Friday, April 29, 2011

ਸੱਪ

ਬਰਸਾਤ ਕਈ ਦਿਨਾਂ ਤੋਂ ਰੁਕਣ ਦਾ ਨਾਂ ਨਹੀਂ ਲੈ ਰਹੀ ਸੀ। ਲੋਕ ਪਸ਼ੂਆਂ ਲਈ ਹਰੇ ਚਾਰੇ ਕੰਨੀਓਂ ਵੀ ਔਖੇ ਸਨ। ਹਿੰਮਤੀ ਲੋਕ ਸਿਰਾਂ ਉੱਤੇ ਬੋਰੀਆਂ ਦੀਆਂ ਝੁੱਗੀਆਂ ਜਿਹੀਆਂ ਬਣਾ ਕੇ ਪਸ਼ੂਆਂ ਲਈ ਹਰਾ ਚਾਰਾ ਲੈਣ ਲਈ ਘਰੋਂ ਜਾ ਰਹੇ ਸਨ।
ਆਪਣੇ ਇਕਲੌਤੇ ਪੁੱਤਰ ਜੀਤੇ ਨੂੰ ਖੇਤ ਜਾਂਦਿਆਂ ਦੇਖ ਕੇ ਪ੍ਰੀਤਮ ਕੌਰ ਦੇ ਮੂੰਹੋਂ ਸੁਭਾਵਿਕ ਹੀ ਨਿਕਲਿਆ, “ਵੇ ਪੁੱਤ! ਜਰਾ ਦੇਖ ਕੇ ਜਾਈਂ…ਐਸ ਸਿੱਲੇ ਮੌਸਮ ’ਚ ਤਾਂ ਜੈ ਖਾਣੇ ਦੇ ਸੱਪ-ਸਲੋਟੇ ਜਾਨਵਰ ਬਾਹਰ ਨਿਕਲ ਆਉਂਦੇ ਨੇ…।”
ਇਸ ਵਾਕ ਨੇ ਉਸਦੀ ਜ਼ਿੰਦਗੀ ਦੇ ਪਿਛਲੇ ਜ਼ਖ਼ਮਾਂ ਨੂੰ ਹਰਾ ਕਰ ਦਿੱਤਾ। ਉਸ ਨੂੰ ਯਾਦ ਆਇਆ ਕਿ ਪਤੀ ਦੇ ਭੋਗ ਦੀ ਰਸਮ ਉਪਰੰਤ ਸਕੇ ਸੰਬੰਧੀਆਂ ਨੇ ਜ਼ੋਰ ਪਾ ਕੇ ਉਹਦੇ ਜੇਠ ਦੇ ਵੱਡੇ ਮੁੰਡੇ ਨੂੰ ਉਸ ਕੋਲ ਸਹਾਰੇ ਲਈ ਛੱਡ ਦਿੱਤਾ ਸੀ। ਇਕ ਰਾਤ ਅਚਾਨਕ ਜਾਗ ਖੁੱਲ੍ਹ ਗਈ। ਉਸਨੇ ਦੇਖਿਆ ਕਿ ਉਹ ਮੁੰਡਾ ਉਹਦੀਆਂ ਸੁੱਤੀਆਂ ਪਈਆਂ ਜਵਾਨ ਧੀਆਂ ਦੇ ਸਿਰਹਾਣੇ ਖਡ਼ਾ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
‘ਜਾ ਨਿਕਲ ਜਾ ਮੇਰੇ ਘਰੋਂ…ਲੋਡ਼ ਨਹੀਂ ਮੈਨੂੰ ਥੋਡੇ ਸਹਾਰੇ ਦੀ… ਮੈਂ ਤਾਂ ’ਕੱਲੀ ਈ ਰੱਬ ਆਸਰੇ ਮੇਹਨਤ ਨਾਲ ਆਪਣੇ ਧੀਆਂ-ਪੁੱਤਾਂ ਨੂੰ ਪਾਲ ਲੂੰ…ਜਾ ਦਫਾ ਹੋ ਜਾ।’ ਰੋਂਦਿਆਂ ਉਸਨੇ ਅਗਲੀ ਸਵੇਰ ਜੇਠ ਦੇ ਮੁੰਡੇ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ।
‘ਜਾਨਵਰ ਤਾਂ ਛੇਡ਼ੇ ਤੋਂ ਕੁਝ ਕਹਿੰਦੈ…ਉਹਦਾ ਤਾਂ ਪਤਾ ਹੁੰਦੈ ਵੀ ਕੋਈ ਨੁਕਸਾਨ ਪੁਚਾ ਸਕਦੈ…ਪਰ ਘਰ ਵਿਚਲੇ ਸੱਪਾਂ ਦਾ ਕਿਸੇ ਨੂੰ ਕੀ ਪਤਾ ਕਿਹਡ਼ੇ ਵੇਲੇ ਡੰਗ ਮਾਰ ਦੇਣ…।’ ਅਤੀਤ ਦੀਆਂ ਗੱਲਾਂ ਨੂੰ ਚੇਤੇ ਕਰਦਿਆਂ ਪ੍ਰੀਤਮ ਕੌਰ ਦਾ ਗੱਚ ਭਰ ਆਇਆ।