Saturday, May 14, 2011

ਕੀਮਤ

ਮੈਂ ਕਿਹਾ ਜੀ ! ਤੁਸੀਂ ਕਦੋਂ ਦੇ ਦਾਰੂ ਪੀਣ ਲੱਗੇ ਹੋ.....ਪਤਾ ਏ ਵੇਲਾ ਕੀ ਹੋਇਆ ਏ........ਰਾਤ ਦੇ ਬਾਰਾਂ ਵੱਜਣ ਆਲੇ ਨੇ ਆਪਣਾ ਸ਼ਾਮ ਅੱਜ ਪਹਿਲੀ ਵਾਰ ਫੈਕਟਰੀ ਗਿਆ ਏ......ਤੇ ਅਜੇ ਤੱਕ ਨੀਂ ਮੁੜਿਆ..........ਮੇਰਾ ਤਾਂ ਚਿੱਤ ਊਈਂ ਘਬਰਾਈ ਜਾਂਦੈ ਭਾਗਵੰਤੀ ਆਪਣੇ ਪਤੀ ਸੇਠ ਰਾਮ ਲਾਲ ਨੂੰ ਬੋਲੀ|

ਉਹ ਕਿਹੜਾ ਬੱਚਾ ਏ ਆ ਜਾਵੇਗਾ....ਐਵੇਂ ਕਿਉਂ ਘਬਰਾਉਂਦੀ ਐਂ......ਥੌੜਾ ਟੈਮ ਹੋਰ ਦੇਖ ਲੈ.....ਨਹੀਂ ਤਾਂ ਕੋਈ ਫੋਨ-ਫੂਨ ਕਰਕੇ ਪਤਾ ਕਰਦਾਂ| ਥੋੜੇ ਸਮੇਂ ਬਾਅਦ ਦਰਵਾਜੇ ਦੀ ਘੰਟੀ ਵੱਜਣ ਨਾਲ ਹੀ ਭਾਗਵੰਤੀ ਦੇ ਸਾਹ ਵਿੱਚ ਸਾਹ ਆਉਂਦਾ ਹੈ|

ਕਿਉਂ ਪੁੱਤ ਏਨਾ ਕੁਵੇਲਾ ਕਰ ਆਇਐਂ....ਅੱਜ ਕੱਲ ਤਾਂ ਟੈਮ ਬਹੁਤ ਮਾੜਾ ਐ...ਮੇਰੀ ਤਾਂ ਜਾਨ ਮੁੱਠੀ ਵਿੱਚ ਆਈ ਪਈ ਸੀ|....ਭਾਗਵੰਤੀ ਬੋਲੀ|

ਉਏ ਕੋਈ ਫੋਨ ਹੀ ਕਰ ਦਿੰਦਾ....ਤੇਰੀ ਮਾਂ ਚਿੰਤਾ ਕਰੀ ਜਾਂਦੀ ਸੀ...’ਚੱਲ ਦੱਸ ਕਿ ਫੈਕਟਰੀ ਕਿਹੋ ਜਿਹੀ ਲੱਗੀ’ ਰਾਮ ਲਾਲ ਨੇ ਆਪਣੇ ਪੁੱਤਰ ਤੋਂ ਪੁੱਛਿਆ| ’ਫੇਕਟਰੀ ਤਾਂ ਠੀਕ ਏ ਪਾਪਾ ਜੀ....ਪਰ ਮੈਨੂੰ ਇਹ ਤਾਂ ਦੱਸੋ ਕਿ ਫੈਕਟਰੀ ਵਿੱਚ ਸਿਰਫ ਬਾਹਰਲੇ ਹੀ ਮਜ਼ਦੂਰ ਕਿਉਂ ਰੱਖੇ ਹੋਏ ਨੇ.....ਜਦੋਂ ਕਿ ਆਪਣੇ ਪੰਜਾਬੀ ਲੋਕ ਤਾਂ ਵੇਹਲੇ ਫਿਰਦੇ ਨੇ|

ਉਹ ਪੁੱਤਰਾ ! ਤੇਰੀ ਸਮਝ ਨਹੀਂ ਆਉਣਗੀਆਂ ਇਹ ਗੱਲਾਂ....|

ਕਿਵੇਂ ਪਾਪਾ ਜੀ !.....

ਤੈਨੂੰ ਤਾਂ ਪਤਾ ਈ ਏ ਕਿ ਆਪਣੀ ਫੈਕਟਰੀ ਵਿੱਚ ਕਿਹੋ-ਜਿਹਾ ਕੰਮ ਏ.......ਮਾੜੀ ਮੋਟੀ ਲਾਪਰਵਾਹੀ ਨਾਲ ਬੰਦੇ ਦੀ ਮੌਤ ਹੋ ਜਾਂਦੀ ਹੈ....ਜੇਕਰ ਇਨ੍ਹਾਂ ਚੋਂ ਕੋਈ ਮਜ਼ਦੂਰ ਮਰ-ਖਪ ਜਾਵੇ ਤਾਂ ਇਹ ਦਸ-ਵੀਹ ਹਜ਼ਾਰ ਲੈ ਕੇ ਸਮਝੌਤਾ ਕਰ ਲੈਂਦੇ ਨੇ ਤੇ ਆਪਣੇ ਆਲੇ ਲੱਖਾਂ ’ਚ ਗੱਲਾਂ ਕਰਦੇ ਨੇ...|

ਸੇਠ ਰਾਮ ਲਾਲ ਨੇ ਖਚਰੀ ਜਿਹੀ ਹਾਸੀ ਹੱਸਦੇ ਹੋਏ ਦਾਰੂ ਦਾ ਇੱਕ ਹੋਰ ਪੈਗ ਆਪਣੇ ਅੰਦਰ ਸੁੱਟ ਲਿਆ|

ਲੇਖਕ--------ਜਗਦੀਸ਼ ਰਾਏ ਕੁਲਰੀਆਂ

Friday, April 29, 2011

ਸੱਪ

ਬਰਸਾਤ ਕਈ ਦਿਨਾਂ ਤੋਂ ਰੁਕਣ ਦਾ ਨਾਂ ਨਹੀਂ ਲੈ ਰਹੀ ਸੀ। ਲੋਕ ਪਸ਼ੂਆਂ ਲਈ ਹਰੇ ਚਾਰੇ ਕੰਨੀਓਂ ਵੀ ਔਖੇ ਸਨ। ਹਿੰਮਤੀ ਲੋਕ ਸਿਰਾਂ ਉੱਤੇ ਬੋਰੀਆਂ ਦੀਆਂ ਝੁੱਗੀਆਂ ਜਿਹੀਆਂ ਬਣਾ ਕੇ ਪਸ਼ੂਆਂ ਲਈ ਹਰਾ ਚਾਰਾ ਲੈਣ ਲਈ ਘਰੋਂ ਜਾ ਰਹੇ ਸਨ।
ਆਪਣੇ ਇਕਲੌਤੇ ਪੁੱਤਰ ਜੀਤੇ ਨੂੰ ਖੇਤ ਜਾਂਦਿਆਂ ਦੇਖ ਕੇ ਪ੍ਰੀਤਮ ਕੌਰ ਦੇ ਮੂੰਹੋਂ ਸੁਭਾਵਿਕ ਹੀ ਨਿਕਲਿਆ, “ਵੇ ਪੁੱਤ! ਜਰਾ ਦੇਖ ਕੇ ਜਾਈਂ…ਐਸ ਸਿੱਲੇ ਮੌਸਮ ’ਚ ਤਾਂ ਜੈ ਖਾਣੇ ਦੇ ਸੱਪ-ਸਲੋਟੇ ਜਾਨਵਰ ਬਾਹਰ ਨਿਕਲ ਆਉਂਦੇ ਨੇ…।”
ਇਸ ਵਾਕ ਨੇ ਉਸਦੀ ਜ਼ਿੰਦਗੀ ਦੇ ਪਿਛਲੇ ਜ਼ਖ਼ਮਾਂ ਨੂੰ ਹਰਾ ਕਰ ਦਿੱਤਾ। ਉਸ ਨੂੰ ਯਾਦ ਆਇਆ ਕਿ ਪਤੀ ਦੇ ਭੋਗ ਦੀ ਰਸਮ ਉਪਰੰਤ ਸਕੇ ਸੰਬੰਧੀਆਂ ਨੇ ਜ਼ੋਰ ਪਾ ਕੇ ਉਹਦੇ ਜੇਠ ਦੇ ਵੱਡੇ ਮੁੰਡੇ ਨੂੰ ਉਸ ਕੋਲ ਸਹਾਰੇ ਲਈ ਛੱਡ ਦਿੱਤਾ ਸੀ। ਇਕ ਰਾਤ ਅਚਾਨਕ ਜਾਗ ਖੁੱਲ੍ਹ ਗਈ। ਉਸਨੇ ਦੇਖਿਆ ਕਿ ਉਹ ਮੁੰਡਾ ਉਹਦੀਆਂ ਸੁੱਤੀਆਂ ਪਈਆਂ ਜਵਾਨ ਧੀਆਂ ਦੇ ਸਿਰਹਾਣੇ ਖਡ਼ਾ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
‘ਜਾ ਨਿਕਲ ਜਾ ਮੇਰੇ ਘਰੋਂ…ਲੋਡ਼ ਨਹੀਂ ਮੈਨੂੰ ਥੋਡੇ ਸਹਾਰੇ ਦੀ… ਮੈਂ ਤਾਂ ’ਕੱਲੀ ਈ ਰੱਬ ਆਸਰੇ ਮੇਹਨਤ ਨਾਲ ਆਪਣੇ ਧੀਆਂ-ਪੁੱਤਾਂ ਨੂੰ ਪਾਲ ਲੂੰ…ਜਾ ਦਫਾ ਹੋ ਜਾ।’ ਰੋਂਦਿਆਂ ਉਸਨੇ ਅਗਲੀ ਸਵੇਰ ਜੇਠ ਦੇ ਮੁੰਡੇ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ।
‘ਜਾਨਵਰ ਤਾਂ ਛੇਡ਼ੇ ਤੋਂ ਕੁਝ ਕਹਿੰਦੈ…ਉਹਦਾ ਤਾਂ ਪਤਾ ਹੁੰਦੈ ਵੀ ਕੋਈ ਨੁਕਸਾਨ ਪੁਚਾ ਸਕਦੈ…ਪਰ ਘਰ ਵਿਚਲੇ ਸੱਪਾਂ ਦਾ ਕਿਸੇ ਨੂੰ ਕੀ ਪਤਾ ਕਿਹਡ਼ੇ ਵੇਲੇ ਡੰਗ ਮਾਰ ਦੇਣ…।’ ਅਤੀਤ ਦੀਆਂ ਗੱਲਾਂ ਨੂੰ ਚੇਤੇ ਕਰਦਿਆਂ ਪ੍ਰੀਤਮ ਕੌਰ ਦਾ ਗੱਚ ਭਰ ਆਇਆ।

Sunday, January 16, 2011

एहसास

बहुत दिन हो गए थे, वह अपने पिता से नहीं बोला था। रहते तो दोनों एक ही घर में थे, लेकिन दोनों में कोई बातचीत न होती थी। इस बारे में परिवार के दूसरे सदस्यों को भी पता था। एक दिन उस की दादी ने पूछ ही लिया, ‘‘बेटा, तू अपने पिता से क्यों नहीं बोलता? आदमी के तो मां–बाप ही सब कुछ होते हैं। तेरे लिए कमा रहा है, उसने क्या अपने साथ ले जाना है।’’
दादी माँ की बात सुनकर वह बोला, ‘‘अम्मा! तेरी सब बातें ठीक हैं। मुझे कौन सा कोई गिला–शिकवा है। मैं तो उन्हें केवल एहसास करवाना चाहता हूँ। वे भी दफ्तर से आकर सीधे अपने कमरे में चले जाते हैं, तुम्हारे साथ एक भी बात नहीं करते।

