Friday, May 25, 2012

ਪੰਜਾਬੀ ਮਿੰਨੀ ਕਹਾਣੀ ਦੇ ਵਿਕਾਸ ਵਿੱਚ ਅਦਾਰਾ ਮਿੰਨੀ ਦਾ ਯੋਗਦਾਨ

ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ| ਸਾਹਿਤ ਦੇ ਅਨੇਕਾਂ ਰੂਪ ਹਨ| ਪੁਰਾਤਨ ਸਮੇਂ ਵਿੱਚ ਇਹ ਸਾਡੇ ਕੋਲ ਸਾਖੀਆਂ, ਲੋਕ ਕਥਾਵਾਂ, ਦੰਤ ਕਥਾਵਾਂ, ਦਾਦੀ ਮਾਂ ਦੀਆਂ ਕਹਾਣੀਆਂ ਬਾਤਾਂ, ਕਿੱਸਿਆਂ, ਵੀਰ ਸਾਹਿਤ, ਪੋੜੀਆਂ ਆਦਿ ਰਾਹੀਂ ਪੁੱਜਦਾ ਰਿਹਾ ਹੈ| ਅਜੋਕੇ ਸਮੇਂ ਵਿੱਚ ਜੇਕਰ ਅਸੀਂ ਸਾਹਿਤ ਦਾ ਮੁਲਾਂਕਣ ਕਰਦੇ ਹਾਂ ਤਾਂ ਇੰਨ੍ਹਾਂ ਵਿੱਚੋਂ ਬਹੁਤ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹਾਂ| ਆਧੁਨਿਕ ਸਮੇਂ ਵਿੱਚ ਸਾਹਿਤ ਦੇ ਨਾਵਲ, ਕਹਾਣੀ, ਕਵਿਤਾ, ਗਜ਼ਲ, ਨਿੱਕੀ ਕਹਾਣੀ ਆਦਿ ਰੂਪ ਬੜੇ ਹਰਮਨ ਪਿਆਰੇ ਹੋਏ ਹਨ ਕਿਉਂਕਿ ਪੁਰਾਤਨ ਸਮੇਂ ਦਾ ਬਹੁਤ ਸਾਰਾ ਸਾਹਿਤ ਆਦਰਸ਼ਵਾਦੀ ਜਾਂ ਕਲਪਿਤ ਸੀ ਜਦੋਂ ਕਿ ਆਧੁਨਿਕ ਸਾਹਿਤ ਦਾ ਕੇਂਦਰ ਬਿੰਦੂ ਯਥਾਰਥਵਾਦੀ ਸੋਚ ਬਣੀ| ਸਮੇਂ ਸਮੇਂ ਅਨੁਸਾਰ ਸਾਹਿਤ ਦੇ ਰੂਪ ਉਸ ਨੂੰ ਲਿਖਣ ਦਾ, ਕਹਿਣ ਦਾ ਤੇ ਪੜਨ ਦਾ ਢੰਗ ਬਦਲਦਾ ਰਹਿੰਦਾ ਹੈ| ਪੰਜਾਬੀ ਮਿੰਨੀ ਕਹਾਣੀ ਵੀ ਸਾਹਿਤ ਦੀ ਇੱਕ ਨਵੀਂ ਸਿਨਫ ਹੈ| ਭਾਵੇਂ ਕੁਝ ਵਿਦਵਾਨ ਪੰਜਾਬੀ ਮਿੰਨੀ ਕਹਾਣੀ ਦੇ ਬੀਜ ਪੁਰਾਤਨ ਜਨਮ ਸਾਖੀਆਂ ਤੇ ਭਾਈ ਮਨੀ ਸਿੰਘ ਦੀ ਅਠਾਰਵੀਂ ਸਦੀ ਦੇ ਪਹਿਲੇ ਮੱਧ ਵਿੱਚ ਲਗਭਗ 1710 ਤੋਂ 1735 ਤੱਕ ਲਿਖੀ ਗਈ 'ਗਿਆਨ ਰਤਨਾਵਲੀ' ਅਤੇ 'ਭਗਤ ਰਤਨਾਵਲੀ' ਪੁਸਤਕ ਵਿਚਲੀਆਂ ਸਾਹਿਤਕ ਲਿਖਤਾਂ ਨਾਲ ਜੋੜਦੇ ਹਨ | ਕਈ ਵਿਦਵਾਨ ਜਸਵੰਤ ਸਿੰਘ ਕੰਵਲ ਦੀ ਪੁਸਤਕ 'ਜੀਵਨ ਕਣੀਆਂ' (1944) ਅਤੇ ਸ਼੍ਰੀ ਬਿਸ਼ਨ ਸਿੰਘ ਉਪਾਸ਼ਕ ਦੀ ਪੁਸਤਕ 'ਚੋਭਾ' (1956) ਤੋਂ ਇਲਾਵਾ ਪ੍ਰੀਤਲੜੀ ਵਿੱਚ ਉਸ ਸਮੇ ਛਪਦੇ ਛੋਟੇ ਛੋਟੇ ਸੰਸਮਰਣਾਂ 'ਚੋ ਇਸ ਨੂੰ ਤਲਾਸ਼ਦੇ ਹਨ ਪਰ ਪੰਜਾਬੀ ਸਾਹਿਤ ਜਗਤ ਵਿੱਚ 1970 ਤੋ ਬਾਅਦ ਮਿੰਨੀ (MINNI) ਸ਼ਬਦ ਦਾ ਪ੍ਰਯੋਗ ਹੁੰਦਾ ਹੈ | ਮਰਹੂਮ ਕਹਾਣੀਕਾਰ ਗੁਰਮੇਲ ਮਡਾਹੜ ਪੰਜਾਬੀ ਮਿੰਨੀ ਕਹਾਣੀ ਦੇ ਨਿਕਾਸ ਅਤੇ ਵਿਕਾਸ ਵਾਰੇ ਕਹਿੰਦੇ ਹਨ ਕਿ 'ਪੰਜਾਬੀ ਮਿੰਨੀ ਕਹਾਣੀ ਦਾ ਚੇਹਰਾ ਪ੍ਰੋ. ਤੇਜਵੰਤ ਮਾਨ ਦੀ 1969 ਵਿੱਚ ਆਰਸੀ ਵਿੱਚ ਛਪੀ ਕਹਾਣੀ 'ਲਾਸ਼' ਨਾਲ ਉਜਾਗਰ ਹੋਇਆ|' ਇਸੇ ਤਰਾਂ ਕੁੱਝ ਵਿਦਵਾਨ ਭੁਪਿੰਦਰ ਸਿੰਘ ਪੀ.ਸੀ.ਐੱਸ ਦੇ 1979 ਵਿੱਚ ਛਪੇ ਸੰਗ੍ਰਹਿ 'ਸੋ ਪੱਤ ਮਛਲੀ' ਦੇ ਤੋ ਪੰਜਾਬੀ ਮਿੰਨੀ ਕਹਾਣੀ ਦਾ ਆਰੰਭ ਮੰਨਦੇ ਹਨ , ਪ੍ਰੰਤੂ 1972 ਵਿੱਚ ਪੰਜਾਬੀ ਮਿੰਨੀ ਕਹਾਣੀ ਦੇ ਨਾਂ ਹੇਠ ਸਤਵੰਤ ਕੈਥ ਦਾ ਮਿੰਨੀ ਕਹਾਣੀ ਸੰਗ੍ਰਹਿ 'ਬਰਫੀ ਦਾ ਟੁਕੜਾ' ਪ੍ਰਕਾਸ਼ਿਤ ਹੋਇਆ ਜਿਸ ਨੂੰ ਪੰਜਾਬੀ ਮਿੰਨੀ ਕਹਾਣੀ ਦੀ ਪਲੇਠੀ ਪੁਸਤਕ ਮੰਨਿਆ ਜਾਂਦਾ ਹੈ| ਇਸ ਤਰਾਂ ਅਸੀ ਕਹਿ ਸਕਦੇ ਹਾਂ ਕਿ ਪੰਜਾਬੀ ਮਿੰਨੀ ਕਹਾਣੀ ਦਾ ਨਾਮਕਰਣ 20ਵੀ ਸਦੀ ਦੇ ਅੱਠਵੇ ਦਹਾਕੇ ਵਿੱਚ ਹੋਇਆ| ਇਸ ਸਮੇ ਵਿੱਚ ਪੰਜਾਬੀ ਮਿੰਨੀ ਕਹਾਣੀ ਦੇ ਵਿਕਾਸ ਲਈ ਯੋਜਨਾਵਾਂ ਬਣਾਈਆ ਜਾਣ ਲੱਗੀਆ| ਇੱਕ ਪਾਸੇ ਕੁੱਝ ਵਿਦਵਾਨ ਲੋਕ ਇਸ ਨੂੰ ਚੁਟਕਲਾ, ਕੱਚ ਘਰੜ, ਲਤੀਫਾ ਆਦਿ ਵਰਗੇ ਵਿਸ਼ੇਸਣਾਂ ਨਾਲ ਨਿਵਾਜ਼ ਰਹੇ ਸੀ ਦੂਸਰੇ ਪਾਸੇ ਇਸ ਨੂੰ ਸ਼ਿੱਦਤ ਨਾਲ ਚਾਹੁਣ ਵਾਲੇ ਸੁਹਿਰਦ ਲੇਖਕ ਇਸ ਦੇ ਵਿਕਾਸ ਦੇ ਲਈ ਕੋਸ਼ਿਸਾਂ ਕਰਨ ਲੱਗੇ| ਮਾਰਚ 1982 ਵਿੱਚ ਡਾ.ਅਮਰ ਕੋਮਲ ਦੁਆਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਖੋਜ ਪਤ੍ਰਿਕਾ ਦੇ ਗਲਪ ਵਿਸ਼ੇਸ ਅੰਕ -19 ਵਿੱਚ 'ਪੰਜਾਬੀ ਕਹਾਣੀ ਦਾ ਨਵਾਂ ਰੂਪ : ਮਿੰਨੀ ਕਹਾਣੀ' ਸਿਰਲੇਖ ਅਧੀਨ ਲੇਖ ਲਿਖ ਕੇ ਸਾਹਿਤ ਜਗਤ ਵਿੱਚ ਮਿੰਨੀ ਕਹਾਣੀ ਦੀ ਹੌਦ ਨੂੰ ਜਤਾਇਆ| ਉੱਥੇ 1988 ਵਿੱਚ ਡਾ. ਮਹਿਤਾਬ-ਉੱਦ-ਦੀਨ ਦੁਆਰਾ ਮਿੰਨੀ ਕਹਾਣੀ ਉੱਤੇ ਆਲੋਚਨਾ ਦੀ ਪਹਿਲੀ ਪੁਸਤਕ 'ਪੰਜਾਬੀ ਮਿੰਨੀ ਕਹਾਣੀ ਪ੍ਰਾਪਤੀਆਂ ਤੇ ਸੰਭਾਵਨਾਵਾਂ' ਪ੍ਰਕਾਸ਼ਿਤ ਕਰਵਾ ਕੇ ਇਸ ਦੀ ਸਥਾਪਾਤੀ ਦੇ ਲਈ ਰਾਹ ਪੱਧਰਾ ਕਰ ਦਿੱਤਾ| ਇਸੇ ਹੀ ਸਾਲ ਰੋਸ਼ਨ ਫੂਲਵੀ ਦੀ ਪਹਿਲ ਨਾਲ ਮਿੰਨੀ ਕਹਾਣੀਕਾਰਾਂ ਦੀ ਇੱਕ ਬੈਠਕ ਉਸ ਦੇ ਘਰ ਵਿਖੇ ਰਾਮਪੁਰਾ ਫੂਲ (ਬਠਿੰਡਾ) ਵਿਖੇ ਹੋਈ, ਜਿਸ ਵਿੱਚ ਨਾਮਵਰ ਮਿੰਨੀ ਕਹਾਣੀਕਾਰਾਂ ਡਾ.ਸ਼ਿਆਮ ਸੁੰਦਰ ਦੀਪਤੀ, ਸ਼ਿਆਮ ਸੁੰਦਰ ਅੱਗਰਵਾਲ,ਸ਼ੁਭਾਸ ਨੀਰਵ, ਡਾ.