚ ਕਈ ਤਰ੍ਹਾਂ ਦੇ ਭਰਮ ਭੁਲੇਖੇ ਜਾਂ ਗਲਤ ਧਾਰਨਾਵਾਂ ਪ੍ਰਚੱਲਤ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਇਹ ਬਿਮਾਰੀ ਲਗਪਗ ਕੋਈ 5000 ਸਾਲ ਪੁਰਾਣੀ ਹੈ। ਪੁਰਾਤਨ ਵੇਦ ਗ੍ਰੰਥਾਂ ਵਿਚ ਵੀ ਇਸ ਦਾ ਜ਼ਿਕਰ ਮਿਲਦਾ ਹੈ। ਇਸ ਬਿਮਾਰੀ ਬਾਰੇ ਸੁਚੇਤ ਹੋਣ ਦੀ ਮੁੱਖ ਲੋੜ ਹੈ, ਕਿਉਂਕਿ ਇਸ ਬਿਮਾਰੀ ਕਾਰਨ ਸਾਡੇ ਦੇਸ਼ ਵਿਚ ਰੋਜ਼ਾਨਾ 1000 ਮੌਤਾਂ ਹੋ ਰਹੀਆਂ ਹਨ ਅਤੇ 5000 ਤੋਂ ਵੱਧ ਲੋਕਾਂ ਨੂੰ ਹਰ ਰੋਜ਼ ਟੀ.ਬੀ. ਹੋ ਰਹੀ ਹੈ, ਪਰ ਸਾਡੇ ਲਈ ਜਿਵੇਂ ਇਹ ਕੋਈ ਮਾਮੂਲੀ ਗੱਲ ਹੋਵੇ ਕਿਉਂਕਿ ਅਜੇ ਵੀ ਅਸੀਂ ਆਪਣੇ ਅਵੇਸਲੇਪਣ ‘ਤੇ ਕਾਬੂ ਨਹੀਂ ਪਾ ਸਕੇ। ਦਿਮਾਗ ਵਿਚ, ਮਨਾਂ ਵਿਚ ਅਜੇ ਵੀ ਇਹ ਧਾਰਨਾ ਹੈ ਕਿ ਇਹ ਗਰੀਬਾਂ ਦੀ ਬਿਮਾਰੀ ਹੈ, ਜਾਂ ਉਸ ਬੰਦੇ ਨੂੰ ਹੁੰਦੀ ਹੈ ਜਿਸ ਨੇ ਪਿਛਲੇ ਜਨਮ ਵਿਚ ਪਾਪ ਕੀਤੇ ਹੋਏ ਹੁੰਦੇ ਹਨ, ਜਦੋਂ ਕਿ ਇਹੋ ਜਿਹੀ ਕੋਈ ਗੱਲ ਨਹੀਂ। ਇਹ ਨਾਮੁਰਾਦ ਬਿਮਾਰੀ ਅਮੀਰ ਗਰੀਬ ਕਿਸੇ ਨੂੰ ਵੀ ਹੋ ਸਕਦੀ ਹੈ। ਇਹ ਕੋਈ ਸਮਾਜਿਕ ਕਲੰਕ ਨਹੀਂ। ਇਸ ਦਾ ਮੁਕੰਮਲ ਇਲਾਜ ਸੰਭਵ ਹੈ।
ਜੇਕਰ ਇਸ ਦੇ ਹੋਣ ਦੇ ਕਾਰਨਾਂ ‘ਤੇ ਡੂੰਘਾਈ ਨਾਲ ਵਿਚਾਰ ਕਰੀਏ ਤਾਂ ਇਹ ਗੱਲ ਸਾਬਿਤ ਹੋ ਚੁੱਕੀ ਕਿ ਇਹ ਰੋਗ ਕਿਸੇ ਨੂੰ ਜਮਾਂਦਰੂ ਨਹੀਂ ਹੁੰਦਾ ਬਲਕਿ ਆਪਣੇ ਦੁਆਲੇ ਕਿਸੇ ਵਿਚਰ ਰਹੇ ਰੋਗੀ ਤੋਂ ਹੁੰਦਾ ਹੈ। ਜਦੋਂ ਕੋਈ ਸਪੂਟਮ ਪਾਜ਼ੇਟਿਵ (Sputam positive) (ਜਿਸ ਮਰੀਜ਼ ਦੇ ਥੁੱਕ ਵਿਚ ਟੀ.