°°°°°°°°°°°°°°°°°°°°

ਭੁੱਖ

ਪਿੰਡ ਦੇ ਮੋਹਰੀ ਕਲੱਬ ਵੱਲੋਂ ਇੱਕ ਸੈਮੀਨਾਰ ਕਰਾਉਣ ਦਾ ਫ਼ੈਸਲਾ ਲਿਆ ਗਿਆ। ਇਸਦੇ ਲਈ ਕਲੱਬ ਦਾ ਪ੍ਰਧਾਨ ਤੇ ਕੁੱਝ ਮੈਂਬਰ ਸ਼ਹਿਰ ਦੇ ਪੱਤਰਕਾਰਾਂ, ਸਮਾਜ ਸੇਵੀ ਆਗੂਆਂ ਤੇ ਰਾਜਨੀਤਿਕ ਲੀਡਰਾਂ ਨੂੰ ਸੱਦਾ ਦੇਣ ਲਈ ਸ਼ਹਿਰ ਗਏ। ਜਦੋਂ ਉਹ ਇੱਕ ਪੱਤਰਕਾਰ ਦੇ ਦਫ਼ਤਰ ਤੇ ਪੁੱਜੇ ਤਾਂ ਕਲੱਬ ਦੇ ਪ੍ਰਧਾਨ ਨੇ ਬੇਨਤੀ ਕੀਤੀ, "ਜਨਾਬ ਅਸੀਂ ਕਲੱਬ ਵੱਲੋਂ ਇੱਕ ਸੈਮੀਨਾਰ ਕਰਵਾ ਰਹੇ ਹਾਂ ਇਸ ਦੀ ਕਵਰੇਜ ਲਈ ਤੁਸੀਂ ਜ਼ਰੂਰ ਪੁੱਜਣਾ ਐ।"
"ਕਿਸ ਦਿਨ ਐ?"
"ਉੰਨੀ ਤਰੀਕ ਦਾ ਰੱਖਿਆ ਐ ਜੀ...।"
"ਨਾ ਜੀ, ਉਸ ਦਿਨ ਤਾਂ ਕੋਈ ਵਿਹਲ ਈ ਨਈਂ। ... ਮੰਤਰੀ ਜੀ ਦਾ ਦੌਰਾ ਐ।"
"ਸਾਨੂੰ ਪਤੈ ਜੀ, ਉਹ ਤਾਂ ਸਵੇਰੇ ਆ ਰਹੇ ਨੇ। ਅਸੀਂ ਪ੍ਰੋਗਰਾਮ ਸ਼ਾਮ ਦਾ ਰੱਖਿਆ ਐ।" ਪ੍ਰਧਾਨ ਜੀ ਬੋਲੇ।
"ਠੀਕ ਐ,... ਤਾਂ ਵੀ ਮੰਤਰੀ ਜੀ ਦੀ ਕਵਰੇਜ ਤੋਂ ਬਾਅਦ ਹੋਰ ਕਈ ਕੁੱਝ ਚਲਦਾ ਰਹਿੰਦੈ, ਟੈਮ ਈ ਨਈਂ ਮਿਲਣਾ...।"
"ਅਸੀਂ ਵੀ ਪ੍ਰੋਗਰਾਮ ਤੋਂ ਬਾਅਦ ਕਈ ਕੁੱਝ ਰੱਖਿਐ ਜਨਾਬ...।"
"ਪ੍ਰਧਾਨ ਜੀ ਤੁਸੀਂ ਸਾਫ਼-ਸਾਫ਼ ਕਿਉਂ ਨਈਂ ਦੱਸਦੇ, ਲੁਕੋਈ ਕਿਉਂ ਜਾਂਦੇ ਹੋ ?" ਨਾਲ ਆਏ ਕਲੱਬ ਦੇ ਇੱਕ ਮੈਂਬਰ ਨੇ ਕਿਹਾ।
"ਦਰਅਸਲ ਅਸੀਂ ਉਸ ਦਿਨ ਤੁਹਾਡਾ ਸਨਮਾਨ ਵੀ ਕਰਨਾ ਐ ਜੀ।"
"ਅੱਛਾ... ਅੱਛਾ.... ।" ਪੱਤਰਕਾਰ ਦੇ ਹੋਠੀਂ ਮੁਸਕਾਨ ਆ ਟਿਕੀ । "ਚਲੋ ਕੱਢ ਲਵਾਂਗੇ ਸਮਾਂ...।" ਪੱਤਰਕਾਰ ਦੀ ਅਵਾਜ਼ ਬਿਲਕੁੱਲ ਬਦਲੀ ਹੋਈ ਸੀ।
"ਇਹ ਤਾਂ ਤੁਹਾਨੂੰ ਪਤਾ ਹੀ ਹੋਣੈ ਪਈ ਸਨਮਾਨ ਵਿੱਚ ਗਿਆਰਾਂ ਸੌ ਰੁਪਏ, ਸ਼ਾਲ ਤੇ ਮੋਮੈਂਟੋ ਹੋਵੇਗਾ...?" ਇੱਕ ਹੋਰ ਸਾਥੀ ਨੇ ਨਾਲ ਲਗਦਿਆਂ ਕਿਹਾ।
"ਉਹ ਜੀ ਕੋਈ ਨਾ... ਮੈਖਾ ਤੁਸੀਂ ਫ਼ਿਕਰ ਨਾ ਕਰੋ।... ਮੇਰੇ ਹੋਰ ਸਾਥੀ ਪੱਤਰਕਾਰ ਵੀ ਆਉਣਗੇ। ਮੈਂ ਆਪ ਕਹਿ ਦਿਆਂਗਾ, ਪੂਰੀ ਕਵਰੇਜ ਹੋਵੇਗੀ ਜੀ.... ਮੈਖਾ ਬਹਿ ਜਾ ਬਹਿ ਕਰਵਾ ਦਿਆਂਗੇ।" ਦਫ਼ਤਰ ਉੱਚੀ ਅਵਾਜ਼ ਠਹਾਕਿਆਂ ਨਾਲ ਗੂੰਜ ਪਿਆ।
****