ਅਸ਼ੋਕ ਭਾਟੀਆਂ, ਡਾ. ਮਹਿਤਾਬ-ਉੱਦ-ਦੀਨ ,ਧਰਮਪਾਲ ਸਾਹਿਲ,ਹਰਭਗਵਾਨ ਸ਼ਰਮਾ,ਰੋਸ਼ਨ ਫੂਲਵੀ, ਨਿੰਰਜਣ ਬੋਹਾ ਆਦਿ ਨੇ ਭਾਗ ਲਿਆ ਤੇ ਮਿੰਨੀ ਕਹਾਣੀ ਦੇ ਵਿਕਾਸ ਲਈ ਯੋਜਨਾਵਾਂ ਉਲੀਕਿਆਂ| ਇਸੇ ਹੀ ਸਾਲ 1988 ਵਿੱਚ ਡਾ. ਸ਼ਿਆਮ ਸੁੰਦਰ ਦੀਪਤੀ ਤੇ ਸ਼ਿਆਮ ਸੁੰਦਰ ਅੱਗਰਵਾਲ ਦੁਆਰਾ ਨਿਰੋਲ ਮਿੰਨੀ ਕਹਾਣੀ ਦੀ ਤ੍ਰੈ-ਮਾਸਿਕ ਪੱਤ੍ਰਿਕਾ 'ਮਿੰਨੀ' ਦੀ ਪ੍ਰਕਾਸ਼ਨਾ ਸ਼ੁਰੂ ਕੀਤੀ ਗਈ ਜੋ ਅੱਜ ਤੱਕ ਨਿਰਵਿਘਨ ਜਾਰੀ ਹੈ| ਇਸ ਪੱਤ੍ਰਿਕਾ ਦੇ ਨਾਲ ਪੰਜਾਬੀ ਮਿੰਨੀ ਕਹਾਣੀਕਾਰਾਂ ਨੂੰ ਆਪਣੀ ਗੱਲ ਕਹਿਣ ਦਾ ਇੱਕ ਮੰਚ ਮਿਲ ਗਿਆ | ਜਦੋ ਕੋਈ ਨਵੀ ਚੀਜ਼ ਆਉਦੀ ਹੈ ਤਾਂ ਉਸ ਦਾ ਵਿਰੋਧ ਹੋਣਾ ਸੁਭਾਵਿਕ ਹੀ ਹੁੰਦਾ ਹੈ |ਇਸੇ ਤਰਾਂ ਜਦੋ ਮਿੰਨੀ ਕਹਾਣੀ ਨੇ ਸਾਹਿਤ ਜਗਤ ਵਿੱਚ ਪ੍ਰਵੇਸ਼ ਪਾਇਆ ਤਾਂ ਬਹੁਤਿਆਂ ਨੇ ਇਸ ਨੂੰ ਚੁਟਕਲਾ, ਕੱਚ ਘਰੜ, ਲਤੀਫਾ ਤੇ ਫਿਲਰ ਕਹਿ ਕੇ ਭੰਡਿਆ ਪ੍ਰੰਤੂ ਅੱਜ ਜਦੋਂ ਅਸੀਂ ਲਗਭਗ 40 ਸਾਲਾਂ ਦੇ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਤਾਂ ਮਿੰਨੀ ਕਹਾਣੀ ਇੱਕ ਖਾਸ ਮੁਕਾਮ ਤੇ ਪਹੁੰਚ ਚੁੱਕੀ ਹੈ| ਸੰਸਾਰ ਦੀ ਕਿਸੇ ਵੀ ਭਾਸ਼ਾ ਵਿੱਚ ਲਿਖੀ ਜਾ ਰਹੀ ਮਿੰਨੀ ਕਹਾਣੀ ਦੇ ਹਾਣ ਦੀ ਹੋ ਗਈ ਹੈ | ਪੰਜਾਬੀ ਮਿੰਨੀ ਕਹਾਣੀ ਦੇ ਵਿਕਾਸ ਵਿੱਚ ਅਤੇ ਇਸ ਨੂੰ ਸਥਾਪਿਤ ਕਰਨ ਹਿੱਤ ਵੱਖ -ਵੱਖ ਵਿਦਵਾਨ ਲੇਖਕਾਂ, ਲੇਖਕ ਮੰਚਾਂ, ਸਾਹਿਤ ਸਭਾਵਾਂ ਤੇ ਹੋਰ ਅਦਾਰਿਆਂ ਦਾ ਸ਼ਲਾਘਾਯੋਗ ਯੋਗਦਾਨ ਹੈ| ਪੰਜਾਬੀ ਮਿੰਨੀ ਕਹਾਣੀ ਦੇ ਵਿਕਾਸ ਵਿੱਚ ਅਦਾਰਾ ਮਿੰਨੀ ਅੰਮ੍ਰਿਤਸਰ, ਕੇਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਪਟਿਆਲਾ, ਅਦਾਰਾ ਅਣੂ, ਅਦਾਰਾ ਵਿਧਾ ਆਦਿ ਦਾ ਭਰਵਾਂ ਯੋਗਦਾਨ ਹੈ| ਅਦਾਰਾ 'ਮਿੰਨੀ' ਅੰਮ੍ਰਿਤਸਰ ਵੱਲੋ ਡਾ.ਸ਼ਿਆਮ ਸੁੰਦਰ ਦੀਪਤੀ, ਸ਼ਿਆਮ ਸੁੰਦਰ ਅੱਗਰਵਾਲ ਤੇ ਬਿਕਰਮਜੀਤ ਨੂਰ ਦੀ ਸੰਪਾਦਨਾ ਹੇਠ ਜਾਰੀ ਹੁੰਦਾ ਤ੍ਰੈ-ਮਾਸਿਕ 'ਮਿੰਨੀ' ਹਿੰਦੀ ਸਮੇਤ ਭਾਰਤ ਦੀ ਕਿਸੇ ਵੀ ਭਾਸ਼ਾ ਵਿੱਚ ਪ੍ਰਕਾਸ਼ਿਤ ਹੋਣ ਵਾਲੀ ਮਿੰਨੀ ਲਘੂ ਕਥਾ ਸਾਹਿਤ ਦੀ ਇੱਕ ਮਾਤਰ ਪੱਤ੍ਰਿਕਾ ਹੈ, ਜੋ ਨਿਰੰਤਰ ਪ੍ਰਕਾਸ਼ਨ ਦੇ 24ਵੇ ਵਰ੍ਹੇ ਵਿੱਚ ਵੀ ਸਫਲਤਾ ਪੂਰਵਕ ਪ੍ਰਕਾਸ਼ਿਤ ਹੋ ਰਿਹਾ ਹੈ| ਇਸ ਦਾ ਪਲੇਠਾ ਅੰਕ ਜਿਸ ਨੂੰ ਪਾਇਲਟ ਅੰਕ (ਸਰਵੇਖਣ ਅੰਕ) ਦਾ ਨਾਂ ਦਿੱਤਾ ਗਿਆ ਸੀ, ਡਾ. ਦੀਪਤੀ ਅਤੇ ਅੱਗਰਵਾਲ ਦੀ ਸੰਪਾਦਨਾ ਹੇਠ 9 ਅਕਤੂਬਰ 1988 ਨੂੰ ਮਿੰਨੀ ਕਹਾਣੀ ਸਮਾਗਮ, ਰਾਮਪੁਰਾ ਫੂਲ ਵਿਖੇ ਜਾਰੀ ਕੀਤਾ ਗਿਆ| ਇਸ ਪੱਤ੍ਰਿਕਾ ਦਾ ਮੁੱਖ ਉਦੇਸ਼ ਮਿੰਨੀ ਕਹਾਣੀ ਵਿਧਾ ਲਈ ਇੱਕ ਮੰਚ ਤਿਆਰ ਕਰਨਾ, ਵਿਧਾ ਦੀ ਸਥਿਤੀ ਵਿੱਚ ਸੁਧਾਰ ਲਿਆਉਣਾ ਤੇ ਇਸ ਦੇ ਵਿਕਾਸ ਲਈ ਉਪਰਾਲੇ ਕਰਨਾ ਮਿੱਥਿਆ ਗਿਆ| ਪੱਤ੍ਰਿਕਾ ਦੇ ਅੰਕ 25 (ਅਕਤੂਬਰ 1994) ਤੋ ਬਿਕਰਮਜੀਤ ਨੂਰ ਇਸ ਦੇ ਸੰਪਾਦਕੀ ਮੰਡਲ ਵਿੱਚ ਜੁੜੇ| ਹੁਣ ਇਸ ਦੇ ਸਹਿਯੋਗੀਆਂ ਦੀ ਚੋਖੀ ਗਿਣਤੀ ਹੈ| ਇਸ ਪੱਤ੍ਰਿਕਾ ਦਾ ਪਹਿਲਾ ਵਿਸੇਸ਼ਾਂਕ (ਅੰਕ-17) ਪੰਜਾਬ ਸਮੱਸਿਆ ਸੰਬੰਧੀ ਅਕਤੂਬਰ 1992 ਵਿੱਚ ਪ੍ਰਕਾਸ਼ਿਤ ਹੋਇਆ| ਇਸ ਦੇ ਹੁਣ ਤੱਕ ਕੁੱਲ 94 ਅੰਕਾਂ ਵਿੱਚੋ 26 ਅੰਕ ਵਿਸੇਸ਼ਾਂਕਾ ਵਜੋ ਪ੍ਰਕਾਸ਼ਿਤ ਹੋ ਚੁੱਕੇ ਹਨ ਇਸ ਪਰਚੇ ਦੇ ਵਿਸੇਸ਼ਾਂਕਾ ਨੂੰ ਮਿੰਨੀ ਕਹਾਣੀ ਪ੍ਰਤੀ ਵੱਖ- ਵੱਖ ਦ੍ਰਿਸ਼ਟੀਕੋਣਾਂ ਤੋ ਸੋਚ ਕੇ ਪ੍ਰਕਾਸ਼ਿਤ ਕੀਤਾ ਗਿਆ ਹੈ| ਇਸ ਦਾ ਅੰਕ ਸਿਲਵਰ ਜੁਬਲੀ ਅੰਕ ਨੰਬਰ 75 ਇੱਕ ਵੱਡ ਅਕਾਰੀ ਅੰਕ ਵਜਂੋ ਪ੍ਰਕਾਸ਼ਿਤ ਹੋਇਆ, ਇਸ ਵਿੱਚ ਦੇਸ਼ - ਪ੍ਰਦੇਸ਼ ਦੀਆਂ ਮਿੰਨੀ ਕਹਾਣੀਆ ਨੂੰ ਸ਼ਾਮਿਲ ਕੀਤਾ ਗਿਆ ਹੈ | ਇਸ ਅਦਾਰੇ ਦੀ ਸੋਚ ਕੇਵਲ ਮਿੰਨੀ ਪੱਤ੍ਰਿਕਾ ਪ੍ਰਕਾਸ਼ਿਤ ਕਰਨ ਹਿੱਤ ਤੱਕ ਹੀ ਸੀਮਿਤ ਨਹੀ ਬਲਕਿ ਮਿੰਨੀ ਕਹਾਣੀ ਦੇ ਸਮੁੱਚੇ ਵਿਕਾਸ ਤੱਕ ਹੈ| ਇੰਨ੍ਹਾਂ ਵੱਲੋ ਜਿੱਥੇ ਵੱਖ -ਵੱਖ ਭਾਸ਼ਾਵਾਂ ਦੀਆਂ ਚੌਣਵੀਆਂ ਮਿੰਨੀ ਕਹਾਣੀਆਂ ਦਾ ਅਨੁਵਾਦ ਪੰਜਾਬੀ ਪਾਠਕਾਂ ਤੇ ਲੇਖਕਾਂ ਤੱਕ ਪੁੱਜਦਾ ਕੀਤਾ ਜਾਦਾ ਹੈ, ਉੱਥੇ ਹੀ ਪੰਜਾਬੀ ਲੇਖਕਾਂ ਦੀਆਂ ਕਹਾਣੀਆਂ ਨੂੰ ਦੂਜੀਆਂ ਭਾਸ਼ਾਵਾਂ ਵਿੱਚ ਅੁਨਵਾਦ ਕਰਕੇ ਦੇਸ਼ ਦੇ ਦੂਜੇ ਖਿੱਤਿਆਂ ਤੱਕ ਪਹੁੰਚਾਇਆਂ ਜਾਦਾ ਹੈ | ਇਸ ਅਦਾਰੇ ਵੱਲੋ ਮਿੰਨੀ ਕਹਾਣੀ ਦੇ ਵਿਕਾਸ ਤੇ ਫੈਲਾਅ ਹਿੱਤ ਹੋਰ ਵੀ ਕਈ ਕਾਰਜ ਕੀਤੇ ਜਾ ਰਹੇ ਹਨ| ਹਰ ਤਿੰਨ ਮਹੀਨੇ ਬਾਅਦ ਵੱਖ ਵੱਖ ਸ਼ਹਿਰਾਂ/ਕਸਬਿਆਂ ਵਿਚ ਸਾਰੀ ਰਾਤ ਹੋਣ ਵਾਲੀ ਮਿੰਨੀ ਕਹਾਣੀ ਗੋਸ਼ਟੀ ਦਾ ਆਯੋਜਨ 'ਜੁੰਗਨੂੰਆਂ ਦੇ ਅੰਗ ਸੰਗ' ਨਾਂ ਹੇਠ ਕੀਤਾ ਜਾ ਜਾਂਦਾ ਹੈ| ਜਿਸ ਵਿੱਚ ਵੱਖ ਵੱਖ ਮਿੰਨੀ ਕਹਾਣੀ ਲੇਖਕ ਤੇ ਆਲੋਚਕ ਪਹੁੰਚਦੇ ਹਨ ਇਸ ਗੋਸ਼ਟੀ ਵਿੱਚ ਹਰ ਇੱਕ ਲੇਖਕ ਆਪਣੀ ਰਚਨਾ ਬੋਲਦਾ ਹੈ ਤੇ ਉਥੋਂ ਤੋਂ ਉਸ ਉੱਪਰ ਉਸਾਰੂ ਬਹਿਸ ਹੁੰਦੀ ਹੈ| ਇਹ ਗੋਸ਼ਟੀ ਸਿਖਾਂਦਰੂ ਲੇਖਕਾਂ ਦੇ ਲਈ ਇੱਕ ਵਰਕਸ਼ਾਪ ਤੋਂ ਵੀ ਵੱਧ ਸਹਾਈ ਹੁੰਦੀ ਹੈ| ਇਸ ਦੇ ਜ਼ਰੀਏ ਲੇਖਕ ਨੂੰ ਆਪਣੀ ਰਚਨਾਵਾਂ ਦੀਆਂ ਕਮਜੋਰੀਆਂ ਦਾ ਜਿੱਥੇ ਭਲੀਭਾਂਤ ਪਤਾ ਲਗਦਾ ਹੈ ਉੱਥੇ ਉਸ ਨੂੰ ਆਪਣੀਆਂ ਕਲਾਤਾਮਕ ਜੁਗਤਾਂ ਤੇ ਮਿੰਨੀ ਕਹਾਣੀ ਦੇ ਰੂਪ ਵਿਧਾਨ ਸੰਬੰਧੀ ਜਾਣਕਾਰੀ ਹਾਸਿਲ ਕਰਕੇ ਉਸ ਨੂੰ ਨਿਖਾਰਨ ਦਾ ਬਾਖੂਬੀ ਅਵਸਰ ਵੀ ਮਿਲਦਾ ਹੈ| ਹਰ ਸਾਲ ਦੇਸ਼ ਦੇ ਕਿਸੇ ਹਿੱਸੇ ਵਿੱਚ ਇੱਕ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ ਕਰਵਾ ਕੇ ਵੱਖ ਵੱਖ ਪ੍ਰਦੇਸ਼ਾ ਦੇ ਮਿੰਨੀ ਕਹਾਣੀਕਾਰਾਂ ਨਾਲ ਸੰਵਾਦ ਰਚਾਇਆ ਜਾਂਦਾ ਹੈ| ਅਦਾਰੇ ਵੱਲੋਂ ਪਹਿਲਾ ਅੰਤਰਾਰਾਜੀ ਮਿੰਨੀ ਕਹਾਣੀ ਸਮਾਗਮ 1992 ਵਿੱਚ ਅੰਮ੍ਰਿਤਸਰ ਵਿੱਚ ਕਰਵਾਇਆ ਗਿਆ| ਹੁਣ ਤੱਕ ਅੰਤਰਰਾਜੀ ਸਮਾਗਮ ਦੇਸ਼ ਦੇ ਵੱਖ ਵੱਖ ਹਿੱਸਿਆਂ ਡਲਹੌਜੀ, ਧਰਮਸ਼ਾਲਾ (ਹਿਮਾਚਲ ਪ੍ਰਦੇਸ਼), ਸਿਰਸਾ, ਕਰਨਾਲ, ਕੋਟਕਪੂਰਾ, ਇੰਦੌਰ (ਮੱਧ ਪ੍ਰਦੇਸ਼), ਬਰੇਟਾ, ਪਟਿਆਲਾ, ਰਤੀਆ ਆਦਿ ਸਥਾਨਾਂ ਤੇ ਕਰਵਾਏ ਜਾ ਚੁੱਕੇ ਹਨ| ਅਦਾਰਾ ਮਿੰਨੀ ਵੱਲੋਂ ਅਜੋਕੇ ਕੰਪਿਊਟਰੀ ਯੁੱਗ ਦੀ ਮਹੱਤਤਾ ਨੂੰ ਦੇਖਦੇ ਹੋਏ ਪੰਜਾਬੀ ਮਿੰਨੀ ਕਹਾਣੀ ਸੰਬੰਧੀ ਕਈ ਬਲਾਗ ਵੀ ਸ਼ੁਰੂ ਕੀਤੇ ਗਏ ਹਨ| ਜਿਸ ਦੇ ਮਾਧਿਅਮ ਨਾਲ ਦੂਰ ਦਰਾਡੇ ਬੈਠੇ ਪਾਠਕ ਵੀ ਅਜੋਕੇ ਸਮੇਂ ਵਿੱਚ ਲਿਖੀ ਜਾ ਰਹੀ ਮਿੰਨੀ ਕਹਾਣੀ ਤੋਂ ਜਾਣੂ ਹੁੰਦੇ ਹਨ| ਇਸ ਤੋਂ ਇਲਾਵਾ ਹਰ ਸਾਲ ਮਿੰਨੀ ਕਹਾਣੀ ਮੁਕਾਬਲਾ ਕਰਵਾਉਣਾ ਤੇ ਮਿੰਨੀ ਕਹਾਣੀਕਾਰਾਂ ਦਾ ਸਨਮਾਨ ਵੀ ਸਮੇਂ ਸਮੇਂ ਇਨ੍ਹਾਂ ਵੱਲੋਂ ਕਰਕੇ ਲੇਖਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ| ਜੁੰਗਨੂੰਆਂ ਦੇ ਅੰਗ ਸੰਗ ਹੋਣ ਵਾਲੀ ਗੋਸ਼ਟੀ ਨੂੰ ਵਰਤਮਾਨ ਸਮੇਂ ਵਿੱਚ ਰਾਤ ਦੀ ਬਜਾਏ ਹੁਣ ਦਿਨ ਸਮੇਂ ਹੀ ਕੀਤਾ ਜਾ ਰਿਹਾ ਹੈ| ਅਦਾਰਾ ਮਿੰਨੀ ਵੱਲੋਂ ਪੰਜਾਬੀ ਮਿੰਨੀ ਕਹਾਣੀ ਨੂੰ ਪਾਠਕ੍ਰਮ ਦਾ ਹਿੱਸਾ ਬਣਾਉਣ ਲਈ ਅਤੇ ਉੱਚ ਅਦਾਰਿਆਂ ਵਿੱਚ ਇਸਤੇ ਖੋਜ ਕਾਰਜ ਕਰਵਾਉਣ ਲਈ ਵੀ ਯਤਨ ਕੀਤਾ ਜਾ ਰਹੇ ਹਨ| ਇਸ ਤੋਂ ਇਲਾਵਾ ਹੋਰ ਮਿੰਨੀ ਕਹਾਣੀ ਦੇ ਚਾਹੁਣ ਵਾਲੇ ਵੀ ਇਸ ਦੇ ਲਈ ਯਤਨ ਕਰ ਰਹੇ ਹਨ| ਹਰਿਆਣਾ ਦੇ ਸ੍ਰੀ ਨਾਇਬ ਸਿੰਘ ਮੰਡੇਰ ਵੱਲੋਂ ਕੁਰੂਕਸ਼ਤਰ ਯੂਨੀਵਰਸਿਟੀ ਤੋਂ ਪਹਿਲਾਂ ਐਮ. ਫਿਲ ਤੇ ਫਿਰ ਪੀ. ਐਚ. ਡੀ. ਦਾ ਖੋਜ ਕਾਰਨ ਮਿੰਨੀ ਕਹਾਣੀ ਤੇ ਪੂਰਾ ਕਰ ਲਿਆ ਹੈ| ਪਟਿਆਲਾ ਦੇ ਹਰਪ੍ਰੀਤ ਸਿੰਘ ਰਾਣਾ ਵੱਲੋਂ ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ, ਮੌਲਾਣਾਂ (ਅੰਬਾਲਾ) ਤੋਂ ਐਮ. ਫਿਲ ਦਾ ਖੋਜ ਕਾਰਜ ਕਰਕੇ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀ. ਐਚ. ਡੀ ਦਾ ਖੋਜ ਕਾਰਜ ਕੀਤਾ ਜਾ ਰਿਹਾ ਹੈ|ਰਮਨਦੀਪ ਕੌਰ ਵੱਲੋਂ ਵੀ ਕਰਮਵੀਰ ਸਿੰਘ ਦੀਆਂ ਮਿੰਨੀ ਕਹਾਣੀਆਂ ਤੇ ਖੋਜ ਕਾਰਜ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਗਜੀਤ ਸਿੰਘ ਵੱਲੋਂ ਕੁਰੂਕਸ਼ੇਤਰ ਯੂਨੀਵਰਸਿਟੀਤੇ ਦਵਿੰਦਰ ਸਿੰਘ ਪਨੇਸਰ ਵੱਲੋਂ ਦਿੱਲੀ ਯੂਨੀਵਰਸਿਟੀ ਤੋਂ ਐਮ.ਫਿਲ. ਦਾ ਖੋਜ ਕਾਰਜ ਕੀਤਾ ਗਿਆ ਹੈ| ਇਨ੍ਹਾਂ ਸਤਰਾਂ ਦੇ ਲੇਖਕ ਵੱਲੋਂ ਪੰਜਾਬੀ ਅਤੇ ਹਿੰਦੀ ਲਘੂਕਥਾ ਦਾ ਤੁਲਨਾਤਮਕ ਅਧਿਐਨ ਵਿਸ਼ੇ ਤੇ ਖੋਜ ਕਾਰਜ ਹਿੰਦੀ ਵਿੱਚ ਕੀਤਾ ਗਿਆ ਹੈ| ਪੰਜਾਬੀ ਮਿੰਨੀ ਕਹਾਣੀ ਨੂੰ ਹੁਣ ਫਿਲਰ ਦੇ ਤੌਰ ਤੇ ਨਹੀਂ ਛਾਪਿਆ ਜਾ ਰਿਹਾ ਬਲਕਿ ਹੁਣ ਤਾਂ ਪ੍ਰਮੁੱਖ ਅਖਵਾਰਾਂ/ਮੈਗਜੀਨਾਂ ਵਿੱਚ ਇਸ ਲਈ ਵਿਸ਼ੇਸ਼ ਥਾਂ ਰਾਖਵੀਂ ਹੈ| ਮਿੰਨੀ, ਅਣੂ ,ਸਤਿਸਾਗਰ, ਹਰਫ, ਖੁਸ਼ਬੂ, ਗੁੰਚਾ ਆਦਿ ਪਰਚਿਆਂ ਨੇ ਮਿੰਨੀ ਕਹਾਣੀ ਨੂੰ ਪ੍ਰਮੁੱਖਤਾ ਨਾਲ ਛਾਪਿਆ| ਤ੍ਰਿਪਤ ਭੱਟ, ਸਤਵੰਤ ਕੈਂਥ ਤੇ ਹਰਪ੍ਰੀਤ ਸਿੰਘ ਰਾਣਾ ਦੀ ਸੰਪਾਦਨਾ ਹੇਠ ਵੀ ਨਿਰੋਲ ਪੰਜਾਬੀ ਮਿੰਨੀ ਕਹਾਣੀ ਨੂੰ ਸਮਰਪਿਤ ਪਰਚਾ ਮਿੰਨੀ ਕਹਾਣੀ ਪਟਿਆਲਾ ਤੋਂ ਕੱਢਿਆ ਗਿਆ ਜੋ ਕਿ ਸਤਵੰਤ ਕੈਂਥ ਦੀ ਮੌਤ ਹੋਣ ਤੋਂ ਬਾਅਦ ਲੰਮਾ ਸਮਾਂ ਜਾਰੀ ਨਹੀਂ ਰਹਿ ਸਕਿਆ| ਇਸ ਪਰਚੇ ਨੇ ਵੀ ਪੰਜਾਬੀ ਮਿੰਨੀ ਕਹਾਣੀ ਦੇ ਨਕਸ਼ ਉਘੇੜਣ ਵਿੱਚ ਚੌਖਾ ਯੋਗਦਾਨ ਪਾਇਆ| ਨਿਰਸੰਦੇਹ ਇਹ ਗੱਲ ਆਖੀ ਜਾ ਸਕਦੀ ਹੈ ਕਿ ਅਦਾਰਾਂ ਮਿੰਨੀ ਇਸ ਵਿਧਾ ਨੂੰ ਇੱਕ ਲੋਕ ਲਹਿਰ ਦੇ ਰੂਪ ਵਿੱਚ ਸਾਹਮਣੇ ਲਿਆਉਦਾ ਹੈ ਅਤੇ ਉਸ ਨਾਲ ਪਾਠਕਾਂ ਦੇ ਘੇਰੇ ਨੂੰ ਜੋੜਨ ਵਿੱਚ ਸਫਲ ਰਹਿੰਦਾ ਹੈ| ਅਜੋਕੇ ਸਮੇਂ ਵਿੱਚ ਜੇਕਰ ਅਸੀਂ ਪੰਜਾਬੀ ਮਿੰਨੀ ਕਹਾਣੀ ਦੀਆਂ ਪ੍ਰਾਪਤੀਆਂ ਤੇ ਸਤੁੰਸ਼ਟ ਹੁੰਦੇ ਹਾਂ ਤਾਂ ਇਸ ਵਿੱਚ ਅਦਾਰਾ ਮਿੰਨੀ ਦਾ ਵੱਢਮੁੱਲਾ ਯੋਗਦਾਨ ਹੈ| ਮੈਨੂੰ ਆਸ ਹੈ ਕਿ ਇਹ ਅਦਾਰਾ ਇਸੇ ਤਰ੍ਹਾਂ ਭਵਿੱਖ ਵਿੱਖ ਆਪਣਾ ਯੋਗਦਾਨ ਪਾਉਂਦਾ ਰਹੇਗਾ| ਹਵਾਲੇ ਤੇ ਟਿੱਪਣੀਆਂ * ਮਿੰਨੀ ਕਹਾਣੀ ਦਾ ਵਿਕਾਸ ਪੜਾਅ (ਡਾ. ਅਨੂਪ ਸਿੰਘ) * ਮਿੰਨੀ ਕਹਾਣੀ ਸੀਮਾ ਤੇ ਸੰਭਾਵਨਾ (ਡਾ. ਅਨੂਪ ਸਿੰਘ) * ਮਿੰਨੀ ਕਹਾਣੀ ਨਿਕਾਸ ਤੇ ਵਿਕਾਸ (ਕਰਮਵੀਰ ਸਿੰਘ) * ਮਿੰਨੀ ਕਹਾਣੀ ਪਾਠ ਤੇ ਪ੍ਰਸੰਗ (ਸੰਪਾਦਕ ਨਾਇਬ ਸਿੰਘ ਮੰਡੇਰ, ਕੁਲਦੀਪ ਸਿੰਘ ਦੀਪ) * ਪੰਜਾਬੀ ਮਿੰਨੀ ਕਹਾਣੀ ਦਾ ਵਰਤਮਾਨ (ਸੰਪਾਦਕ ਦਰਸ਼ਨ ਬਰੇਟਾ, ਜਗਦੀਸ਼ ਰਾਏ ਕੁਲਰੀਆਂ, ਅਸ਼ਵਨੀ ਖੁਡਾਲ) * ਤ੍ਰੈਮਾਸਿਕ ਪੱਤਿਕਾ 'ਮਿੰਨੀ' ਸੰਪਾਦਕ ਡਾ. ਦੀਪਤੀ, ਅਗਰਵਾਲ, ਨੂਰ ਦੇ ਅੰਕ ਨੰ. 55 ਤੋਂ 94 ਤੱਕ * ਤ੍ਰੈਮਾਸਿਕ ਪੱਤ੍ਰਿਕਾ ਮਿੰਨੀ ਕਹਾਣੀ ਸੰਪਾਦਕ (ਤ੍ਰਿਪਤ ਭੱਟੀ, ਸਤਵੰਤ ਕੈਂਥ, ਹਰਪ੍ਰੀਤ ਸਿੰਘ ਰਾਣਾ) ਦੇ ਅੰਕ 1 ਤੋਂ 28 ਤੱਕ * ਪੰਜਾਬੀ ਔਰ ਹਿੰਦੀ ਲਘੂ ਕਥਾ ਕਾ ਤੁਲਾਨਤਮਕ ਅਧਿਐਨ (ਹਿੰਦੀ) ਜਗਦੀਸ਼ ਰਾਏ ਕੁਲਰੀਆਂ * ਪੰਜਾਬੀ ਮਿੰਨੀ ਕਹਾਣੀ ਵਿਸ਼ਾਗਤ ਅਧਿਐਨ (ਹਰਪ੍ਰੀਤ ਸਿੰਘ ਰਾਣਾ)