ਬੀ. ਦੇ ਜਰਾਸੀਮ ਹਨ) ਰੋਗੀ ਖੰਘਦਾ ਜਾ ਛਿੱਕਦਾ ਹੈ ਤਾਂ ਉਸ ਸਮੇਂ ਉਸ ਦੇ ਸਰੀਰ ਵਿਚੋਂ ਕੀਟਾਣੂ ਬਾਹਰ ਤੁਪਕਿਆਂ ਦੀ ਸ਼ਕਲ ਵਿਚ ਹਵਾ ਵਿਚ ਫੈਲ ਜਾਂਦੇ ਹਨ ਜੋ ਸਾਹ ਰਾਹੀਂ ਤੰਦਰੁਸਤ ਮਨੁੱਖਾਂ ਦੇ ਸਰੀਰ ਅੰਦਰ ਅਸਾਨੀ ਨਾਲ ਦਾਖਲ ਹੋ ਜਾਂਦੇ ਹਨ। ਅੰਕੜੇ ਦੱਸਦੇ ਹਨ ਕਿ ਇਸ ਤਰ੍ਹਾਂ ਸਾਡੇ ਦੇਸ਼ ਵਿਚ ਰੋਜ਼ਾਨਾ 40000 ਤੋਂ ਉਪਰ ਲੋਕਾਂ ਨੂੰ infection ਹੋ ਜਾਂਦੀ ਹੈ।
ਇਹ ਬਿਮਾਰੀ ਇਕ ਕੀਟਾਣੂ ਮਾਈਕਰੋ ਬੈਕਟਰੀਆ ਟਿਊਬਰ ਕਲੋਈ (Tuberculosis) ਨਾਲ ਫੈਲਦੀ ਹੈ। ਇਸ ਕੀਟਾਣੂ ਨੂੰ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ। ਇਸ ਕੀਟਾਣੂ ਦੀ ਖੋਜ 1882 ਵਿਚ ਮਹਾਨ ਵਿਗਿਆਨੀ ਰੋਬਰਟ ਕਾੱਕ (Robert Koch) ਨੇ ਕੀਤੀ ਸੀ। ਇਸ ਬਿਮਾਰੀ ਨੂੰ ਕੋਕ ਦੀ ਬਿਮਾਰੀ ਵੀ ਕਿਹਾ ਜਾਂਦਾ ਹੈ।
ਟੀ.ਬੀ. ਦੀ ਬਿਮਾਰੀ ਮੁੱਖ ਤੌਰ ‘ਤੇ ਦੋ ਤਰ੍ਹਾਂ ਦੀ ਹੁੰਦੀ ਹੈ। ਇਕ ਫੇਫੜਿਆਂ, ਜਿਸ ਨੂੰ ਪਲਮਨਰੀ (Pulmonary) ਕਿਹਾ ਜਾਂਦਾ ਹੈ ਅਤੇ ਦੂਸਰੀ ਫੇਫੜਿਆਂ ਤੋਂ ਬਗੈਰ ਸਰੀਰ ਦੇ ਦੂਸਰੇ ਅੰਗਾਂ ਦੀ ਜਿਵੇਂ ਰੀੜ੍ਹ ਦੀ ਹੱਡੀ, ਹੱਡੀਆਂ, ਦਿਮਾਗ, ਚਮੜੀ ਅਤੇ ਜਨਣ ਅੰਗਾਂ ਦੀ। ਨਹੁੰ ਤੇ ਵਾਲਾਂ ਨੂੰ ਛੱਡ ਕੇ ਸਰੀਰ ਦੇ ਕਿਸੇ ਵੀ ਅੰਗ ਨੂੰ ਇਹ ਰੋਗ ਹੋ ਸਕਦਾ ਹੈ। ਬੱਚੇਦਾਨੀ ਦੀ ਤਪਦਿਕ ਦੇ ਬਹੁਤ ਸਾਰੇ ਕੇਸ ਸਾਹਮਣੇ ਆ ਰਹੇ ਹਨ। ਇਹ ਬਿਮਾਰੀ ‘ਬਾਂਝਪਣ’ ਦਾ ਮੁੱਖ ਕਾਰਨ ਬਣਦੀ ਜਾ ਰਹੀ ਹੈ। ਪਰ ਸਾਡੇ ਲੋਕ ਅਜਿਹੇ ਕੰਮਾਂ ਵਿਚ ਅੰਧ ਵਿਸ਼ਵਾਸਾਂ ਵਿਚ ਯਕੀਨ ਰੱਖਦੇ ਹਨ। ਅਸਲੀ ਕਾਰਨ ਲੱਭਣ ਦੀ ਬਜਾਏ ਸਾਧੂ-ਸੰਤਾਂ ਤੋਂ ‘ਮੁੰਡਾ ਲੈਣ ਦਾ ਤਵੀਤ’ ਮੰਗਦੇ ਰਹਿੰਦੇ ਹਨ। ਅਜਿਹੇ ਕੇਸਾਂ ਵਿਚ ਇਕ ਚੰਗੇ ਡਾਕਟਰ ਦੀ ਸਲਾਹ ‘ਸਾਧ ਦੀ ਪੁੜੀ’ ਨਾਲੋਂ ਵੱਧ ਕਾਰਗਰ ਸਾਬਤ ਹੋ ਸਕਦੀ ਹੈ। ਇਸ ਬਿਮਾਰੀ ਦਾ ਨਸ਼ਿਆਂ ਅਤੇ ਏਡਜ਼ ਨਾਲ ਡੂੰਘਾ ਸਬੰਧ ਹੈ। ਨਸ਼ੇੜੀ ਅਤੇ ਏਡਜ਼ ਰੋਗੀਆਂ ਵਿਚ ਟੀ.