Sunday, January 9, 2011

* ਜਦੋਂ ਇਤਿਹਾਸ ਬਣਦਾ ਹੈ *

ਸਟੇਸ਼ਨ ਤੋਂ ਗੱਡੀ ਚੱਲਣ ਦੇ ਬਾਅਦ ਡੱਬੇ ਵਿੱਚ ਸਮਾਨ ਵੇਚਣ ਵਾਲਿਆਂ ਨੇ ਕਾਵਾਂ ਰੌਲੀ ਪਾਈ ਹੋਈ ਸੀ। ਤਾਕੀ ਵਿੱਚ ਕੁੱਝ ਮਨਚਲੇ ਨੌਜਵਾਨ ਖੜ੍ਹੇ ਗੱਪਾਂ ਮਾਰ ਰਹੇ ਸਨ। ਇੱਕ ਮੈਲੇ ਕੁਚੈਲੇ ਕੱਪੜੇ ਪਾਈ ਨੌਜਵਾਨ ਖੂਬਸੂਰਤ ਲੜਕੀ ਕਾਗ਼ਜ ਤੇ ਦਾਨ ਲਈ ਲਿਖੀ ਹੋਈ ਅਪੀਲ ਸਵਾਰੀਆਂ ਦੇ ਸਾਹਮਣੇ ਰੱਖ ਰਹੀ ਸੀ। ਸਵਾਰੀਆਂ ਵਿੱਚ ਘੁਸਰਮੁਸਰ ਜਿਹੀ ਸ਼ੁਰੂ ਹੋ ਗਈ।
"ਲੈ ਬਈ ਚੰਗੀ ਭਲੀ ਤਾਂ ਹੈ ਊਈਂ ਮੰਗਣ ਦੀ ਬੇਸ਼ਰਮੀ ਧਾਰੀ ਹੋਈ ਐ... ।" ਇੱਕ ਲਾਲਾ ਜੀ ਬੋਲੇ।
"ਲਾਲਾ ਜੀ ਮੰਗਣਾ ਕਿਹੜਾ ਸੌਖਾ ਕੰਮ ਐ.... ਆਪਦੀ ਜ਼ਮੀਰ ਮਾਰ ਕੇ ਫੇਰ ਹੱਥ ਅੱਡਣਾ ਪੈਂਦੈ.... ।" ਨਾਲ ਬੈਠੀ ਸਵਾਰੀ ਨੇ ਆਪਣੀ ਰਾਇ ਦਿੱਤੀ ।
"ਇਹ ਤਾਂ ਭਾਈ ਸਾਰੀਆਂ ਫ਼ਜੂਲ ਗੱਲਾਂ ਨੇ.... ਆਹ ਪੇਟ ਸਾਰੇ ਕਾਰੇ ਕਰਾਉਂਦੈ..." ਡੱਬੇ ਵਿੱਚ ਬੈਠਿਆ ਇੱਕ ਬਜ਼ੁਰਗ ਆਪਣੇ ਪੇਟ ਤੇ ਹੱਥ ਲਾਉਂਦਿਆਂ ਬੋਲਿਆ।
ਹੁਣ ਉਹ ਲੜਕੀ ਅਪੀਲ ਵਾਲੇ ਕਾਗਜ਼ ਚੁੱਕਦੇ ਸਮੇਂ ਪੈਸਿਆਂ ਲਈ ਹੱਥ ਅੱਡ ਰਹੀ ਸੀ। ਕੋਈ ਸਵਾਰੀ ਕੁੱਝ ਦੇ ਰਹੀ ਸੀ ਤੇ ਕੋਈ ਨਾਂਹ ਵਿੱਚ ਸਿਰ ਫੇਰ ਦਿੰਦੀ। ਲੜਕੀ ਨੇ ਜਦ ਭੀਖ਼ ਲਈ ਨੌਜਵਾਨ ਲੜਕਿਆਂ ਅੱਗੇ ਹੱਥ ਫੈਲਾਇਆ ਤਾਂ ਇੱਕ ਨੇ ਚਾਂਭਲਦਿਆਂ ਕਿਹਾ, "ਅਸੀਂ ਤਾਂ ਆਪ ਕੁੱਝ ਲੈਣ ਵਾਲੇ ਹੁੰਦੇ ਆਂ.... ਤੈਨੂੰ ਦੱਸ ਕੀ ਦੇਈਏ...?" ਕੁੱਝ ਸਵਾਰੀਆਂ ਦਾ ਧਿਆਨ ਵੀ ਉਨ੍ਹਾਂ ਵੱਲ ਹੋ ਗਿਆ।
ਗਰੀਬ ਲੜਕੀ ਨੇ ਆਪਣੇ ਹੱਥ ਵਿਚਲੇ ਇਕੱਠੇ ਕੀਤੇ ਰੁਪਏ ਉਨ੍ਹਾਂ ਅੱਗੇ ਢੇਰੀ ਕਰਦਿਆਂ ਕਿਹਾ, "ਚਲੋ ਰੱਬ ਸਾਨੂੰ ਵੀ ਦੇਣ ਵਾਲੇ ਬਣਾਏ...."
ਮੁੰਡੀਰ ਚੋਂ ਇੱਕ ਨੇ ਹੱਤਕ ਸਮਝਦਿਆਂ ਕਿਹਾ," ਆਹ ਵੀ ਲੈ ਵੈ ਤੇ ਹੇਠਾਂ ਵਾਲੇ ਪੈਸੇ ਵੀ ਚੁੱਕ ਲੈ ਜਾ..." ਤੇ ਸੌ ਦਾ ਨੋਟ ਫੜ੍ਹਾਉਣਾ ਚਾਹਿਆ।
"ਫੜ੍ਹ ਲੈ ਫੜ੍ਹ ਲੈ ਸੌ ਦਾ ਨੋਟ ਐ .... ਸੌ ਰੁਪਏ 'ਚ ਤਾਂ ਤੁਸੀਂ .....।" ਨਾਲ ਖੜ੍ਹੇ ਦੂਜੇ ਮੁੰਡੇ ਨੇ ਚਾਂਭਲਦਿਆਂ ਆਖਿਆ।
"ਅਸੀਂ ਗਰੀਬ ਜ਼ਰੂਰ ਆਂ... ਪਰ ਇਜ਼ੱਤ ਵਾਲੇ ਆਂ... ਜੇ ਮੈਂ ਇਹੋ ਜਿਹੇ ਕੰਮ ਕਰਦੀ ਹੁੰਦੀ ਤਾਂ ਪੈਸੇ-ਪੈਸੇ ਲਈ ਐਂ ਹੱਥ ਨਾ ਅੱਡਣੇ ਪੈਂਦੇ... ।" ਤੜਾਕ ਕਰਦਾ ਥੱਪੜ ਮੁੰਡੇ ਦੇ ਮੂੰਹ ਤੇ ਮਾਰਦਿਆਂ ਅੱਗੇ ਖਿਸਕ ਗਈ ।
ਡੱਬੇ ਵਿੱਚ ਸੱਨਾਟਾ ਛਾ ਗਿਆ।
****

ਦਰਪਣ

           ਰਾਹੁਲ ਫਸਟ ਕਲਾਸ ਵਿੱਚ ਹੈ ਅਤੇ ਛੋਟਾ ਐੱਲ.ਕੇ.ਜੀ. ਵਿਚ। ਦੋਵੇਂ ਬੜੇ ਨਟਖਟ, ਸ਼ਰਾਰਤੀ ਅਤੇ ਚੁਸਤ ਵਾਰਤਾਲਾਪੀ ਹਨ।
           ਜੇਕਰ ਬਾਜ਼ਾਰੋ ਕੋਈ ਚੀਜ਼ ਲਿਆ ਕੇ ਇਨ੍ਹਾਂ ਵਿੱਚੋਂ ਇੱਕ ਨੂੰ ਫੜਾ ਦਿਓ ਤਾਂ ਇਹ ਦੂਸਰੇ ਲਈ ਝੱਟ ਮੰਗਣਗੇ -- “ਵੀਰੇ ਦੀ ਵੀ ਦਿਓ...... ਵੀਰੇ ਦੀ ਵੀ ਦਿਓ....." ਕਹਿ ਕੇ ਖਹਿੜੇ ਹੀ ਪੈ ਜਾਂਦੇ ਹਨ I
          ਅੱਜ ਐਤਵਾਰ ਦਾ ਦਿਨ ਹੈ ਮੈਂ ਆਪਣੇ ਰਾਇਟਿੰਗ ਟੇਬਲ ’ਤੇ ਬੈਠਾ ਲਿਖ ਰਿਹਾ ਹਾਂ I ਦੋਵੇਂ ਮੇਰੇ ਕੋਲ ਆ ਕੇ ਖੇਡਣ ਲੱਗ ਜਾਂਦੇ ਹਨ I ਮੈਂ ਲਿਖ ਵੀ ਰਿਹਾ ਹਾਂ ਤੇ ਵਿੱਚ-ਵਿੱਚ ਇਨ੍ਹਾਂ ਵੱਲ ਦੇਖ ਵੀ ਲੈਂਦਾ ਹਾਂ ਅਚਾਨਕ ਦੋਵੇਂ ਲੜ ਪੈਂਦੇ ਹਨ I
          ਵੱਡਾ ਰਾਹੁਲ ਛੋਟੇ ਦੇ ਮਾਰ ਕੇ ਕਹਿੰਦਾ ਹੈ, "ਸਾਲੇ ਕੁੱਤਿਆ ਤੂੰ ਮੇਰਾ ਖਿਡੌਣਾ ਕਿਉਂ ਤੋੜਤਾ....."ਮੈਨੂੰ ਬੜਾ ਅਚੰਭਾ ਲੱਗਿਆ।
          ਗਿੱਠ ਦਾ ਤਾਂ ਹੈ.....ਏਨੀ ਵੱਡੀ ਗਾਲ੍ਹ! ਮੈਂ ਖੜ੍ਹਾ ਹੋ ਕੇ ਉਸ ਦੇ ਇੱਕ ਥੱਪੜ ਜਟ ਦਿੱਤਾ, "ਥੋਨੂੰ ਸਕੂਲ ਵਿੱਚ ਏਹੀ ਗੰਦੀਆਂ ਗਾਲ੍ਹਾਂ ਸਿਖਾਉਂਦੇ ਨੇ....?".
          " ਉਹ ਰੋਣ ਲੱਗ ਪਿਆ........ਰੌਂਦਾ ਰੌਂਦਾ ਕਹਿ ਰਿਹਾ ਹੈ, “ਮੈਂ ਪਾਪਾ.....ਮੈਂ ਪਾਪਾ........ ਦੱਸੋ ਕੀ ਕੀਤਾ ਐ........ ਤੁਸੀਂ ਵੀ ਤਾਂ ਸਾਰਾ ਦਿਨ ਮੰਮੀ ਨੂੰ ਐਵੇਂ ਈਂ ਬੋਲਦੇ ਰਹਿਨੇ ਓ.... " ਤੇ ਬੇਟੇ ਦੀ ਗੱਲ ਦਾ ਮੈਨੂੰ ਕੋਈ ਜਵਾਬ ਨਹੀਂ ਔੜ ਰਿਹਾ I
                                                                       -0-