Monday, May 14, 2012

ਸਬਕ

ਸਵੇਰੇ ਸਕੂਲ ਚੋਂ ਆਏ ਟੈਲੀਫੋਨ ਨੇ ਹੀ ਉਸ ਅੰਦਰ ਖਲਬਲੀ ਮਚਾ ਦਿੱਤੀ ਸੀ| 'ਸਨੀ ਓਏ ਸਨੀ ..... ਕਿੱਥੇ ਐ ਤੂੰ ....| ਉਸ ਨੇ ਘਰ ਅੰਦਰ ਦਾਖਿਲ ਹੁੰਦਿਆਂ ਹੀ ਆਪਣੇ ਐਲ.ਕੇ ਜੀ. ਕਲਾਸ ਵਿੱਚ ਪੜਦੇ ਬੇਟੇ ਨੂੰ ਆਵਾਜ ਮਾਰੀ| 'ਕੀ ਗੱਲ ਕੀ ਹੋਇਆ ..... ਐਨੇ ਗੁੱਸੇ 'ਚ ਕਿਉਂ ਹੋ..| ਸ੍ਰੀਮਤੀ ਨੇ ਪਾਣੀ ਦਾ ਗਲਾਸ ਫੜਾਉਂਦਿਆ ਹੈਰਾਨੀ ਨਾਲ ਪੁੱਛਿਆ| 'ਹੋਣਾ ਕੀ ਐ... ਤੈਨੂੰ ਤਾ ਪਤਾ ਈ ਏ... ਕਿ ਸਾਰਾ ਦਿਨ ਖੇਡਣ ਤੱਕ ਹੀ ਧਿਆਨ ਹੈ, ਸਕੂਲ ਦਾ ਹੋਮਵਰਕ ਕਰਨ ਨੂੰ ਜੀਅ ਨਹੀਂ ਕਰਦਾ.... ਅੱਜ ਸਵੇਰੇ ਇਹਦਾ ਕੁੱਝ ਕੰਮ ਪੈਡਿੰਗ ਸੀ ਮੈਂ ਦਫਤਰੋ ਲੇਟ ਹੋ ਰਿਹਾ ਸੀ .... ਉੱਪਰੋ ਕਹਿੰਦਾ ਕਿ ਮੈਂ ਤਾਂ ਸਕੂਲ ਨੀ ਜਾਣਾ ਮੇਰਾ ਹੋਮ ਵਰਕ ਪੂਰਾ ਨਹੀਂ... ਮੈਂ ਕਾਹਲ - 2 'ਚ ਇਹਦਾ ਹੋਮ ਵਰਕ ਕਰਕੇ ਸਕੂਲ ਵੈਨ ਚੜਾ ਤਾਂ .... ਤੈਨੂੰ ਵੀ ਕਿੰਨੀ ਵਾਰ ਕਿਹਾ ਕਿ ਥੋੜੀ ਬਹੁਤੀ ਜਿੰਮੇਵਾਰੀ ਤੂੰ ਵੀ ਸਮਝਿਆ ਕਰ| .... ਉਸਨੇ ਪਤਨੀ ਨੂੰ ਗੱਲ ਦੱਸਦਿਆਂ ਆਪਣਾ ਗੁੱਸਾ ਉਸ ਤੇ ਵੀ ਕੱਢਿਆ| ਏਨੇ ਨੂੰ ਸਨੀ ਵੀ ਅੰਦਰਲੇ ਕਮਰੇ ਤੋਂ ਉਨ੍ਹਾਂ ਕੋਲ ਆ ਗਿਆ| 'ਹਾਂ ਬੇਟਾ ਕੀ ਹੋਇਆ ਅੱਜ ਸਕੂਲੇ|..... ਸ੍ਰੀਮਤੀ ਨੇ ਪਿਆਰ ਨਾਲ ਪੁੱਛਿਆ| 'ਮੰਮਾ ... ਮੰਮਾ ਅੱਜ ਜਦੋਂ ਮੈਡਮ ਮੇਰਾ ਹੋਮ ਵਰਕ ਚੈੱਕ ਕਰਨ ਲੱਗੇ ਤਾਂ ਉਹ ਕਹਿਣ ਲੱਗੇ.. ਕਿ ਐਨੀ ਸੋਹਣੀ ਹੈਂਡ ਰਾJਟਿੰਗ ...ਵੈਰੀ ਗੁੱਡ, ਤੂੰ ਆਪਣਾ ਕੰਮ ਆਪ ਕੀਤੈ......? ਮੈਂ ਕਿਹਾ 'ਨਹੀਂ ਮੈਮ ਜੀ ... ਮੈਮ ਜੀ ਅੱਜ ਸੁਬਹ ਜਦੋਂ ਮੈਂ ਲੇਟ ਹੋ ਰਿਹਾ ਸੀ ਤਾਂ ਪਾਪਾ ਨੇ ਕੀਤਾ ਸੀ, ਫੇਰ ਮੈਮ ਮੇਰੀ ਨੋਟ ਬੁੱਕ ਲੈ ਕੇ ਪ੍ਰਿੰਸੀਪਲ ਮੈਮ ਦੇ ਕਮਰੇ ਅੰਦਰ ਚਲੇ ਗਏ' -ਸਨੀ ਨੇ ਸਾਰਾ ਕਿੱਸਾ ਖੋਲਿਆ| 'ਬੇਟੇ ਤੁਹਾਨੂੰ ਇੰਝ ਨਹੀਂ ਕਹਿਣਾ ਚਾਹੀਦਾ ਸੀ ......ਪਾਪਾ ਨੇ ਜਾਣ ਬੁੱਝ ਕੇ ਥੋੜਾ ਕੀਤਾ ਸੀ'- ਸ੍ਰੀਮਤੀ ਨੇ ਬੇਟੇ ਨੂੰ ਸਮਝਾਉਂਦਿਆ ਕਿਹਾ| 'ਪਰ ... ਮੰਮਾ ਮੈਂ ਕੇਹੜਾ ਕੁੱਝ ਗਲਤ ਕਿਹਾ .....ਤੁਸੀਂ ਤੇ ਪਾਪਾ ਤਾਂ ਰੋਜ਼ ਹੀ ਕਹਿੰਦੇ ਹੋ ਕਿ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ,ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ'- ਸਨੀ ਨੇ ਬੜੀ ਮਾਸੂਮੀਅਤ ਨਾਲ ਕਿਹਾ| ਬੇਟੇ ਦੀ ਗੱਲ ਸੁਣ ਕੇ ਦੋਨੋ ਪਤੀ ਪਤਨੀ ਇੱਕ ਦੂਜੇ ਦੇ ਮੂੰਹ ਵੱਲ ਤੱਕਣ ਲੱਗ ਪਏ|

Thursday, March 15, 2012

ਬਾਲ ਮਾਨਸਿਕਤਾ ਤੇ ਅੰਧ ਵਿਸ਼ਵਾਸੀ ਸੀਰੀਅਲਾਂ ਦਾ ਪ੍ਰਭਾਵ

ਬਾਲ ਮਨ ਇੱਕ ਕੋਰੇ ਕਾਗਜ ਦੀ ਤਰਾਂ ਹੁੰਦਾ ਹੈ| ਬੱਚੇ ਆਪਣੇ ਘਰ-ਪਰਿਵਾਰ, ਸਕੂਲ, ਆਧਿਆਪਕਾਂ, ਆਲੇ-ਦੁਆਲੇ, ਦੋਸਤਾਂ-ਮਿੱਤਰਾਂ ਅਤੇ ਮੀਡੀਏ (ਟੈਲੀਵਿਜਨ) ਆਦਿ ਤੋਂ ਕਾਫੀ ਕੁੱਝ ਗ੍ਰਹਿਣ ਕਰਦੇ ਹਨ| ਬਾਲ ਉਮਰ ਵਿੱਚ ਜਿਹੋ ਜਿਹਾ ਪ੍ਰਭਾਵ, ਅਸਰ ਉਹ ਕਬੂਲਦੇ ਹਨ, ਲੰਮੇ ਸਮੇਂ ਤੱਕ ਉਸ ਵਾਰੇ ਉਹੋ ਜਿਹੀ ਹੀ ਧਾਰਨਾ ਉਨ੍ਹਾਂ ਦੇ ਅੰਦਰ ਬਣੀ ਰਹਿੰਦੀ ਹੈ| ਬੱਚੇ ਦੇ ਦਿਮਾਗ ਦਾ ਬਹੁਤ ਜਿਆਦਾ ਹਿੱਸਾ ਛੋਟੀ ਉਮਰ ਵਿੱਚ ਹੀ ਵਿਕਾਸ ਕਰਦਾ ਹੈ ਅਤੇ ਉਸ ਅੰਦਰ ਇੱਕ ਕੰਪਿਊਟਰ ਵਾਂਗ 'ਗਿਆਨ ਭੰਡਾਰ' ਕਰਨ ਦੀ ਸ਼ਕਤੀ ਹੁੰਦੀ ਹੈ| ਛੋਟੀ ਉਮਰ ਵਿੱਚ ਬਾਲਾਂ ਨੂੰ ਪਈਆਂ ਗਲਤ ਆਦਤਾਂ ਸਾਰੀ ਉਮਰ ਨਾਲ ਚਲਦੀਆਂ ਹਨ ਇਸ ਲਈ ਛੋਟੀ ਉਮਰ ਦੇ ਬਾਲਾਂ ਉੱਪਰ 'ਵੱਡਾ ਧਿਆਨ' ਕੇਂਦਰਿਤ ਕਰਨ ਦੀ ਲੋੜ ਹੈ, ਇਸ ਤੋ ਇਲਾਵਾ ਸਿਹਤ ਤੇ ਉਸ ਦੀ ਮਾਨਸਿਕਤਾ ਲਈ ਵੀ ਸ਼ੁਰੂ ਤੋਂ ਹੀ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ| ਨਿੱਕੀ - 2 ਗੱਲ ਤੇ ਬੱਚੇ ਨੂੰ ਝਿੜਕਣਾ ਜਾਂ ਉਸ ਦੀ ਇੱਛਾ ਦੇ ਵਿਰੁੱਧ ਜੋਰ ਜਬਰਦਸਤੀ ਨਾਲ ਕਿਸੇ ਕੰਮ ਪ੍ਰਤੀ ਫੋਰਸ ਕਰਨਾ ਵੀ ਉਨ੍ਹਾਂ ਦੇ ਮਾਨਸਿਕ, ਸਰੀਰਕ ਵਿਕਾਸ ਉੱਪਰ ਅਸਰ ਪਾ ਸਕਦਾ ਹੈ|
ਅਜੋਕੇ ਸਮੇਂ ਵਿੱਚ ਮੀਡੀਏ ਦਾ ਬਹੁਤ ਪ੍ਰਭਾਵ ਹੈ| ਸਮਾਜਿਕ ਪ੍ਰਾਣੀ ਜੋ ਕੁੱਝ ਅਖਵਾਰਾਂ, ਟੈਲੀਵਿਜਨਾਂ ਰਾਹੀ ਦੇਖਦੇ ਹਨ, ਉਸ ਉੱਪਰ ਹੀ ਅਮਲ ਕਰਨ ਦੀ ਕੋਸ਼ਿਸ ਵੀ ਕਰਦੇ ਹਨ| ਇੰਨ੍ਹਾਂ ਦਾ ਸਭ ਤੋਂ ਵੱਧ ਪ੍ਰਭਾਵ ਬੱਚੇ ਉੱਪਰ ਪੈਂਦਾ ਹੈ, ਕਿਉਂਕਿ ਇੱਕ ਤਾਂ ਬੱਚੇ ਟੀ ਵੀ ਜਿਆਦਾ ਦੇਖਦੇ ਹਨ, ਦੂਸਰਾ ਉਹ ਨਾ ਸਮਝ ਵੀ ਹੁੰਦੇ ਹਨ| ਬੱਚਾ ਇੱਕ ਮਿੱਟੀ ਸਮਾਨ ਹੁੰਦਾ ਹੈ, ਜਿਸ ਤਰ੍ਹਾਂ ਇੱਕ ਘੁਮਿਆਰ ਚੱਕ ਨਾਲ ਇੱਕ ਮਿੱਟੀ ਦੇ ਅੱਲਗ-ਅੱਲਗ ਤਰ੍ਹਾਂ ਦੇ ਭਾਂਡੇ ਬਣਾਉਂਦਾ ਹੈ, ਉਸੇ ਤਰ੍ਹਾਂ ਬੱਚੇ ਨੂੰ ਜਿਸ ਪਾਸੇ ਵੱਲ ਮੋੜੀਏ ਮੁੜ ਸਕਦਾ ਹੈ|
ਵੱਖ ਵੱਖ ਟੀ.ਵੀ. ਚੈਨਲਾਂ ਤੇ ਦਿਖਾਏ ਜਾਂਦੇ ਗੈਬੀ ਸ਼ਕਤੀ ਵਾਲੇ ਸੀਰੀਅਲਾਂ ਦਾ ਬੱਚਿਆਂ ਦੇ ਮਨਾਂ ਤੇ ਬੜਾ ਡੂੰਘਾ ਪ੍ਰਭਾਵ ਪੈਂਦਾ ਹੈ| ਸ਼ਕਤੀਮਾਨ, ਚੰਦਰਕਾਂਤਾ, ਜੂਨੀਅਰ ਜੀ, ਸ਼ਾਕਾ ਲਾਕਾ ਬੂਮ-ਬੂਮ, ਅਲਫਲੈਲਾ ਵਰਗੇ ਸੀਰੀਅਲਾਂ ਵਿੱਚ ਦਿਖਾਈਆਂ ਜਾਦੀਆਂ ਗੈਬੀ ਸ਼ਕਤੀਆਂ ਕਾਰਨ ਬੱਚਿਆਂ ਦੇ ਮਨਾਂ ਮੰਦਰ ਇਹ ਧਾਰਨਾ ਬਣ ਜਾਂਦੀ ਹੈ ਕਿ ਭੂਤ-ਪ੍ਰੇਤ ਨਾਂ ਦੀ ਵੀ ਕੋਈ ਸ਼ੈਅ ਹੁੰਦੀ ਹੈ ਅਤੇ ਇਹ ਸ਼ਕਤੀਆਂ ਵੀ ਕਿਸੇ ਨਾ ਕਿਸੇ ਪਾਸ ਜਰੂਰ ਹੁੰਦੀਆਂ ਹਨ| ਚੈਨਲਾਂ ਤੇ ਦਿਖਾਏ ਜਾਂਦੇ ਧਾਰਮਿਕ ਸੀਰੀਅਲ ਵੀ ਬੱਚਿਆਂ ਵਿੱਚ ਅੰਧ ਵਿਸ਼ਵਾਸ ਤੇ ਕਰਮਕਾਂਡਾ ਦੇ ਜਾਲ ਪੈਦਾ ਕਰਦੇ ਹਨ| ਭਾਵੇਂ ਇੰਨ੍ਹਾਂ ਸੀਰੀਅਲਾਂ ਦੇ ਸ਼ੁਰੂ ਵਿੱਚ ਇਹ ਕਿਹਾ ਜਾਂਦਾ ਹੈ ਕਿ ਇਹ ਸਭ ਕੁੱਝ ਕਾਲਪਨਿਕ ਹੈ, ਪਰ ਬੱਚਿਆਂ ਨੂੰ ਭਲਾ ਇਸ ਦੀ ਕੀ ਸਮਝ? ਉਹ ਤਾਂ ਜੋ ਸਕਰੀਨ ਤੇ ਦੇਖਦੇ ਹਨ ਉਸ ਨੂੰ ਹੀ ਸੱਚ ਮੰਨਦੇ ਹਨ| ਸ਼ਕਤੀਮਾਨ ਵਰਗੇ ਸੀਰੀਅਲਾਂ ਨੂੰ ਦੇਖ ਕੇ ਬੱਚਿਆਂ ਵੱਲੋਂ ਛੱਤ ਤੋਂ ਛਾਲ ਮਾਰ ਕੇ ਮਰਨ ਦੀਆਂ ਖਬਰਾਂ ਮੀਡੀਏ ਵਿੱਚ ਸੁਰਖੀਆਂ ਬਣਦੀਆਂ ਰਹੀਆਂ ਹਨ|
ਭਾਵੇਂ ਸਕੂਲਾਂ ਵਿੱਚ ਬੱਚਿਆਂ ਦੇ ਮਨ ਵਿੱਚੋਂ ਇਹ ਭੈਅ, ਧਾਰਨਾ ਕੱਢਣ ਦੇ ਯਤਨ ਕੀਤੇ ਜਾਂਦੇ ਹਨ ਕਿ ਗੈਬੀ ਸ਼ਕਤੀ ਨਾਂ ਦੀ ਕੋਈ ਚੀਜ਼ ਨਹੀ ਹੁੰਦੀ ਪ੍ਰੰਤੂ ਜਦੋਂ ਅਜਿਹੇ ਸੀਰੀਅਲਾਂ ਦੇ ਪ੍ਰਭਾਵ ਵਿੱਚ ਬੱਚੇ ਆਉਂਦੇ ਹਨ ਤਾਂ ਸਮਝਾਈ ਹੋਈ ਗੱਲ ਨਾਲੋਂ ਅੱਖੀ ਦੇਖੀ ਗੱਲ ਜਿਆਦਾ ਅਸਰ ਕਰਦੀ ਹੈ|
ਲੋੜ ਇਸ ਗੱਲ ਦੀ ਹੈ ਕਿ ਅਜਿਹੇ ਸੀਰੀਅਲਾਂ ਤੇ ਜਿੱਥੇ ਮੁੰਕਮਲ ਪਾਬੰਦੀ ਲੱਗੇ ਉੱਥੇ ਮਾਪੇ, ਆਧਿਆਪਕ ਵੀ ਬੱਚਿਆਂ ਨੂੰ ਅਜਿਹੇ ਸੀਰੀਅਲ ਨਾ ਦੇਖਣ ਲਈ ਪ੍ਰੇਰਿਤ ਕਰਨ| ਬੱਚਿਆਂ ਦੀ ਸਿਹਤ, ਮਾਨਸਿਕਤਾ ਉੱ ਪਰ ਸ਼ੁਰੂ ਵਿੱਚ ਧਿਆਨ ਦਿੱਤਾ ਜਾਵੇ| ਸੱਵਸਥ ਬਾਲ ਹੀ ਵੱਡੇ ਹੋ ਕੇ ਨਰੋਏ ਸਮਾਜ ਦੀ ਸਿਰਜਣਾ ਵਿੱਚ ਉਸਾਰੂ ਭੂਮਿਕਾ ਨਿਭਾ ਸਕਦੇ ਹਨ|