ਬੀ. ਮੌਤ ਦਾ ਸਭ ਤੋਂ ਵੱਡਾ ਕਾਰਨ ਬਣ ਰਹੀ ਹੈ।
ਵਿਸ਼ਵ ਸਿਹਤ ਸੰਸਥਾ (WHO) ਨੇ 1992-93 ਤੋਂ ਇਸ ਰੋਗ ਨੂੰ ਬੜੀ ਗੰਭੀਰਤਾ ਨਾਲ ਲਿਆ ਹੈ। ਸਾਡੇ ਦੇਸ਼ ਵਿਚ ਵੀ ਭਾਰਤ ਸਰਕਾਰ ਵੱਲੋਂ ਵਿਸ਼ਵ ਸਿਹਤ ਸੰਸਥਾ ਦੇ ਸਹਿਯੋਗ ਨਾਲ ਸੋਧਿਆ ਹੋਇਆ ਰਾਸ਼ਟਰੀ ਕੰਟਰੋਲ ਪ੍ਰੋਗਰਾਮ (RNTCP) ਸ਼ੁਰੂ ਕੀਤਾ ਗਿਆ ਹੈ ਜਿਸ ਦੀ ਡਾਟਸ ਪ੍ਰਣਾਲੀ (DOTS) ਦੇ ਜ਼ਰੀਏ ਇਸ ਦੇ ਮਰੀਜਾਂ ਲਈ ਮੁਫਤ ਇਲਾਜ ਤੇ ਜਾਂਚ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਸ ਪ੍ਰੋਗਰਾਮ ਦੀ ਮੁੱਖ ਖਾਸੀਅਤ ਸਿਹਤ ਕਾਰਜਕਰਤਾ ਦੀ ਸਿੱਧੀ ਨਿਗਰਾਨੀ ਹੇਠ 6 ਤੋਂ 8 ਮਹੀਨੇ ਵਿਚ ਮੁਕੰਮਲ ਤੇ ਮੁਫਤ ਇਲਾਜ ਹੈ। ਫਿਰ ਵੀ ਬਹੁਤ ਸਾਰੇ ਲੋਕਾਂ ਨੂੰ ਅਜੇ ਤੱਕ ਇਸ ਪ੍ਰੋਗਰਾਮ ਬਾਰੇ ਪੂਰੀ ਜਾਣਕਾਰੀ ਨਹੀਂ ਹੈ, ਜਿਸ ਕਾਰਨ ਬਹੁਤੇ ਲੋਕ ਅਜੇ ਵੀ ਨੀਮ ਹਕੀਮਾਂ ਜਾਂ ਬਾਬਿਆਂ ਦੇ ਚੱਕਰ ਵਿਚ ਪਏ ਰਹਿੰਦੇ ਹਨ। ਬਹੁਤੇ ਲੋਕਾਂ ਦੇ ਮਨਾਂ ਦੇ ਅੰਦਰ ਅਜੇ ਵੀ ਅਜਿਹੀਆਂ ਭਾਵਨਾਵਾਂ ਹਨ ਕਿ ਜੇਕਰ ਮੈਂ ਆਪਣੀ ਇਸ ਬਿਮਾਰੀ ਸਬੰਧੀ ਕਿਸੇ ਨਾਲ ਗੱਲਬਾਤ ਕੀਤੀ ਤਾਂ ਸ਼ਾਇਦ ਉਹ ਮੇਰੇ ਨਾਲ ਗੱਲਬਾਤ ਕਰਨ ਜਾਂ ਹੋਰ ਕੋਈ ਲੈਣ-ਦੇਣ ਕਰਨਾ ਹੀ ਨਾ ਛੱਡ ਦੇਵੇ। ਕਈ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਮਰੀਜ਼ ਦੇ ਕੱਪੜੇ, ਭਾਂਡੇ, ਮੰਜੇ-ਬਿਸਤਰੇ ਅਲੱਗ ਕਰ ਦਿੰਦੇ ਹਨ, ਜਿਸ ਨਾਲ ਮਰੀਜ਼ਾਂ ਵਿਚ ਹੀਣਭਾਵਨਾ ਘਰ ਕਰ ਜਾਂਦੀ ਹੈ। ਕਈ ਮਰੀਜ਼ਾਂ ਨਾਲ ਗੱਲਬਾਤ ਕਰਨ ‘ਤੇ ਇਹ ਵੀ ਪਤਾ ਚੱਲਿਆ ਹੈ ਕਿ ਇਹ ਗੱਲ ਵੀ ਪ੍ਰਚੱਲਿਤ ਹੈ ਕਿ ‘ਕੱਛੂ ਦਾ ਮੀਟ’ ਖਾਣ ਨਾਲ ਇਹ ਬਿਮਾਰੀ ਠੀਕ ਹੁੰਦੀ ਹੈ। ਇਹ ਸਾਰੀਆਂ ਬੇਲੋੜੀਆਂ ਤੇ ਅੰਧਵਿਸ਼ਵਾਸੀ ਗੱਲਾਂ ਹਨ, ਜਿਨ੍ਹਾਂ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਸਰਕਾਰ ਆਪਣੇ ਪੱਧਰ ‘ਤੇ ਇਸ ਸਬੰਧੀ ਜਾਗਰੂਕਤਾ ਸਰਗਰਮੀਆਂ ਕਰ ਰਹੀ ਹੈ, ਪਰ ਜਦੋਂ ਤੱਕ ਆਮ ਜਨਤਾ ਦੀ ਇਸ ਵਿਚ ਪੂਰੀ ਸ਼ਮੂਲੀਅਤ ਨਹੀਂ ਹੋਵੇਗੀ ਉਦੋਂ ਤੱਕ ਸਹੀ ਟੀਚਿਆਂ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
ਅੰਤ ਵਿਚ ਮੈਂ ਇਹੀ ਸਲਾਹ ਦਿਆਂਗਾ ਕਿ ਜੇਕਰ ਕਿਸੇ ਨੂੰ ਦੋ ਹਫਤੇ ਤੋਂ ਜ਼ਿਆਦਾ ਬਲਗਮ ਵਾਲੀ ਖੰਘ, ਸ਼ਾਮ ਨੂੰ ਮਿੰਨਾ-ਮਿੰਨਾ ਬੁਖਾਰ, ਭੁੱਖ ਦਾ ਘੱਟ ਲੱਗਣਾ, ਵਜ਼ਨ ਦਾ ਘਟਣਾ ਜਾਂ ਥੁੱਕ ਵਿਚ ਖੂਨ ਆਉਂਦਾ ਹੋਵੇ ਤਾਂ ਇਹ ਨਿਸ਼ਾਨੀਆਂ ਕਿਸੇ ਤਪਦਿਕ ਦੇ ਸ਼ੱਕੀ ਮਰੀਜ਼ ਦੀਆਂ ਹੋ ਸਕਦੀਆਂ ਹਨ। ਇਸ ਲਈ ਨੇੜੇ ਦੇ ਸਰਕਾਰੀ ਮਾਈਕਰੋਸਕੋਪੀ ਸੈਂਟਰ ਤੋਂ ਮੁਫਤ ਬਲਗਮ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਟੀ.ਬੀ. ਮਰੀਜ਼ ਵਜੋਂ ਸ਼ਨਾਖਤ ਹੋਣ ‘ਤੇ ਹਮੇਸ਼ਾ ‘ਡਾੱਟਸ’ ਦਾ ਸਹਾਰਾ ਲੈਣਾ ਚਾਹੀਦਾ ਹੈ। ਡਾਕਟਰ ਦੀ ਸਲਾਹ ਨਾਲ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ।
ਸਮੁੱਚੀ ਮਾਨਵਤਾ ਦੇ ਸਹਿਯੋਗ ਆਸਰੇ ਹੀ ਅਸੀਂ ਇਸ ਦੇ ਖਾਤਮੇ ਵੱਲ ਵੱਧ ਸਕਦੇ ਹਾਂ।
No comments:
Post a Comment