Saturday, January 8, 2011

ਤਪਦਿਕ ਦੀ ਬਿਮਾਰੀ ਬਾਰੇ ਸੁਚੇਤ ਹੋਣ ਦੀ ਲੋਡ਼

ਤਪਦਿਕ (Tuberculosis) (ਟੀ.ਬੀ.) ਦੀ ਬਿਮਾਰੀ ਬਾਰੇ ਅਜੇ ਵੀ ਸਾਡੇ ਸਮਾਜ ਵਿਚ ਕਈ ਤਰ੍ਹਾਂ ਦੇ ਭਰਮ ਭੁਲੇਖੇ ਜਾਂ ਗਲਤ ਧਾਰਨਾਵਾਂ ਪ੍ਰਚੱਲਤ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਇਹ ਬਿਮਾਰੀ ਲਗਪਗ ਕੋਈ 5000 ਸਾਲ ਪੁਰਾਣੀ ਹੈ। ਪੁਰਾਤਨ ਵੇਦ ਗ੍ਰੰਥਾਂ ਵਿਚ ਵੀ ਇਸ ਦਾ ਜ਼ਿਕਰ ਮਿਲਦਾ ਹੈ। ਇਸ ਬਿਮਾਰੀ ਬਾਰੇ ਸੁਚੇਤ ਹੋਣ ਦੀ ਮੁੱਖ ਲੋੜ ਹੈ, ਕਿਉਂਕਿ ਇਸ ਬਿਮਾਰੀ ਕਾਰਨ ਸਾਡੇ ਦੇਸ਼ ਵਿਚ ਰੋਜ਼ਾਨਾ 1000 ਮੌਤਾਂ ਹੋ ਰਹੀਆਂ ਹਨ ਅਤੇ 5000 ਤੋਂ ਵੱਧ ਲੋਕਾਂ ਨੂੰ ਹਰ ਰੋਜ਼ ਟੀ.ਬੀ. ਹੋ ਰਹੀ ਹੈ, ਪਰ ਸਾਡੇ ਲਈ ਜਿਵੇਂ ਇਹ ਕੋਈ ਮਾਮੂਲੀ ਗੱਲ ਹੋਵੇ ਕਿਉਂਕਿ ਅਜੇ ਵੀ ਅਸੀਂ ਆਪਣੇ ਅਵੇਸਲੇਪਣ ‘ਤੇ ਕਾਬੂ ਨਹੀਂ ਪਾ ਸਕੇ। ਦਿਮਾਗ ਵਿਚ, ਮਨਾਂ ਵਿਚ ਅਜੇ ਵੀ ਇਹ ਧਾਰਨਾ ਹੈ ਕਿ ਇਹ ਗਰੀਬਾਂ ਦੀ ਬਿਮਾਰੀ ਹੈ, ਜਾਂ ਉਸ ਬੰਦੇ ਨੂੰ ਹੁੰਦੀ ਹੈ ਜਿਸ ਨੇ ਪਿਛਲੇ ਜਨਮ ਵਿਚ ਪਾਪ ਕੀਤੇ ਹੋਏ ਹੁੰਦੇ ਹਨ, ਜਦੋਂ ਕਿ ਇਹੋ ਜਿਹੀ ਕੋਈ ਗੱਲ ਨਹੀਂ। ਇਹ ਨਾਮੁਰਾਦ ਬਿਮਾਰੀ ਅਮੀਰ ਗਰੀਬ ਕਿਸੇ ਨੂੰ ਵੀ ਹੋ ਸਕਦੀ ਹੈ। ਇਹ ਕੋਈ ਸਮਾਜਿਕ ਕਲੰਕ ਨਹੀਂ। ਇਸ ਦਾ ਮੁਕੰਮਲ ਇਲਾਜ ਸੰਭਵ ਹੈ।
ਜੇਕਰ ਇਸ ਦੇ ਹੋਣ ਦੇ ਕਾਰਨਾਂ ‘ਤੇ ਡੂੰਘਾਈ ਨਾਲ ਵਿਚਾਰ ਕਰੀਏ ਤਾਂ ਇਹ ਗੱਲ ਸਾਬਿਤ ਹੋ ਚੁੱਕੀ ਕਿ ਇਹ ਰੋਗ ਕਿਸੇ ਨੂੰ ਜਮਾਂਦਰੂ ਨਹੀਂ ਹੁੰਦਾ ਬਲਕਿ ਆਪਣੇ ਦੁਆਲੇ ਕਿਸੇ ਵਿਚਰ ਰਹੇ ਰੋਗੀ ਤੋਂ ਹੁੰਦਾ ਹੈ। ਜਦੋਂ ਕੋਈ ਸਪੂਟਮ ਪਾਜ਼ੇਟਿਵ (Sputam positive) (ਜਿਸ ਮਰੀਜ਼ ਦੇ ਥੁੱਕ ਵਿਚ ਟੀ.ਬੀ. ਦੇ ਜਰਾਸੀਮ ਹਨ) ਰੋਗੀ ਖੰਘਦਾ ਜਾ ਛਿੱਕਦਾ ਹੈ ਤਾਂ ਉਸ ਸਮੇਂ ਉਸ ਦੇ ਸਰੀਰ ਵਿਚੋਂ ਕੀਟਾਣੂ ਬਾਹਰ ਤੁਪਕਿਆਂ ਦੀ ਸ਼ਕਲ ਵਿਚ ਹਵਾ ਵਿਚ ਫੈਲ ਜਾਂਦੇ ਹਨ ਜੋ ਸਾਹ ਰਾਹੀਂ ਤੰਦਰੁਸਤ ਮਨੁੱਖਾਂ ਦੇ ਸਰੀਰ ਅੰਦਰ ਅਸਾਨੀ ਨਾਲ ਦਾਖਲ ਹੋ ਜਾਂਦੇ ਹਨ। ਅੰਕੜੇ ਦੱਸਦੇ ਹਨ ਕਿ ਇਸ ਤਰ੍ਹਾਂ ਸਾਡੇ ਦੇਸ਼ ਵਿਚ ਰੋਜ਼ਾਨਾ 40000 ਤੋਂ ਉਪਰ ਲੋਕਾਂ ਨੂੰ infection ਹੋ ਜਾਂਦੀ ਹੈ।