ਔਰਤ ਨੂੰ ਵੱਡੇ ਪੱਧਰ ਤੇ ਜਾਗ੍ਰਿਤ ਤੇ ਜਥੇਬੰਦ ਹੋਣਾ ਹੋਵੇਗਾ

ਜਿਸ ਤਰ੍ਹਾਂ ਸਾਡੇ ਦੇਸ਼ ਵਿੱਚ ਬੱਚਿਆਂ ਨੂੰ; ਅਧਿਆਪਕਾਂ ਨੂੰ; ਅਪਾਹਜਾਂ ਨੂੰ, ਵਿਗਿਆਨ ਆਦਿ ਨੂੰ ਸਮਰਪਿਤ ਵਿਸ਼ੇਸ਼ ਦਿਨ ਮਨਾਏ ਜਾਂਦੇ ਹਨ, ਉਸ ਤਰ੍ਹਾਂ ਮਹਿਲਾ ਵਰਗ ਦੇ ਮਾਣ ਸਨਮਾਨ ਨੂੰ ਉੱਚਾ ਚੁੱਕਣ ਲਈ 8 ਮਾਰਚ ਨੂੰ ਮਹਿਲਾ ਦਿਵਸ ਮਨਾਇਆ ਜਾਂਦਾ ਹੈ| ਇਹ ਦਿਨ ਵਿਸ਼ਵ ਭਰ ਵਿੱਚ ਮਹਿਲਾਵਾਂ ਦੇ ਕੌਮਾਂਤਰੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ| ਇਸ ਦਿਨ ਸਾਰੇ ਸੰਸਾਰ ਦੀਆਂ ਔਰਤਾਂ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੀਆਂ ਹਨ|
1910 ਈ. ਵਿੱਚ ਜਰਮਨੀ ਦੇ ਇੱਕ ਸ਼ਹਿਰ ਵਿੱਚ ਔਰਤਾਂ ਦੀ ਹੋਈ ਭਾਰੀ ਕਾਨਫਰੰਸ ਦੌਰਾਨ ਇਹ ਦਿਹਾੜਾ ਹੋਂਦ ਵਿੱਚ ਆਇਆ| ਇਸ ਦਿਹਾੜੇ ਤੇ ਸਰਕਾਰਾਂ ਵੱਲੋਂ ਔਰਤਾਂ ਦੇ ਹੱਕ ਵਿੱਚ ਐਲਾਨ ਕੀਤੇ ਜਾਂਦੇ ਹਨ, ਪਰ ਹਕੀਕਤ ਵਿੱਚ ਕੁਝ ਖਾਸ ਇਸ ਵਰਗ ਲਈ ਨਹੀਂ ਕੀਤਾ ਜਾਂਦਾ| ਲੋੜ ਹੈ ਕਿ ਇਸ ਗੱਲ ਦਾ ਲੇਖਾ ਜੋਖਾ ਕੀਤਾ ਜਾਵੇ ਕਿ ਪਿਛਲੀਆਂ ਸਰਕਾਰਾਂ ਨੇ ਇਸ ਵਰਗ ਲਈ ਕੀ ਵਿਸ਼ੇਸ਼ ਐਲਾਨ ਕੀਤੇ ਹਨ| ਕਿੰਨੇ ਐਲਾਨਾਂ ਨੂੰ ਅਮਲੀ ਜਾਮਾਂ ਪਹਿਨਾਇਆ ਗਿਆ ਅਤੇ ਕਿੰਨੇ ਬਾਕੀ ਹਨ?
ਹੁਣ ਮਹਿਲਾਂ ਰਿਜ਼ਰਵੇਸ਼ਨ ਬਿੱਲ ਨੂੰ ਹੀ ਲੈ ਲਵੋ| ਸੰਸਦ ਤੋਂ ਬਾਹਰ ਤਾਂ ਹਰ ਇੱਕ ਨੇਤਾ ਔਰਤਾਂ ਨੂੰ ਬਰਾਬਰ ਅਧਿਕਾਰ ਦੇਣ ਤੇ ਰਿਜ਼ਰਵੇਸ਼ਨ ਸੰਸਦ ਤੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦੇਣ ਦੀ ਵਕਾਲਤ ਕਰਦੇ ਹਨ, ਪਰ ਜਦੋਂ ਸੰਸਦ ਵਿੱਚ ਬਿੱਲ ਪੇਸ਼ ਹੁੰਦਾ ਹੈ ਤਾਂ ਇੱਕ ਦੁਸਰੇ ਦੀਆਂ ਲੱਤਾਂ ਖਿੱਚਣ ਲੱਗ ਜਾਂਦੇ ਹਨ, ਫਿਰ ਬਾਹਰ ਆ ਕੇ ਇੱਕ ਦੂਸਰੇ ਨੂੰ ਦੋਸ਼ੀ ਠਹਿਰਾ ਕੇ ਆਪ ਸੱਚੇ ਬਣਨ ਦੀ ਕੋਸ਼ਿਸ਼ ਕਰਦੇ ਹਨ| ਆਖਿਰ ਇਸ ਤਰ੍ਹਾਂ ਕਦ ਤਕ ਹੁੰਦਾ ਰਹੇਗਾ?
ਅਕਸਰ ਕਿਹਾ ਜਾਂਦਾ ਹੈ ਕਿ ਬੀਤੇ ਸਮੇਂ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਜਾਂ ਗੁੱਤ ਪਿੱਛੇ ਮੱਤ ਵਾਲੀ ਸਮਝਿਆ ਜਾਂਦਾ ਰਿਹਾ ਹੈ, ਪਰ ਅੱਜ ਦੇ ਸਮਾਜ ਵਿੱਚ ਔਰਤਾਂ ਨੂੰ ਪੂਰਨ ਬਰਾਬਰੀ ਵਾਲਾ ਦਰਜਾ ਪ੍ਰਾਪਤ ਹੈ| ਕੀ ਇਹ ਸਚਮੁੱੱਚ ਸੱਚ ਹੈ? ਨਹੀਂ, ਔਰਤ ਵਰਗ ਅੱਜ ਵੀ ਜ਼ੁਲਮ ਅਤੇ ਗੈਰ ਬਰਾਬਰੀ ਦਾ ਪੂਰੀ ਤਰ੍ਹਾਂ ਸ਼ਿਕਾਰ ਹੈ| ਪ੍ਰਮਾਣ ਵਜੋਂ ਇਸ ਦੇ ਕੁਝ ਉੱਗੜਵੇਂ ਨਮੂਨੇ ਦੇਖੇ ਜਾ ਸਕਦੇ ਹਨ| ਬਿਹਾਰ ਵਰਗੇ ਸੂਬੇ ਦੇ ਕਟਿਹਾਰ ਜ਼ਿਲ੍ਹੇ ਵਿੱਚ ਨਵ-ਜੰਮ੍ਹੀਆਂ ਕੁੜੀਆਂ ਨੂੰ ਉਹਨਾਂ ਦੇ ਮਾਪਿਆਂ ਵੱਲੋਂ ਕਹਿਣ ਤੇ ਦਾਈਆਂ ਵੱਲੋਂ ਵੱਖ-ਵੱਖ ਘਿਨਾਉਣੇ ਢੰਗਾਂ ਨਾਲ ਮਾਰ ਦੇਣ ਦੇ ਹੌਲਨਾਕ ਵੇਰਵੇ ਅਖਬਾਰਾ ਰਸਾਲਿਆਂ ਨੇ ਸਾਹਮਣੇ ਲਿਆਂਦੇ ਹਨ| ਇਹ ਵੀ ਦੱਸਿਆ ਗਿਆ ਹੈ ਕਿ ਤਾਮਿਲਨਾਡੂ ਵਿੱਚ ਜਿਨ੍ਹਾਂ ਔਰਤਾਂ ਦੇ ਔਲਾਦ ਪੈਦਾ ਨਹੀਂ ਹੁੰਦੀ ਉਹਨਾਂ ਨੂੰ ਕਿੱਲਾਂ ਤੇ ਨੋਚਿਆ ਜਾਂਦਾ ਹੈ| ਤਾਮਿਲਨਾਡ ਦੇ
ਵੇਦ ਏਕਵਾਂ ਸਵਾਮੀ ਸੰਪਰਦਾਇ ਦੇ ਪੁਜਾਰੀ ਤੇਜ਼ਧਾਰ ਵਾਲੀਆਂ ਕਿੱਲਾਂ ਆਪਣੀਆਂ ਚੱਪਲਾਂ ਜਾਂ ਜੁੱਤੀਆਂ ਹੇਠਾਂ ਲਗਾ ਕੇ ਉਹਨਾਂ ਔਰਤਾਂ ਦੇ ਉੱਪਰੋਂ ਦੀ ਗੁਜਰਦੇ ਹਨ| ਜਿਨ੍ਹਾਂ ਦੀ ਕੁੱਖੋਂ ਔਲਾਦ ਪੈਦਾ ਨਹੀਂ ਹੁੰਦੀ| ਆਂਧਰਾ ਪ੍ਰਦੇਸ਼ ਦੇ ਏਲਾਰੂ ਪਿੰਡ ਬਾਰੇ ਵੀ ਲਿਖਿਆ ਹੈ ਜਿੱਥੇ ਔਰਤਾਂ ਦੀ ਖੁੱਲ੍ਹੀ ਨੀਲਾਮੀ ਲੱਗਦੀ ਹੈ| ਇਸ ਤੋਂ ਇਲਾਵਾ ਰਾਜਸਥਾਨ ਦੇ ਟੌਂਕ ਜ਼ਿਲ੍ਹੇ ਦੀ ਇਕ ਬਰਾਦਰੀ ਬਾਰੇ ਵੀ ਲਿਖਿਆ ਗਿਆ ਹੈ ਕਿ ਉਸ ਬਰਾਦਰੀ ਦੀਆਂ ਲੜਕੀਆਂ ਨੂੰ ਵਿਆਹ ਤੋਂ ਬਾਅਦ ਕੁੱਕਰੀ ਯਾਨੀ ਕਿ ਕੁਆਰਾਪਨ ਦਾ ਟੈਸਟ ਦੇਣਾ ਪੈਂਦਾ ਹੈ| ਕੁੱਕਰੀ ਟੈਸਟ ਵਿੱਚ ਪੂਰਾ ਨਾ ਉਤਰਨ ਵਾਲੀ ਕੁੜੀਆਂ ਤੋਂ ਅਗਨੀ ਪ੍ਰੀਖਿਆ ਲਈ ਜਾਂਦੀ ਹੈ| ਜਿਸ ਵਿਚ ਕਈ ਕੁੜੀਆਂ ਨੂੰ ਜ਼ਿੰਦਗੀ ਤੋਂ ਹੱਥ ਵੀ ਧੋਣੇ ਪੈਂਦੇ ਹਨ|
ਔਰਤਾਂ ਉੱਪਰ ਜ਼ੁਲਮਾਂ ਦੀ ਗੱਲ ਸਿਰਫ ਬਿਹਾਰ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਰਾਜਸਥਾਨ ਵਰਗੇ ਸੂਬਿਆਂ ਤੱਕ ਹੀ ਸੀਮਿਤ ਨਹੀਂ ਬਲਕਿ ਦਾਜ-ਦਹੇਜ ਦੇ ਜਾਇਦਾਦ ਲਈ ਪੰਜਾਬ ਵਰਗੇ ਸਿਰੇ ਦੇ ਵਿਕਸਤ ਸੂਬੇ ਵਿੱਚ ਵੀ ਰੋਜ਼ਾਨਾ ਬੇਗੁਨਾਹ ਲੜਕੀਆਂ ਅਤੇ ਔਰਤਾਂ ਨੂੰ ਕਿਵੇਂ ਕੋਹਿਆ ਜਾ ਰਿਹਾ ਹੈ| ਇਹ ਤੁਸੀਂ ਰੋਜ਼ਾਨਾ ਅਖਬਾਰਾਂ ਉੱਤੇ ਸਰਸਰੀ ਨਜਰ ਮਾਰ ਕੇ ਦੇਖ ਸਕਦੇ ਹੋ| ਕਿੰਨੀਆਂ ਹੀ ਲੜਕੀਆਂ ਨੂੰ ਦਹੇਜ਼ ਰੂਪੀ ਦੈਂਤ ਨਿਗਲ ਰਿਹਾ ਹੈ ਅਤੇ ਕਿੰਨੀਆਂ ਹੀ ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਹਨ| ਸਾਡੇ ਦੇਸ਼ ਵਿੱਚ ਤੰਦੂਰ ਕਾਂਡ, ਸ਼ਿਵਾਨੀ ਕਾਂਡ,
ਕੇਤੀਆ ਕਾਂਡ, ਜੈਸਿਕਾ ਲਾਲ ਹੱਤਿਆ ਕਾਂਡ, ਕਿਰਨਜੀਤ ਕੌਰ ਕਤਲ ਅਤੇ ਬਲਾਤਕਾਰ ਕਾਂਡ ਵਰਗੇ ਘਿਨਾਉਣੇ ਅਪਰਾਧ ਕਾਂਡ ਵਾਪਰ ਚੁੱਕੇ ਹਨ| ਵਿਆਹ ਤੋਂ ਬਾਅਦ ਸੰਤਾਨ ਨਾ ਹੋਣ ਤੇ ਵੀ ਸਿਰਫ ਔਰਤ ਨ ੂ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ| ਅੱਜ ਦੇ ਪੁਰਸ਼ ਪ੍ਰਧਾਨ ਸਮਾਜ ਵਿੱਚ ਪੁਰਸ਼ ਕਿਤੇ ਨਾ ਕਿਤੇ ਔਰਤ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ| ਕਿਸੇ ਵੀ ਚੀਜ਼ ਦੀ ਮਸ਼ਹੂਰੀ ਕਰਨੀ ਹੋਵੇ ਤਾਂ ਉਸ ਤੇ ਔਰਤ ਦੀ ਫੋਟੋ ਚਿਪਕਾ ਦਿੱਤੀ ਜਾਂਦੀ ਹੈ| ਚਾਹੇ ਉਸ ਚੀਜ਼ ਨਾਲ ਔਰਤ ਦਾ ਦੂਰ ਦਾ ਵੀ ਵਾਸਤਾ ਨਾ ਹੋਵੇ| ਸੁੰਦਰਤਾ ਮੁਕਾਬਲਿਆਂ, ਫੈਸ਼ਨ ਸ਼ੋਆਂ ਦੀ ਆੜ ਵਿੱਚ ਔਰਤ ਦਾ ਸ਼ੋਸ਼ਣ ਹੋ ਰਿਹਾ ਹੈ| ਅੱਜ ਦਾ ਵਿਗਿਆਨਕ ਯੁੱਗ ਵੀ ਔਰਤਾਂ ਲਈ ਵਰਦਾਨ ਦੀ ਥਾਂ ਸਰਾਪ ਹੀ ਬਣਦਾ ਜਾ ਰਿਹਾ ਹੈ| ਪੁਰਾਣੇ ਸਮੇਂ ਦੀ ਸਤੀ ਪ੍ਰਥਾ ਦੇ ਵਾਂਗ ਇਸ ਦਾ ਆਧੁਨਿਕ ਰੂਪ ਸਾਹਮਣੇ ਆ ਰਿਹਾ ਹੈ| ਅੱਜ ਦੇ ਯੁੱਗ ਵਿੱਚ ਲੜਕੀ ਜੰਮਣ ਤੋਂ ਪਹਿਲਾਂ ਹੀ ਢਿੱਡ ਵਿੱਚ ਕਤਲ ਕਰ ਦਿੱਤੀ ਜਾਂਦੀ ਹੈ| ਭਰੂਣ ਟੈਸਟਾਂ ਰਾਹੀਂ ਕੁੜੀਆਂ ਦੇ ਹੋ ਰਹੇ ਕਤਲਾਂ ਕਾਰਨ ਹੀ ਮਰਦਾਂ ਪਿੱਛੇ ਔਰਤਾਂ ਦੀ ਗਿਣਤੀ ਘੱਟ ਰਹੀ ਹੈ| ਅੰਕੜੇ ਦੱਸਦੇ ਹਨ ਕਿ ਪੰਜਾਬ ਵਿੱਚ 1000ਮਰਦਾਂ ਦੇ ਮੁਕਾਬਲੇ 823 ਔਰਤਾਂ ਹਨ ਜਦ ਕਿ 0-6 ਸਾਲ ਦੇ ਗਰੁੱਪ ਤੱਕ 723 ਗਿਣਤੀ ਆਉਂਦੀ ਹੈ ਜੋਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ| ਹੁਣ ਪੰਜਾਬ ਅਤੇ ਭਾਰਤ ਵਿੱਚ ਭਰੂਣ ਟੈਸਟ ਕਰਵਾਉਣ ਦਾ ਰੁਝਾਣ ਵਧਦਾ ਜਾ ਰਿਹਾ ਹੈ| ਪੇਂਡੂ ਲੋਕਾਂ ਤੱਕ ਵੀ ਇਸ ਦੀ ਪਹੁੰਚ ਹੋ ਗਈ ਹੈ| ਭਾਵੇਂ ਭਰੂਣ ਹੱਤਿਆ ਵਿਰੋਧੀ ਕਾਨੂੰਨ ਬਣ ਚੁੱਕਾ ਹੈ| ਪਰ ਇਹ ਘਿਣਾਉਣਾ ਪਾਪ ਕਰਨ ਵਾਲੇ ਸ਼ਖਸ਼ ਆਪਣੀਆਂ ਕਰਤੂਤਾਂ ਤੋਂ ਬਾਜ ਨਹੀਂ ਆਉਂਦੇ| ਪਾਤੜਾਂ ਨੇੜੇ ਫੜੇ ਇੱਕ ਨੀਮ ਹਕੀਮ ਦਾ ਕਿੱਸਾ ਤਾਂ ਸਾਰੇ ਹੀ ਜਾਣਦੇ ਹੋਣਗੇ| ਕਿ ਕਿਸ ਤਰ੍ਹਾਂ ਉਸਨੇ ਇਹ ਸਮਾਜ ਵਿਰੋਧੀ ਕੰਮ ਕਰਕੇ ਕੁੜੀਆਂ ਦੇ ਭਰੂਣਾਂ ਦਾ ਖੂਹ ਭਰ ਦਿੱਤਾ ਸੀ|
ਅੱਜ ਦੇ ਬਹੁਤੇ ਗੀਤਕਾਰ ਅਤੇ ਗਾਇਕ ਵੀ ਔਰਤ ਜਾਤੀ ਦੇ ਮਾਣ ਸਨਮਾਨ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ ਉਹਨਾਂ ਕੋਲ ਔਰਤਾਂ ਲਈ ਸਿਰਫ ਬੇਵਫਾ, ਧੋਖੇਬਾਜ, ਮਸ਼ੂਕ ਤੇ ਕੁਪੱਤੀ ਵਰਗੇ ਵਿਸ਼ੇਸ਼ਣ ਹੀ ਰਾਖਵੇਂ ਹਨ| ਉਹਨਾਂ ਨੂੰ ਔਰਤਾਂ ਦੇ ਗੁਣ ਅਤੇ ਖਾਸੀਅਤਾਂ ਨਜ਼ਰੀ ਨਹੀਂ ਆਉਂਦੀਆਂ, ਜਦੋਂ ਕਿ ਅੱਜ ਵੱਖ-ਵੱਖ ਖੇਤਰਾਂ ਵਿੱਚ ਔਰਤਾਂ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨ ਵਿੱਚ ਮਰਦਾਂ ਨਾਲੋਂ ਕਿਤੇ ਅੱਗੇ ਹਨ | ਪਿੱਛੇ ਜਿਹਹੇ ਹੋਈ ਕੌਮਾਂਤਰੀ ਖੇਡਾਂ ਵਿੱਚ ਸੌ ਕਰੋੜ ਲੋਕਾਂ ਦੀ ਕਰਨਮ ਮਲੇਸ਼ਵਰੀ ਨੇ ਲਾਜ ਰੱਖੀ| ਇਸ ਤੋਂ ਇਲਾਵਾ ਟੈਨਿਸ ਵਿੱਚ ਸਾਨੀਆ ਮਿਰਜ਼ਾ, ਕਲਪਨਾ ਚਾਵਲਾ, ਅੰਜੂ ਜਾਰਜ, ਕਿਰਨ ਬੇਦੀ ਅਤੇ ਇੰਦਰਾ ਗਾਂਧੀ, ਰਾਣੀ ਲਕਸ਼ਮੀ ਬਾਈ ਜਿਹੀਆਂ ਔਰਤਾਂ ਨੇ ਵੀ ਇਸ ਧਰਤੀ ਤੇ ਪੈਦਾ ਹੋ ਕੇ ਭਾਰਤ ਵਿੱਚ ਇਸਤਰੀ ਦਾ ਜੁਝਾਰੂ ਰੂਪ ਦਰਸਾਇਆ ਅਤੇ ਭਾਰਤ ਦਾ ਨਾਂਅ ਦੁਨੀਆਂ ਦੇ ਕੋਨੇ ਕੋਨੇ ਵਿੱਚ ਰੋਸ਼ਨ ਕੀਤਾ| ਇਹਨਾਂ ਵਿੱਚੋਂ ਕਲਪਨਾ ਚਾਵਲਾ ਨੇ ਤਾਂ ਪੁਲਾੜ ਵਿੱਚ ਵੀ ਭਾਰਤ ਦਾ ਝੰਡਾ ਲਹਿਰਾਉਣ ਦਾ ਮਾਣ ਹਾਸਲ ਕੀਤਾ|
ਤਕ ਫਿਰ ਔਰਤਾਂ ਨੂੰ ਮਰਦਾਂ ਦੇ ਬਰਾਬਰ ਮਾਨਤਾ ਕਿਉਂ ਨਹੀਂ? ਕਿਉਂ ਸਰਕਾਰ ਔਰਤਾਂ ਉੱਤੇ ਢਾਹੇ ਜਾਂਦੇ ਜ਼ੁਲਮਾਂ ਅਤੇ ਹੱਤਿਆਵਾਂ ਵਿਰੁੱਧ ਆਪਣੇ ਬਣਾਏ ਕਾਨੂੰਨਾ ਨੂੰ ਸਖਤੀ ਨਾਲ ਲਾਗੂ ਨਹੀਂ ਕਰਦੀ? ਕਿਉਂ ਔਰਤਾਂ ਨੂੰ ਅਜੇ ਵੀ ਜੀਵਨ ਦੇ ਵੱਖ ਵੱਖ ਖੇਤਰਾਂ ਵਿੱਚ ਜੁਲਮ ਅਤੇ ਵਿਤਕਰੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ| ਕੇਵਲ ਮਹਿਲਾ ਦਿਵਸ ਮਨਾਉਣ ਨਾਲ ਉਪਰੋਕਤ ਗੱਲਾਂ ਦਾ ਹੱਲ ਨਹੀਂ ਲੱਭਿਆ ਜਾ ਸਕਿਆ |
ਇਹਨਾਂ ਦਾ ਹੱਲ ਲੱਭਣ ਲਈ ਔਰਤਾਂ ਨੂੰ, ਮਹਿਲਾ ਜਥੇਬੰਦੀਆਂ ਤੇ ਸਮਾਜ
ਸੇਵੀ ਸੰਸਥਾਵਾਂ ਨੂੰ ਵੱਡੇ ਪੱਧਰ ਤੇ ਜਾਗ੍ਰਿਤ ਹੋਣਾ ਪਵੇਗਾ|

