Tuesday, October 30, 2012

ਫੇਸਬੁੱਕ

ਮੇਰੀ ਫੇਸਬੁੱਕ ਦੀ ਫਰੈਂਡਲਿਸਟ ਵਿੱਚ ਹੋਰਨਾਂ ਤੋਂ ਇਲਾਵਾ ਮੇਰੀਆਂ ਵਿਦਿਆਰਥਣਾਂ ਵੀ ਸ਼ਾਮਿਲ ਹਨ। ਆਨ ਲਾਈਨ ਕਦੇ ਕਦਾਈਂ ਇਹ ਮੇਰੇ ਤੋਂ ਮਾਰਗ ਦਰਸ਼ਨ ਵੀ ਪ੍ਰਾਪਤ ਕਰਦੀਆਂ ਰਹਿੰਦੀਆਂ ਹਨ। ਅਜੇ ਮੈਂ ਫੇਸਬੁੱਕ ਆਨ ਹੀ ਕੀਤੀ ਹੈ ਕਿ ਧੜਾਧੜ ਅਪਡੇਟਸ ਆਉਣੇ ਸ਼ੁਰੂ ਹੋ ਗਏ ਹਨ। ਮੇਰੀ ਵਿਦਿਆਰਥਣ ਰਿੰਪੀ ਨੇ ਅੱਜ ਫੇਰ ਆਪਣੀ ਪ੍ਰੋਫਾਈਲ ਪਿਕਚਰ ਚੇਂਜ ਕਰ ਦਿੱਤੀ ਹੈ। ਕੁਦਰਤੀ ਇਹ ਆਨਲਾਈਨ ਵੀ ਹੈ। ਮੈਸੇਜ ਆਉਂਦਾ ਹੈ… "ਸਰ , ਸਤਿ ਸ਼੍ਰੀ ਅਕਾਲ ।" "ਸਤਿ ਸ਼੍ਰੀ ਅਕਾਲ….. ਕੀ ਗੱਲ ਅੱਜ ਫੇਰ ਫੋਟੋ ਚੇਂਜ ਕਰ ਦਿੱਤੀ… ਕੀਹਦੀ ਹੈ ਏਹ?"- ਮੈਂ ਪੁੱਛਿਆ ਹੈ । " ਸਰ…. ਹੀਰੋਈਨ ਹੈ…. ਕੈਟਰੀਨਾ ਕੈਫ਼ !" ਜਵਾਬ ਪੜ੍ਹਦੇ ਹੀ ਦਿਮਾਗ ਘੁੰਮਣ ਲਗ ਜਾਂਦਾ ਹੈ ਕਿ ਅੱਜ ਕੱਲ ਦੇ ਬੱਚਿਆਂ ਨੂੰ ਹੋ ਕੀ ਗਿਆ ਹੈ। ਮੈਂ ਦੁਬਾਰਾ ਪੁੱਛਦਾ ਹਾਂ …."ਬੇਟਾ … ਇਸ ਦੀ ਫੋਟੋ ਕਿਉਂ ਲਗਾਈ ਐ….।" "ਸਰ.. ਕੋਈ ਸਾਡੀ ਫੋਟੋ ਦਾ ਮਿਸ ਯੂਜ਼ ਨਾ ਕਰ ਲਵੇ, ਇਸੇ ਕਰਕੇ ਲਗਾਈ ਐ…।"- ਉਸਨੇ ਲਿਖਿਆ ਹੈ। " ਓਹ ਤਾਂ ਠੀਕ ਹੈ ਬੇਟੇ… ਪਰ ਤੁਸੀਂ ਐਕਟਰਸ ਦੀਆਂ ਹੀ ਫੋਟੋਆ ਕਿਉਂ ਲਗਾਉਂਦੇ ਹੋ… ਮਦਰ ਟਰੇਸਾ ਜਾਂ ਕਿਰਨ ਬੇਦੀ ਦੀ ਕਿਉਂ ਨਹੀਂ…?" ਮੇਰੇ ਇੰਨਾਂ ਲਿਖਣ ਤੋਂ ਬਾਅਦ ਰਿੰਪੀ ਆਫ਼ ਲਾਈਨ ਹੋ ਗਈ। -0-

1 comment: