Wednesday, October 31, 2012
ਸਿਆਣਪ
“ਤੈਨੂੰ ਕਿੰਨੀ ਵਾਰ ਕਿਹਾ ਐ ਕਿ ਇਹਨੂੰ ਸਕੂਲ ਤੋਰ ਦਿਆ ਕਰ,ਜ਼ਿਆਦਾ ਦਿਨ ਘਰੇ ਰਹੀ ਤਾਂ ਇਹਦਾ ਨਾਮ ਕੱਟ ਦੇਣਗੇ... ਘਰ ਦੇ ਬਹੁਤੇ ਕੰਮਾਂ ਦਾ ਲਾਲਚ ਛੱਡ”.... ਉਸ ਨੇ ਦਿਹਾੜੀ ਤੇ ਜਾਂਦਿਆ ਆਪਣੀ ਘਰਵਾਲੀ ਨੂੰ ਕਿਹਾ।
“ਤੈਨੂੰ ਤਾਂ ਉਈਂ ਬੋਲਣ ਦੀ ਆਦਤ ਐ..ਜਿਵੇਂ ਇੱਕ ਅੱਧਾ ਦਿਨ ਸਕੂਲ 'ਚ ਨਾ ਜਾਣ ਕਾਰਨ ਕੋਈ ਆਫ਼ਤ ਆਜੂ... ਜੁਆਕੜੀ ਦਾ ਜੇ ਕੁੱਝ ਦੁਖਦੈ, ਤਾਹੀਂਓ ਰੱਖੀ ਅੱਜ ਘਰੇ..ਇਹ ਤਾਂ ਸਕੂਲ ਜਾਣ ਨੂੰ ਕਹਿੰਦੀ ਸੀ..।”ਬਚਨੀ ਨੇ ਆਪਣੇ ਘਰਵਾਲੇ ਨਾਲ ਗੁੱਸੇ ਹੁੰਦੇ ਆਖਿਆ।
“ ਪੁਗਾ ਲੈ ਆਪਣੀ ਮਰਜ਼ੀ.. ਜਦੋਂ ਇਹ ਬੇਗਾਨੇ ਘਰੇ ਜਾਊ,ਉਦੋਂ ਵੀ ਤਾਂ ਸਾਰੇਂਗੀ ਇਹਦੇ ਬਿਨਾਂ....”ਇਹ ਕਹਿੰਦਿਆਂ ਉਹ ਘਰੋਂ ਬਾਹਰ ਹੋ ਗਿਆ।“ਆਹ! ਬੰਦੇ ਵੀ ਜ਼ਨਾਨੀਆਂ ਨੂੰ ਪਾਗਲ ਈਂ ਸਮਝਦੇ ਨੇ..ਮੈਂ ਕਿਹਾ ਬੀ ਕੁੜੀ ਬਿਮਾਰ ਐ..ਨਪੁੱਤੇ ਦੇ ਬਥੇਰੇ ਔਹੜ ਪੌਹੜ ਕਰ ਲੇ...ਅੱਜ ਡੇਰੇ ਸਿਆਣੇ ਕੋਲ ਲੈ ਕੇ ਜਾਊ,ਚੱਲ ਨੀਂ ਮੀਤੋ ਹੋ ਜਾ ਤਿਆਰ...”ਉਸ ਨੇ ਆਪਣੀ ਕੁੜੀ ਨੂੰ ਆਵਾਜ਼ ਮਾਰਦਿਆਂ ਕਿਹਾ।
'ਨਾ ਨੀਂ ਬੇਬੇ, ਮੈਂ ਨੀਂ ਜਾਂਦੀ.. ਬਾਪੂ ਸਹੀ ਕਹਿੰਦਾ ਸੀ ਕਿ ਤੇਰਾ ਤਾਂ ਡਮਾਕ ਹੱਲ ਗਿਐ..ਕੁਛ ਨੀਂ ਹੈਗਾ ਸਿਆਣਿਆਂ ਦੇ ਪੱਲੇ..ਸਾਡੇ ਸਕੂਲ 'ਚ ਪ੍ਰਾਰਥਨਾ 'ਚ ਖ਼ਬਰਾਂ ਪੜਦੇ ਦੱਸਿਆਂ ਸੀ ਕਿ ਇੱਕ ਸਿਆਣੀ ਨੇ ਭੂਤ ਕੱਢਦੇ ਹੋਏ ਇੱਕ ਬੱਚੀ ਨੂੰ ਗਰਮ ਚਿਮਟਿਆਂ ਨਾਲ ਕੁੱਟ-ਕੁੱਟ ਕੇ ਈਂ ਮਾਰਤਾ..ਮੈਨੂੰ ਤਾਂ ਬਲਾਈਂ ਡਰ ਲੱਗਦੈ.. ਮੇਰੀ ਮੰਨੇ ਤਾਂ ਮੈਨੂੰ ਕਿਸੇ ਡਾਕਟਰ ਕੋਲ ਦਿਖਾ ਲਿਆ...ਇੰਨਾਂ ਪਾਖੰਡਾਂ 'ਚ ਕੀ ਪਿਐ..”ਕੁੜੀ ਨੇ ਦਲੀਲ ਨਾਲ ਗੱਲ ਕਰਦਿਆਂ ਕਿਹਾ।
“ਪੁੱਤ ਇਹ ਗੱਲ ਤਾਂ ਮੈਂ ਵੀ ਸੁਣੀ ਐ ..ਮਖ਼ਿਆਂ ਲੋਕਾਂ ਨੇ ਊਈਂ ਉਡਾ ਤੀਂ ਹੋਊ..ਪਰ ਕੀ ਕਰਾਂ ਘਰ ਦੇ ਰੀਤੀ-ਰਿਵਾਜ਼ਾ ਨੂੰ ਵੀ ਛੱਡਣਾ ਔਖੈ..।.”ਉਸਨੇ ਕੁੜੀ ਦੀ ਗੱਲ ਨਾਲ ਸਹਿਮਤੀ ਜਿਹੀ ਪ੍ਰਗਟ ਕਰਦਿਆਂ ਕਿਹਾ।
“ ਮਾਂ,ਆਹ ! ਪਾਖੰਡ ਛੱਡ ਦੇ ਹੁਣ..” ਮੀਤੋ ਨੇ ਆਪਣੀਆਂ ਨਜ਼ਰਾਂ ਮਾਂ ਦੇ ਚਿਹਰੇ ਤੇ ਟਿਕਾਉਦਿਆਂ ਕਿਹਾ।
“ ਚੱਲ ਧੀਏ ! ਹੋ ਜਾ ਤਿਆਰ ..ਸ਼ਹਿਰ ਵੱਡੇ ਡਾਕਦਾਰ ਕੋਲ ਚੱਲੀਏ.. ਆਪਾਂ ਨੂੰੰ ਕਿਹੜਾ ਪਹਿਲਾਂ ਇੰਨ•ਾਂ ਨੇ ਤਾਰ ਤਾਂ ..।” ਬਚਨੀ ਨੇ ਆਪਣੀ ਗੱਲ ਨੂੰ ਬਦਲਦਿਆਂ ਕਿਹਾ।
Subscribe to:
Post Comments (Atom)
REALY GOOD JOB SIR G
ReplyDelete