ਕੋਈ ਹਰਿਆ ਬੂਟ ਰਹਿਓ ਰੀ

''ਭਾਈ ਬਿੱਲੇ ਸੇਠ ਕੀ ਦੁਕਾਨ ਇਹੀ ਐ......''ਦੁਕਾਨ ਦੇ ਚੌਂਤਰੇ ਮੂਹਰੇ ਬਣੀਆਂ ਪੌੜੀਆਂ ਨੂੰ ਚੜ੍ਹਦਾ ਹੋਇਆ ਵਿਸਾਖਾ ਸਿੰਘ ਬੋਲਿਆ ।
''........ਹਾਂ ਇਹੀ ਹੈ......ਦੱਸੋ ਕੀ ਕੰਮ ਐ.....'' ਬਿੱਲੇ ਨੇ ਮੋੜਵਾਂ ਸਵਾਲ ਕੀਤਾ ।
''ਭਾਈ ਮੈਨੂੰ ਬਚਿੱਤਰ ਸਿਹੁੰ ਪੰਚੈਤ ਮੈਂਬਰ ਨੇ ਭੇਜਿਐ.....ਬੈਂਕ 'ਚ ਕੰਮ ਐ......ਇੱਕ ਕੇਸ ਐ ਲੋਨ ਦਾ......ਮੈਨੇਜਰ ਸਹੁਰਾ ਰਾਹ ਨੀ ਦਿੰਦਾ......ਮੈਂਬਰ ਨੇ ਤੇਰੀ ਦੱਸ ਪਾਈ ਐ......ਕਹਿੰਦਾ ਸੀ ਬਿੱਲਾ ਆਪੇ ਕਰਾਦੂ......ਹੁਣ ਤਾਂ ਭਾਈ ਤੇਰੇ ਵੱਸ ਐ........ਚਾਹ ਪਾਣੀ ਵੀ ਕਰਦਾਂਗੇ.....ਜਿਮੇਂ ਤੂੰ ਕਹੇਂਗਾ......'' ਇੱਕੋ ਸਾਹੇ ਵਿਸਾਖਾ ਸਿੰਘ ਕਾਫ਼ੀ ਕੁਝ ਕਹਿ ਗਿਆ ।
''ਕੋਈ ਨਾ....ਤੂੰ ਭੋਰਾ ਫ਼ਿਕਰ ਨਾ ਕਰ.......ਚਲਦੇ ਆਂ ਆਪਾ ਬੈਂਕ 'ਚ......ਊਂ ਤਾਂ ਮੈਂ ਇੱਕ ਕੇਸ ਦਾ ਦੋ ਹ॥ਾਰ ਲੈਨਾ ਆਂ......ਪਰ ਤੂੰ ਮੈਂਬਰ ਦਾ ਨਾ ਲੈਤਾ.......ਤੈਥੋਂ ਘੱਟ ਲੈ ਲੂੰ..... ਮੈਨੂੰ ਬੈਂਕ ਆਲਿਆਂ ਨੂੰ ਵੀ ਦੇਣੇ ਪੈਂਦੇ ਨੇ.....ਵਗਾਰਾਂ ਅੱਡ ਝੱਲਣੀਆਂ ਪੈਂਦੀਆਂ ਨੇ......ਪੱਲੇ ਤਾਂ ਸੌ ਦੋ ਸੌ ਹੀ ਪੈਂਦੈ.....ਖਚਰੀ ਜਿਹੀ ਹਾਸੀ ਹੱਸਦਾ ਹੋਇਆ ਉਹ ਬੋਲਿਆ ।
ਕੋਈ ਨਾ....ਜਿਵੇਂ ਤੂੰ ਕਹੇਂ......! ਥੁੱਕ ਨੂੰ ਅੰਦਰ ਲੰਘਾਉਂਦਿਆਂ ਉਸਨੇ ਸਹਿਮਤੀ ਦੇ ਦਿੱਤੀ ਸੀ ।
''ਉਹ ਆ ਵੀ ਬਿੱਲਾ ਸੇਠ....ਕਾਫੀ ਦਿਨਾਂ ਬਾਦ ਚੱਕਰ ਲੱਗਿਐ, ਕੀ ਗੱਲ......ਬੈਂਕ ਦੇ ਕਲਰਕ ਨੇ ਉਸਨੂੰ ਅੰਦਰ ਦਾਖਲ ਹੁੰਦਿਆਂ ਹੀ ਸਵਾਲ ਦਾਗ ਦਿੱਤਾ ਸੀ ।
''ਕੀ ਦੱਸਾਂ ਬਾਊ ਜੀ....ਕੋਈ 'ਸਾਮੀ ਹੀ ਨਹੀਂ ਆਈ ਸੀ.....ਫੇਰ ਕਾਹਦਾ ਆਉਣਾ ਹੋਇਆ....ਔਹ ਜਿਹੜਾ ਦਫਤਰ ਦੇ ਬਾਹਰ ਖੜੈ....ਲਾਗਲੇ ਪਿੰਡ ਦਾ ਵਿਸਾਖਾ ਸਿੰਘ ਐ........ਉਹਦਾ ਕੋਈ ਕੇਸ-ਕੂਸ ਜਾ ਪਿਐ.....ਤੁਹਾਡੇ ਕੋਲ......ਕਰ ਦਿਓ.....ਜਿਵੇਂ ਕਹੋਗੇ....ਕਰਲਾਂਗੇ....ਬੰਦਾ ਆਪਣਾ ਈ ਆ...'' ਉਸਨੇ ਅੱਖ ਦੱਬਦਿਆਂ ਕਿਹਾ ।
''ਨਾ ਬਈ ਨਾ......ਹੁਣ ਐਂ ਨੀ ਹੋਣਾ.......ਉਸਦੇ ਕਈ ਕਾਗਜ ਘੱਟ ਨੇ......ਆਹ ਜਿਹੜਾ ਨਵਾਂ ਮੈਨੇਜਰ ਆਇਐ....ਅਸੂਲਾਂ ਦਾ ਬੜਾ ਪੱਕਾ ਏ......ਪਹਿਲਾਂ ਗੱਲ ਹੋਰ ਸੀ.....ਹੁਣ ਨੀ ਚਲਦਾ ਇਹ ਸਭ ਕੁਝ......ਐ ਨੀ ਮੰਨਦਾ ਇਹ...ਸਾਲਾ ਨਾ ਆਪ ਖਾਦੈਂ....ਨਾ ਕਿਸੇ ਨੂੰ ਖਾਣ ਦਿੰਦੈ....ਭੈਣ ਦਾ ਦੀਨਾ.......ਬਹੁਤਾ ਸਟਾਫ਼ ਤਾਂ ਦੁਖੀ ਐ ਏਹਤੋਂ......ਮੈਂ ਨੀ ਰਿਸਕ ਲੈਂਦਾ....ਏਹਦੇ ਮੂੰਹ ਲੱਗਣ ਦਾ.........।'' ਕਲਰਕ ਨੇ ਹੌਲੀ ਦੇਣੇ ਮੂੰਹ ਉਸਦੇ ਕੰਨ ਕੋਲ ਕਰਦਿਆਂ ਗੱਲ ਮੁਕਾਈ ।
ਕਲਰਕ ਦੀਆਂ ਗੱਲਾਂ ਸੁਣ ਕੇ ਬਿੱਲੇ ਸੇਠ ਨੂੰ ਆਪਣਾ ਤੋਰੀ ਫੁਲਕਾ ਬੰਦ ਹੁੰਦਾ ਨ॥ਰ ਆ ਰਿਹਾ ਸੀ ।

ਯਾਦਗਾਰ

ਇੰਗਲੈਂਡ ਵਿੱਚ ਮੀਤੇ ਦਾ ਕੰਮ ਕਸ਼ਮਕਸ਼ ਤੋਂ ਬਾਅਦ ਚੰਗਾ ਚੱਲ ਨਿਕਲਿਆ ਸੀ ਤੇ ਉਸਨੂੰ ਆਪਣੀ ਮਿੱਟੀ ਦਾ ਮੋਹ ਜਾਗਿਆ । ਅੱਜ ਕਈ ਵਰ੍ਹਿਆਂ ਮਗਰੋਂ ਇੰਗਲੈਂਡ ਤੋਂ ਮੀਤਾ ਆਪਣੇ ਵਤਨ ਕੁੱਝ ਮਹੀਨਿਆਂ ਲਈ ਪਰਤਿਆ। ਵਤਨ ਆ ਕੇ ਮੀਤੇ ਦੇ ਮਨ ਵਿੱਚ ਪੁਰਾਣੀਆਂ ਯਾਦਾਂ ਤਾ॥ਾ ਹੋ ਗਈਆਂ ਕਿ ਕਿਵੇਂ ਉਸਦੀ ਵਿਧਵਾ ਮਾਂ ਨੇ ਆਪਣਾ ਸਭ ਕੁਝ ਵੇਚ ਵੱਟ ਕੇ ਉਸਨੂੰ ਵਿਦੇਸ਼ ਭੇਜਿਆ ਸੀ ਤੇ ਪਿੱਛੋਂ ਉਸ ਦੀ ਵਿਚਾਰੀ ਮਾਂ ਤੰਗ ਤੁਰਸ਼ੀ ਦਾ ਜੀਵਨ ਬਿਤਾਉਂਦੀ ਹੋਈ ਚੱਲ ਵਸੀ ਸੀ ਤੇ ਮੀਤਾ ਆਪਣੀ ਮਾਂ ਦੇ ਸੰਸਕਾਰ ਮੌਕੇ ਵੀ ਪਿੰਡ ਨਹੀਂ ਪਹੁੰਚ ਸਕਿਆ ਸੀ।
ਪਿੰਡ ਆ ਕੇ ਉਸਨੂੰ ਆਪਣੀ ਮਾਂ ਬਹੁਤ ਯਾਦ ਆ ਰਹੀ ਸੀ । ਉਸਨੇ ਆਪਣੀ ਮਾਂ ਦੀ ਯਾਦ ਨੂੰ ਤਾਜਾ ਰੱਖਣ ਲਈ ਪਿੰਡ ਵਿੱਚ ਇੱਕ ਯਾਦਗਾਰ ਬਣਾਉਣ ਵਾਸਤੇ ਸੋਚਿਆ । ਕਿਸੇ ਨੇ ਸਕੂਲ, ਕਿਸੇ ਡਿਸਪੈਂਸਰੀ, ਕਿਸੇ ਨੇ ਮੰਦਰ-ਗੁਰਦੁਆਰਾ ਅਤੇ ਕਿਸੇ ਨੇ ਧਰਮਸ਼ਾਲਾ ਬਣਾਉਣ ਦੀ ਸਲਾਹ ਦਿੱਤੀ। ਮੀਤਾ ਕੋਈ ਫੈਸਲਾ ਨਹੀਂ ਕਰ ਸਕਿਆ । ਸੋਚਾਂ ਵਿੱਚ ਡੁੱਬਿਆ ਹੋਇਆ ਮੀਤਾ ਆਪਣੇ ਇੱਕ ਬੁੱਧੀਜੀਵੀ ਮਿੱਤਰ ਕੋਲ ਇਸ ਬਾਰੇ ਸਲਾਹ ਲੈਣ ਗਿਆ ਤਾਂ ਉਸ ਦਾ ਦੋਸਤ ਬੋਲਿਆ ਕਿ 'ਮੀਤੇ ਯਾਰ ਤੇਰੀ ਇਹ ਗੱਲ ਮੈਨੂੰ ਬੜੀ ਚੰਗੀ ਲੱਗੀ ਕਿ ਤੂੰ ਆਪਣੀ ਮਾਂ ਦੀ ਯਾਦ ਵਿੱਚ ਕੁਝ ਬਣਾਉਣ ਦਾ ਫੈਸਲਾ ਕੀਤਾ ਏ, ਅੱਜ ਦੇ ॥ਮਾਨੇ 'ਚ ਨਹੀਂ ਕੌਣ ਅਜਿਹੀਆਂ ਗੱਲਾਂ ਸੋਚਦਾ ਏ, ਮੇਰੀ ਤਾਂ ਇਸ ਵਾਸਤੇ ਇਹੀ ਰਾਇ ਐ ਕਿ ਤੇਰੇ ਜਾਣ ਪਿੱਛੋਂ ਚਾਚੀ ਇੱਥੇ ਤੰਗ ਤੁਰਸ਼ੀ ਦਾ ਜੀਵਨ ਬਿਤਾਉਂਦੀ ਹੋਈ.... ਚੱਲ ਵਸੀ...... ਤਿਲ ਤਿਲ ਪਾਈ ਪਾਈ ਕਰਦੀ ਚੱਲ ਵਸੀ । ਮੈਂ ਚਾਹੁੰਦਾ ਹਾਂ ਕਿ ਤੂੰ ਅਜਿਹਾ ਇੱਕ ਆਸ਼ਰਮ ਬਣਾਵੇਂ ਜਿਸ ਵਿੱਚ ਅਜਿਹੇ ਬਿਰਧ ਲੋਕ ਆਪਣਾ ਜੀਵਨ ਬਤੀਤ ਕਰ ਸਕਣ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ.......ਤੇ ਆਸ਼ਰਮ ਬੁਢਾਪੇ ਵਿੱਚ ਉਹਨਾਂ ਦੀ ਡੰਗੋਰੀ ਬਣ ਸਕੇ।' ਮੀਤੇ ਨੂੰ ਆਪਣੇ ਦੋਸਤ ਦੀ ਸਲਾਹ ਪਸੰਦ ਆ ਗਈ ਤੇ ਉਹ ਇੱਕ ਵਧੀਆ ਆਸ਼ਰਮ ਬਣਵਾ ਕੇ ਉਸ ਦੇ ਗੇਟ ਉੱਪਰ ਆਪਣੀ ਮਾਂ ਦਾ ਨਾਂ ਲਿਖਵਾ ਕੇ ਇਸ ਆਸ ਨਾਲ ਵਾਪਿਸ ਇੰਗਲੈਂਡ ਜਾ ਰਿਹਾ ਸੀ ਕਿ ਅੱਗੇ ਤੋਂ ਕੋਈ ਵੀ ਬਿਰਧ ਵਿਅਕਤੀ ਬੇਵਾਰਸਾ ਨਹੀਂ ਮਰੇਗਾ ।

ਜਮੀਰ ਦਾ ਹਲਫ਼ੀਆ ਬਿਆਨ

ਦੇਬੂ ਪਾਸੇ ਤੇ ਪਾਸਾ ਪਲਟ ਰਿਹਾ ਸੀ ਪਰ ਨੀਂਂਦ ਤਾਂ ਉਸ ਤੋਂ ਕੋਹਾਂ ਦੂਰ ਸੀ । ਅੱਜ ਦਿਨ ਦੇ ਦ੍ਰਿਸ਼ ਵਾਰ-ਵਾਰ ਉਸ ਦੀਆਂ ਅੱਖਾਂ ਸਾਹਮਣੇ ਆ ਰਹੇ ਸਨ .... ਉਹ ਸੋਚ ਰਿਹਾ ਸੀ ਕਿ ਉਸ ਨੂੰ ਅਜਿਹੇ ਪ੍ਰੋਗਰਾਮ ਵਿੱਚ ਜਾਣਾ ਹੀ ਨਹੀਂ ਚਾਹੀਦਾ ਸੀ ਪਰ ਹਾਲਾਤ ਹੱਥੋਂ ਮਜਬੂਰ ਸੀ । ਉਸ ਨੂੰ ਯਾਦ ਆ ਰਿਹਾ ਸੀ ਕਿ ਕਿਵੇਂ ਉਸ ਦੇ ਪਿਉ ਨੇ ਫੌਜ ਵਿੱਚੋਂ ਇਨਾਮ ਜਿੱਤ ਕੇ ਪਿੰਡ ਦਾ ਨਾਂ ਰੋਸ਼ਨ ਕੀਤਾ ਸੀ ... ਤੇ ਉਹ ਕਿੰਨੇ ਸੌਖੇ ਸਨ ...... ਪਰ ਪਿਉ ਦੀ ਮੌਤ ਤੋਂ ਬਾਦ ਟੱਬਰ ਦੀ ਕਬੀਲਦਾਰੀ ਨੇ ਉਸ ਨੂੰ ਦੱਬ ਲਿਆ ਸੀ .... ਤੇ ਹੁਣ ਸਾਰਾ ਦਿਨ ਦਿਹਾੜੀ-ਦੱਪਾ ਕਰਕੇ ਵੀ ਆਥਣ ਦੀ ਰੋਟੀ ਦਾ ਜੁਗਾੜ ਮਸਾਂ ਹੁੰਦਾ ਸੀ ... ਬਾਪੂ ਦੀ ਪੈਨਸ਼ਨ ਤੇ ਤਮਗੇ ਜਿੰਨ੍ਹਾਂ ਬਾਰੇ ਉਹ ਹੁੱਬ ਕੇ ਸਾਥੀਆਂ ਨੂੰ ਕਹਾਣੀ ਸੁਣਾਇਆ ਕਰਦਾ ਸੀ .... ਘਰ ਦੀ ਕਬੀਲਦਾਰੀ ਅੱਗੇ ਸਭ ਛੋਟੇ ਹੋ ਗਏ ਸਨ....।'' ਇਨ੍ਹਾਂ ਗੱਲਾਂ ਨੂੰ ਸੋਚਦੇ ਹੋਏ ਉਸਨੇ ਪਾਸਾ ਪਰਤਿਆ ਤੇ ਅੱਜ ਦੇ ਦਿਨ ਦਾ ਦ੍ਰਿਸ਼ ਉਸ ਦੇ ਸਾਹਮਣੇ ਸਾਕਾਰ ਹੋ ਗਿਆ ।
''ਆਹ ਬਈ ! ਜਿਹੜੇ ਗਰੀਬ-ਗੁਰਬਿਆਂ ਦੇ ਪਰਿਵਾਰ ਨੇ ਸਟੇਜ ਦੇ ਇੱਧਰਲੇ ਪਾਸੇ ਆ ਕੇ ਲਾਈਨ 'ਚ ਖੜੇ ਹੋ ਜਾਓ .... ਨਾਂ ਬੋਲਣ ਤੇ ਪੰਜ-ਪੰਜ ਸੌ ਰੁਪੈ ਫੜੀ ਜਾਇਓ ।'' ਪਿੰਡ ਦੇ ਨਵੇਂ ਬਣੇ ਕਲੱਬ ਵੱਲੋਂ ਰੱਖੇ ਸਮਾਗਮ ਦੌਰਾਨ ਸਟੇਜ ਸਕੱਤਰ ਬੋਲ ਰਿਹਾ ਸੀ । ਉਹ ਨਾਲ-ਨਾਲ ਮਾਈਕ ਤੇ ਇਹ ਵੀ ਬੋਲ ਰਿਹਾ ਸੀ ''ਇਹ ਗਰੀਬ, ਮੋਹਤਾਜ ਪਰਿਵਾਰ ਨੇ ......ਕਲੱਬ ਇਹਨਾਂ ਦੀ ਸਹਾਇਤਾ ਕਰ ਰਿਹਾ ਹੈ .... ਵਗੈਰਾ-ਵਗੈਰਾ । ਉਸ ਦੇ ਬੋਲਾਂ ਤੋਂ ਇੰਝ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਉਸਨੂੰ ਇਨ੍ਹਾਂ ਪਰਿਵਾਰਾਂ ਨਾਲ ਉੱਕਾ ਹੀ ਹਮਦਰਦੀ ਨਾ ਹੋਵੇ .... ਤੇ ਸਗੋਂ ਉਹ ਹਮਦਰਦੀ ਦੇ ਨਾਂ ਤੇ ਫੋਕੀ ਸ਼ੋਹਰਤ ਪ੍ਰਾਪਤ ਕਰਨ ਲਈ ਪਾਖੰਡ ਰਚ ਰਿਹਾ ਹੋਵੇ ।
ਜਦੋਂ ਦੇਬੂ ਦਾ ਨਾਂ ਪੁਕਾਰਿਆ ਗਿਆ ਤਾਂ ਉਸ ਨੂੰ ਸੁਣਿਆ ਹੀ ਨਹੀਂ । ਨਾਲ ਦੇ ਸਾਥੀ ਨੇ ਹਲੂਣੇ ਨਾਲ ਉਸ ਦੀ ਬਿਰਤੀ ਟੁੱਟੀ ਤੇ ਉਹ ਘੇਸਲ ਜਿਹੀ ਵੱਟਦਾ ਹੋਇਆ ਸਟੇਜ ਤੇ ਚੜ੍ਹ ਗਿਆ । ਸਟੇਜ ਤੇ ਚੜ੍ਹ ਕੇ ਪਤਾ ਨਹੀਂ ਉਸ ਨੂੰ ਕੀ ਹੋਇਆ .... ਉਸ ਨੇ ਸਟੇਜ ਸਕੱਤਰ ਤੋਂ ਮਾਇਕ ਖੋਹ ਲਿਆ ਤੇ ਉੱਚੀ-ਉੱਚੀ ਬੋਲਣ ਲੱਗਿਆ, ''ਤੁਸੀਂ ਅਜਿਹੇ ਪ੍ਰੋਗਰਾਮ ਕਰਕੇ ਸਾਡੇ ਨਾਲ ਹਮਦਰਦੀ ਜਤਾ ਰਹੇ ਹੋ .... ਜਾਂ ਸਾਡੀ ਗਰੀਬੀ ਦਾ ਮਜਾਕ ਉਡਾ ਰਹੇ ਹੋ ।'' ..... ਇੰਨੀ ਗੱਲ ਕਹਿ ਕੇ ਉਹ ਥੱਲੇ ਉੱਤਰ ਆਇਆ ।
ਸਟੇਜ ਸਕੱਤਰ ਡੌਰ-ਭੋਰ ਜਿਹਾ ਖੜਿਆ ਇਸ ਸਵਾਲ ਦੇ ਉੱਤਰ ਨੂੰ ਸੋਚ ਰਿਹਾ ਸੀ

Converted