ਇਹ ਬਿਮਾਰੀ ਇਕ ਕੀਟਾਣੂ ਮਾਈਕਰੋ ਬੈਕਟਰੀਆ ਟਿਊਬਰ ਕਲੋਈ (Tuberculosis) ਨਾਲ ਫੈਲਦੀ ਹੈ। ਇਸ ਕੀਟਾਣੂ ਨੂੰ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ। ਇਸ ਕੀਟਾਣੂ ਦੀ ਖੋਜ 1882 ਵਿਚ ਮਹਾਨ ਵਿਗਿਆਨੀ ਰੋਬਰਟ ਕਾੱਕ (Robert Koch) ਨੇ ਕੀਤੀ ਸੀ। ਇਸ ਬਿਮਾਰੀ ਨੂੰ ਕੋਕ ਦੀ ਬਿਮਾਰੀ ਵੀ ਕਿਹਾ ਜਾਂਦਾ ਹੈ।
ਟੀ.ਬੀ. ਦੀ ਬਿਮਾਰੀ ਮੁੱਖ ਤੌਰ ‘ਤੇ ਦੋ ਤਰ੍ਹਾਂ ਦੀ ਹੁੰਦੀ ਹੈ। ਇਕ ਫੇਫੜਿਆਂ, ਜਿਸ ਨੂੰ ਪਲਮਨਰੀ (Pulmonary) ਕਿਹਾ ਜਾਂਦਾ ਹੈ ਅਤੇ ਦੂਸਰੀ ਫੇਫੜਿਆਂ ਤੋਂ ਬਗੈਰ ਸਰੀਰ ਦੇ ਦੂਸਰੇ ਅੰਗਾਂ ਦੀ ਜਿਵੇਂ ਰੀੜ੍ਹ ਦੀ ਹੱਡੀ, ਹੱਡੀਆਂ, ਦਿਮਾਗ, ਚਮੜੀ ਅਤੇ ਜਨਣ ਅੰਗਾਂ ਦੀ। ਨਹੁੰ ਤੇ ਵਾਲਾਂ ਨੂੰ ਛੱਡ ਕੇ ਸਰੀਰ ਦੇ ਕਿਸੇ ਵੀ ਅੰਗ ਨੂੰ ਇਹ ਰੋਗ ਹੋ ਸਕਦਾ ਹੈ। ਬੱਚੇਦਾਨੀ ਦੀ ਤਪਦਿਕ ਦੇ ਬਹੁਤ ਸਾਰੇ ਕੇਸ ਸਾਹਮਣੇ ਆ ਰਹੇ ਹਨ। ਇਹ ਬਿਮਾਰੀ ‘ਬਾਂਝਪਣ’ ਦਾ ਮੁੱਖ ਕਾਰਨ ਬਣਦੀ ਜਾ ਰਹੀ ਹੈ। ਪਰ ਸਾਡੇ ਲੋਕ ਅਜਿਹੇ ਕੰਮਾਂ ਵਿਚ ਅੰਧ ਵਿਸ਼ਵਾਸਾਂ ਵਿਚ ਯਕੀਨ ਰੱਖਦੇ ਹਨ। ਅਸਲੀ ਕਾਰਨ ਲੱਭਣ ਦੀ ਬਜਾਏ ਸਾਧੂ-ਸੰਤਾਂ ਤੋਂ ‘ਮੁੰਡਾ ਲੈਣ ਦਾ ਤਵੀਤ’ ਮੰਗਦੇ ਰਹਿੰਦੇ ਹਨ। ਅਜਿਹੇ ਕੇਸਾਂ ਵਿਚ ਇਕ ਚੰਗੇ ਡਾਕਟਰ ਦੀ ਸਲਾਹ ‘ਸਾਧ ਦੀ ਪੁੜੀ’ ਨਾਲੋਂ ਵੱਧ ਕਾਰਗਰ ਸਾਬਤ ਹੋ ਸਕਦੀ ਹੈ। ਇਸ ਬਿਮਾਰੀ ਦਾ ਨਸ਼ਿਆਂ ਅਤੇ ਏਡਜ਼ ਨਾਲ ਡੂੰਘਾ ਸਬੰਧ ਹੈ। ਨਸ਼ੇੜੀ ਅਤੇ ਏਡਜ਼ ਰੋਗੀਆਂ ਵਿਚ ਟੀ.ਬੀ. ਮੌਤ ਦਾ ਸਭ ਤੋਂ ਵੱਡਾ ਕਾਰਨ ਬਣ ਰਹੀ ਹੈ।
ਵਿਸ਼ਵ ਸਿਹਤ ਸੰਸਥਾ (WHO) ਨੇ 1992-93 ਤੋਂ ਇਸ ਰੋਗ ਨੂੰ ਬੜੀ ਗੰਭੀਰਤਾ ਨਾਲ ਲਿਆ ਹੈ। ਸਾਡੇ ਦੇਸ਼ ਵਿਚ ਵੀ ਭਾਰਤ ਸਰਕਾਰ ਵੱਲੋਂ ਵਿਸ਼ਵ ਸਿਹਤ ਸੰਸਥਾ ਦੇ ਸਹਿਯੋਗ ਨਾਲ ਸੋਧਿਆ ਹੋਇਆ ਰਾਸ਼ਟਰੀ ਕੰਟਰੋਲ ਪ੍ਰੋਗਰਾਮ (RNTCP) ਸ਼ੁਰੂ ਕੀਤਾ ਗਿਆ ਹੈ ਜਿਸ ਦੀ ਡਾਟਸ ਪ੍ਰਣਾਲੀ (DOTS) ਦੇ ਜ਼ਰੀਏ ਇਸ ਦੇ ਮਰੀਜਾਂ ਲਈ ਮੁਫਤ ਇਲਾਜ ਤੇ ਜਾਂਚ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਸ ਪ੍ਰੋਗਰਾਮ ਦੀ ਮੁੱਖ ਖਾਸੀਅਤ ਸਿਹਤ ਕਾਰਜਕਰਤਾ ਦੀ ਸਿੱਧੀ ਨਿਗਰਾਨੀ ਹੇਠ 6 ਤੋਂ 8 ਮਹੀਨੇ ਵਿਚ ਮੁਕੰਮਲ ਤੇ ਮੁਫਤ ਇਲਾਜ ਹੈ। ਫਿਰ ਵੀ ਬਹੁਤ ਸਾਰੇ ਲੋਕਾਂ ਨੂੰ ਅਜੇ ਤੱਕ ਇਸ ਪ੍ਰੋਗਰਾਮ ਬਾਰੇ ਪੂਰੀ ਜਾਣਕਾਰੀ ਨਹੀਂ ਹੈ, ਜਿਸ ਕਾਰਨ ਬਹੁਤੇ ਲੋਕ ਅਜੇ ਵੀ ਨੀਮ ਹਕੀਮਾਂ ਜਾਂ ਬਾਬਿਆਂ ਦੇ ਚੱਕਰ ਵਿਚ ਪਏ ਰਹਿੰਦੇ ਹਨ। ਬਹੁਤੇ ਲੋਕਾਂ ਦੇ ਮਨਾਂ ਦੇ ਅੰਦਰ ਅਜੇ ਵੀ ਅਜਿਹੀਆਂ ਭਾਵਨਾਵਾਂ ਹਨ ਕਿ ਜੇਕਰ ਮੈਂ ਆਪਣੀ ਇਸ ਬਿਮਾਰੀ ਸਬੰਧੀ ਕਿਸੇ ਨਾਲ ਗੱਲਬਾਤ ਕੀਤੀ ਤਾਂ ਸ਼ਾਇਦ ਉਹ ਮੇਰੇ ਨਾਲ ਗੱਲਬਾਤ ਕਰਨ ਜਾਂ ਹੋਰ ਕੋਈ ਲੈਣ-ਦੇਣ ਕਰਨਾ ਹੀ ਨਾ ਛੱਡ ਦੇਵੇ। ਕਈ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਮਰੀਜ਼ ਦੇ ਕੱਪੜੇ, ਭਾਂਡੇ, ਮੰਜੇ-ਬਿਸਤਰੇ ਅਲੱਗ ਕਰ ਦਿੰਦੇ ਹਨ, ਜਿਸ ਨਾਲ ਮਰੀਜ਼ਾਂ ਵਿਚ ਹੀਣਭਾਵਨਾ ਘਰ ਕਰ ਜਾਂਦੀ ਹੈ। ਕਈ ਮਰੀਜ਼ਾਂ ਨਾਲ ਗੱਲਬਾਤ ਕਰਨ ‘ਤੇ ਇਹ ਵੀ ਪਤਾ ਚੱਲਿਆ ਹੈ ਕਿ ਇਹ ਗੱਲ ਵੀ ਪ੍ਰਚੱਲਿਤ ਹੈ ਕਿ ‘ਕੱਛੂ ਦਾ ਮੀਟ’ ਖਾਣ ਨਾਲ ਇਹ ਬਿਮਾਰੀ ਠੀਕ ਹੁੰਦੀ ਹੈ। ਇਹ ਸਾਰੀਆਂ ਬੇਲੋੜੀਆਂ ਤੇ ਅੰਧਵਿਸ਼ਵਾਸੀ ਗੱਲਾਂ ਹਨ, ਜਿਨ੍ਹਾਂ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਸਰਕਾਰ ਆਪਣੇ ਪੱਧਰ ‘ਤੇ ਇਸ ਸਬੰਧੀ ਜਾਗਰੂਕਤਾ ਸਰਗਰਮੀਆਂ ਕਰ ਰਹੀ ਹੈ, ਪਰ ਜਦੋਂ ਤੱਕ ਆਮ ਜਨਤਾ ਦੀ ਇਸ ਵਿਚ ਪੂਰੀ ਸ਼ਮੂਲੀਅਤ ਨਹੀਂ ਹੋਵੇਗੀ ਉਦੋਂ ਤੱਕ ਸਹੀ ਟੀਚਿਆਂ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
ਅੰਤ ਵਿਚ ਮੈਂ ਇਹੀ ਸਲਾਹ ਦਿਆਂਗਾ ਕਿ ਜੇਕਰ ਕਿਸੇ ਨੂੰ ਦੋ ਹਫਤੇ ਤੋਂ ਜ਼ਿਆਦਾ ਬਲਗਮ ਵਾਲੀ ਖੰਘ, ਸ਼ਾਮ ਨੂੰ ਮਿੰਨਾ-ਮਿੰਨਾ ਬੁਖਾਰ, ਭੁੱਖ ਦਾ ਘੱਟ ਲੱਗਣਾ, ਵਜ਼ਨ ਦਾ ਘਟਣਾ ਜਾਂ ਥੁੱਕ ਵਿਚ ਖੂਨ ਆਉਂਦਾ ਹੋਵੇ ਤਾਂ ਇਹ ਨਿਸ਼ਾਨੀਆਂ ਕਿਸੇ ਤਪਦਿਕ ਦੇ ਸ਼ੱਕੀ ਮਰੀਜ਼ ਦੀਆਂ ਹੋ ਸਕਦੀਆਂ ਹਨ। ਇਸ ਲਈ ਨੇੜੇ ਦੇ ਸਰਕਾਰੀ ਮਾਈਕਰੋਸਕੋਪੀ ਸੈਂਟਰ ਤੋਂ ਮੁਫਤ ਬਲਗਮ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਟੀ.ਬੀ. ਮਰੀਜ਼ ਵਜੋਂ ਸ਼ਨਾਖਤ ਹੋਣ ‘ਤੇ ਹਮੇਸ਼ਾ ‘ਡਾੱਟਸ’ ਦਾ ਸਹਾਰਾ ਲੈਣਾ ਚਾਹੀਦਾ ਹੈ। ਡਾਕਟਰ ਦੀ ਸਲਾਹ ਨਾਲ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ।
ਸਮੁੱਚੀ ਮਾਨਵਤਾ ਦੇ ਸਹਿਯੋਗ ਆਸਰੇ ਹੀ ਅਸੀਂ ਇਸ ਦੇ ਖਾਤਮੇ ਵੱਲ ਵੱਧ ਸਕਦੇ ਹਾਂ।